ਚੰਡੀਗੜ੍ਹ : ਪੰਜਾਬ ਦੇ ਕਾਰੋਬਾਰੀ ਵਰਗ ਅਤੇ ਸਨਅਤਕਾਰਾਂ ਲਈ ਅੱਜ ਦਾ ਦਿਨ ਇਕ ਇਤਿਹਾਸਕ ਮੋੜ ਵਜੋਂ ਦਰਜ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਉਦਯੋਗਾਂ ਨਾਲ ਸੰਬੰਧਿਤ ਇਕ ਮਹੱਤਵਪੂਰਨ ਐਲਾਨ ਕਰਦਿਆਂ ਨਵੀਂ ਨੀਤੀ ਦੀ ਸ਼ੁਰੂਆਤ ਕੀਤੀ ਹੈ, ਜੋ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਜੁੜੀ ਕਾਰਵਾਈਆਂ ਨੂੰ ਸੌਖਾ ਬਣਾਉਣ ਲਈ ਤਿਆਰ ਕੀਤੀ ਗਈ ਹੈ।
ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਸਨਅਤਕਾਰ ਪ੍ਰਦੂਸ਼ਣ ਬੋਰਡ ਦੀਆਂ ਮਨਜ਼ੂਰੀਆਂ ਲੈਣ ਲਈ ਚੱਕਰ ਕੱਟਦੇ ਰਹਿੰਦੇ ਸਨ। ਉਨ੍ਹਾਂ ਦਾ ਵੱਡਾ ਪੂੰਜੀ ਨਿਵੇਸ਼ ਕਾਰੋਬਾਰ ਵਿੱਚ ਅਟਕਿਆ ਰਹਿੰਦਾ ਸੀ, ਪਰ ਮਨਜ਼ੂਰੀ ਪ੍ਰਕਿਰਿਆ ਦੇਰੀ ਨਾਲ ਹੋਣ ਕਾਰਨ ਇੰਡਸਟਰੀ ਸ਼ੁਰੂ ਕਰਨ ਵਿੱਚ ਮੁਸ਼ਕਲ ਆਉਂਦੀ ਸੀ। ਇਸ ਨਵੀਂ ਨੀਤੀ ਨਾਲ ਇਹ ਲੰਬੇ ਸਮੇਂ ਤੋਂ ਚੱਲ ਰਹੀ ਰੁਕਾਵਟ ਹੁਣ ਦੂਰ ਹੋ ਜਾਵੇਗੀ।
ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਸੀਨੀਅਰ ਅਧਿਕਾਰੀਆਂ ਨੂੰ ਸਿੱਧਾ ਪ੍ਰਦੂਸ਼ਣ ਬੋਰਡ ਨਾਲ ਜੋੜਿਆ ਜਾ ਰਿਹਾ ਹੈ ਤਾਂ ਜੋ ਉਦਯੋਗਪਤੀਆਂ ਨੂੰ ਕਿਸੇ ਵੀ ਦਫ਼ਤਰ ਦੇ ਬੇਵਜ੍ਹਾ ਚੱਕਰ ਨਾ ਕੱਟਣ ਪੈਣ। ਇਸ ਕਦਮ ਨਾਲ ਨਵੀਂ ਇੰਡਸਟਰੀ ਲਾਉਣ ਦੀ ਪ੍ਰਕਿਰਿਆ ਬਹੁਤ ਹੱਦ ਤੱਕ ਆਸਾਨ ਹੋ ਜਾਵੇਗੀ।
ਭਗਵੰਤ ਮਾਨ ਨੇ ਸਪਸ਼ਟ ਕੀਤਾ ਕਿ ਉਹਨਾਂ ਦੀ ਸਰਕਾਰ ਹਮੇਸ਼ਾਂ ਕਾਰੋਬਾਰੀਆਂ ਅਤੇ ਸਨਅਤਕਾਰਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ, “ਸਰਕਾਰਾਂ ਲੋਕਾਂ ਨੂੰ ਤੰਗ ਕਰਨ ਲਈ ਨਹੀਂ, ਸਗੋਂ ਉਨ੍ਹਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਹੁੰਦੀਆਂ ਹਨ। ਅੱਜ ਦਾ ਦਿਨ ਪੰਜਾਬ ਦੀ ਇੰਡਸਟਰੀ ਲਈ ਇਤਿਹਾਸਕ ਹੈ ਕਿਉਂਕਿ ਹੁਣ ਕਾਰੋਬਾਰੀਆਂ ਲਈ ਕੰਮ ਕਰਨਾ ਸੌਖਾ ਹੋਵੇਗਾ, ਜਦੋਂ ਕਿ ਪਿਛਲੀਆਂ ਸਰਕਾਰਾਂ ਉਨ੍ਹਾਂ ਦੇ ਕੰਮਾਂ ਵਿੱਚ ਰੁਕਾਵਟਾਂ ਪੈਦਾ ਕਰਦੀਆਂ ਰਹੀਆਂ ਹਨ।”
ਮੁੱਖ ਮੰਤਰੀ ਨੇ ਇਹ ਵੀ ਜ਼ਿਕਰ ਕੀਤਾ ਕਿ ਪਿਛਲੇ ਸਮੇਂ ਵਿੱਚ ਮੁਸ਼ਕਲਾਂ ਕਾਰਨ ਕਈ ਉਦਯੋਗਪਤੀ ਪੰਜਾਬ ਤੋਂ ਬਾਹਰ ਜਾ ਕੇ ਆਪਣਾ ਕਾਰੋਬਾਰ ਸਥਾਪਿਤ ਕਰਦੇ ਸਨ। ਪਰ ਹੁਣ ਇਹ ਹਾਲਾਤ ਨਹੀਂ ਰਹਿਣਗੇ। ਉਹਨਾਂ ਕਿਹਾ ਕਿ ਪੰਜਾਬ ਸਿਰਫ਼ ਖੇਤੀ-ਪ੍ਰਧਾਨ ਰਾਜ ਨਹੀਂ, ਬਲਕਿ ਇੰਡਸਟਰੀ ਨੂੰ ਵੀ ਇੱਥੇ ਫਲਣ-ਫੁਲਣ ਦਾ ਪੂਰਾ ਮੌਕਾ ਮਿਲੇਗਾ।
ਮਾਨ ਨੇ ਕਿਹਾ ਕਿ ਇੰਡਸਟਰੀ ਅਤੇ ਖੇਤੀ ਦੋਵੇਂ ਦੇ ਇਕੱਠੇ ਚੱਲਣ ਨਾਲ ਪੰਜਾਬ ਦੀ ਆਰਥਿਕਤਾ ਮਜ਼ਬੂਤ ਹੋਵੇਗੀ ਅਤੇ ਰੋਜ਼ਗਾਰ ਦੇ ਵੱਡੇ ਮੌਕੇ ਬਣਣਗੇ। ਉਨ੍ਹਾਂ ਆਪਣੀ ਭਾਵੁਕਤਾ ਜ਼ਾਹਿਰ ਕਰਦਿਆਂ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਹਰ ਘਰ ਦੇ ਚੁੱਲ੍ਹੇ ਵਿੱਚ ਅੱਗ ਜਲੇ। ਸਾਡੀ ਧਰਤੀ ਇੰਨੀ ਬਰਕਤ ਵਾਲੀ ਹੈ ਕਿ ਇੱਥੇ ਆ ਕੇ ਕੋਈ ਭੁੱਖਾ ਨਹੀਂ ਰਹਿੰਦਾ।”
ਸਰਕਾਰ ਵੱਲੋਂ ਆਈ ਇਹ ਨਵੀਂ ਨੀਤੀ ਉਦਯੋਗ ਜਗਤ ਲਈ ਇਕ ਵੱਡੀ ਰਾਹਤ ਵਜੋਂ ਦੇਖੀ ਜਾ ਰਹੀ ਹੈ। ਕਾਰੋਬਾਰੀ ਵਰਗ ਨੂੰ ਭਰੋਸਾ ਹੈ ਕਿ ਇਸ ਕਦਮ ਨਾਲ ਪੰਜਾਬ ਨਾ ਸਿਰਫ਼ ਉਦਯੋਗਾਂ ਲਈ ਆਕਰਸ਼ਕ ਮੰਜ਼ਿਲ ਬਣੇਗਾ, ਸਗੋਂ ਰੋਜ਼ਗਾਰ ਦੇ ਮੌਕਿਆਂ ਨਾਲ ਨਾਲ ਆਰਥਿਕ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਵੀ ਛੂਹੇਗਾ।
Leave a Reply