ਮੋਹਾਲੀ – ਜ਼ਿਲ੍ਹਾ ਮੋਹਾਲੀ ਦੀ ਥਾਣਾ ਬਲੌਂਗੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਇੱਕ ਐਸੇ ਨੌਸਰਬਾਜ਼ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ, ਜੋ ਆਪਣੇ ਆਪ ਨੂੰ ਕੇਂਦਰ ਸਰਕਾਰ ਦਾ ਉੱਚ ਅਧਿਕਾਰੀ ਦੱਸ ਕੇ ਲੋਕਾਂ ਨੂੰ ਧੋਖੇ ਵਿੱਚ ਰੱਖਦਾ ਸੀ। ਆਰੋਪੀ ਦੀ ਪਛਾਣ ਚਰਨਪ੍ਰੀਤ ਸਿੰਘ ਵਾਸੀ ਚੰਡੀਗੜ੍ਹ ਹਾਲ ਵਾਸੀ ਪਿੰਡ ਝੁਝਾਰ ਨਗਰ ਵੱਜੋਂ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਆਰੋਪੀ ਵੱਲੋਂ ਫਰਜ਼ੀ ਦਸਤਾਵੇਜ਼ ਤਿਆਰ ਕਰਕੇ ਇੱਕ ਸਰਕਾਰੀ ਇਮਾਰਤ ਵਿੱਚ ਦਫ਼ਤਰ ਅਲਾਟ ਕਰਨ ਦੀ ਮੰਗ ਕੀਤੀ ਗਈ ਸੀ। ਇਸ ਤੋਂ ਇਲਾਵਾ, ਉਸਨੇ ਵਧੀਕ ਡਿਪਟੀ ਕਮਿਸ਼ਨਰ ਤੋਂ ਗੰਨਮੈਨ ਮੁਹੱਈਆ ਕਰਵਾਉਣ ਲਈ ਵੀ ਅਰਜ਼ੀ ਦਿੱਤੀ ਸੀ। ਇਹ ਸਾਰਾ ਖੇਡ ਉਸਨੇ ਆਪਣੇ ਆਪ ਨੂੰ “ਭਾਰਤ ਸਰਕਾਰ ਦੇ ਸੂਚਨਾ ਮੰਤਰਾਲੇ ਦਾ ਸੀਨੀਅਰ ਅਧਿਕਾਰੀ” ਦੱਸ ਕੇ ਰਚਿਆ ਸੀ।
ਇੰਸਪੈਕਟਰ ਕੁਲਵੰਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਚਰਨਪ੍ਰੀਤ ਸਿੰਘ ਵੱਲੋਂ ਨਾ ਸਿਰਫ਼ ਝੂਠੇ ਦਸਤਾਵੇਜ਼ ਤਿਆਰ ਕੀਤੇ ਗਏ ਸਨ, ਬਲਕਿ ਉਹ ਕਈ ਸਰਕਾਰੀ ਸਮਾਗਮਾਂ ਵਿੱਚ ਵੀਆਈਪੀ ਵਜੋਂ ਸ਼ਿਰਕਤ ਵੀ ਕਰਦਾ ਰਿਹਾ। ਆਰੋਪੀ ਨੇ ਆਪਣਾ ਪ੍ਰਭਾਵ ਜਮਾਉਣ ਲਈ ਲੋਕਾਂ ਅੱਗੇ ਸਰਕਾਰੀ ਅਧਿਕਾਰੀ ਬਣ ਕੇ ਧਾਕ ਜਮਾਉਣ ਦੀ ਕੋਸ਼ਿਸ਼ ਕੀਤੀ।
ਪੁਲਿਸ ਨੂੰ ਜਦੋਂ ਇਸ ਸਾਰੀ ਠੱਗੀ ਦੀ ਸੂਚਨਾ ਮਿਲੀ ਤਾਂ ਤੁਰੰਤ ਕਾਰਵਾਈ ਕਰਦੇ ਹੋਏ ਉਸਨੂੰ ਝੁਝਾਰ ਨਗਰ ਖੇਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਫਿਲਹਾਲ, ਚਰਨਪ੍ਰੀਤ ਸਿੰਘ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਰੱਖਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ, ਜਿਨ੍ਹਾਂ ਨਾਲ ਪਤਾ ਲੱਗ ਸਕਦਾ ਹੈ ਕਿ ਕੀ ਉਸਦਾ ਕੋਈ ਵੱਡਾ ਗਿਰੋਹ ਵੀ ਇਸ ਧੋਖਾਧੜੀ ਵਿੱਚ ਸ਼ਾਮਲ ਹੈ ਜਾਂ ਨਹੀਂ।
Leave a Reply