ਪਿੰਡ ਰਾਣਾ ਕਾਲਾ ਵਿੱਚ ਗੋਲੀਆਂ ਚਲਣ ਨਾਲ ਦਹਿਸ਼ਤ ਦਾ ਮਾਹੌਲ, ਪੁਲਿਸ ਵੱਲੋਂ ਐਫ.ਆਈ.ਆਰ. ਦਰਜ ਕਰਨ ਦੀ ਕਾਰਵਾਈ ਸ਼ੁਰੂ
ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਰਾਣਾ ਕਾਲਾ ਵਿੱਚ ਕੱਲ੍ਹ ਰਾਤ ਦਹਿਸ਼ਤ ਫੈਲਾਉਣ ਵਾਲੀ ਵੱਡੀ ਘਟਨਾ ਸਾਹਮਣੇ ਆਈ ਹੈ। ਇੱਥੇ ਨਸ਼ਾ ਤਸਕਰਾਂ ਨੇ ਆਮ ਆਦਮੀ ਪਾਰਟੀ ਦੇ ਪੰਚਾਇਤ ਮੈਂਬਰ ’ਤੇ ਕਾਤਲਾਨਾ ਹਮਲਾ ਕਰ ਦਿੱਤਾ। ਹਮਲੇ ਦੌਰਾਨ ਹਥਿਆਰਬੰਦ ਗਰੁੱਪ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਅਤੇ ਫਿਰ ਹਵਾ ਵਿੱਚ ਕਈ ਰਾਊਂਡ ਗੋਲੀਆਂ ਵੀ ਚਲਾਈਆਂ। ਗੋਲੀਆਂ ਦੀ ਗੂੰਜ ਨਾਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇੱਕ ਗੋਲੀ ਪਿੰਡ ਦੇ ਹੀ ਇਕ ਨੌਜਵਾਨ ਦੇ ਮੋਢੇ ਨੂੰ ਛੂਹ ਕੇ ਲੰਘ ਗਈ, ਜਿਸ ਨਾਲ ਵੱਡੀ ਦੁਰਘਟਨਾ ਟਲ ਗਈ।
ਆਮ ਆਦਮੀ ਪਾਰਟੀ ਦੇ ਪੰਚਾਇਤ ਮੈਂਬਰ ਨੇ ਹਮਲੇ ਤੋਂ ਬਾਅਦ ਦੱਸਿਆ ਕਿ ਉਸਨੇ ਇਲਾਕੇ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਰੋਕਿਆ ਸੀ। ਉਸਨੇ ਕਿਹਾ ਕਿ ਇਹੀ ਕਾਰਨ ਬਣਿਆ ਜਿਸ ਕਰਕੇ ਤਸਕਰਾਂ ਨੇ ਗੁੰਡਾ ਤੱਤਾਂ ਨਾਲ ਮਿਲ ਕੇ ਉਸ ’ਤੇ ਜਾਨਲੇਵਾ ਹਮਲਾ ਕਰਵਾ ਦਿੱਤਾ। ਉਸਦੇ ਬਿਆਨ ਅਨੁਸਾਰ, ਹਮਲੇ ਦੌਰਾਨ ਦਾਤਰਾਂ ਅਤੇ ਕਿਰਪਾਨਾਂ ਦੀ ਵਰਤੋਂ ਕੀਤੀ ਗਈ ਅਤੇ ਇਲਾਕੇ ਵਿੱਚ ਖ਼ੌਫ਼ ਪੈਦਾ ਕਰਨ ਲਈ ਗੋਲੀਆਂ ਚਲਾਈਆਂ ਗਈਆਂ।
ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਜੰਡਿਆਲਾ ਗੁਰੂ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਪਿੰਡ ਵਿੱਚ ਵੱਡੇ ਪੱਧਰ ’ਤੇ ਨਾਕਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਕਿਹਾ ਕਿ ਪੀੜਤ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ’ਤੇ ਐਫ.ਆਈ.ਆਰ. ਦਰਜ ਕੀਤੀ ਜਾ ਰਹੀ ਹੈ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਕਿ ਹਮਲਾਵਰਾਂ ਨੂੰ ਜਲਦੀ ਕਾਬੂ ਕਰਕੇ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ।
ਇਸ ਘਟਨਾ ਤੋਂ ਬਾਅਦ ਪਿੰਡ ਰਾਣਾ ਕਾਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਹੈ। ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਨਸ਼ਾ ਤਸਕਰਾਂ ਵਿਰੁੱਧ ਕੜੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਨਸ਼ੇ ਦੇ ਇਸ ਗੈਰ-ਕਾਨੂੰਨੀ ਧੰਧੇ ਨੂੰ ਰੋਕਿਆ ਨਾ ਗਿਆ ਤਾਂ ਨੌਜਵਾਨ ਪੀੜ੍ਹੀ ਬਰਬਾਦ ਹੋਣ ਨਾਲ ਨਾਲ ਸਮਾਜਕ ਅਮਨ-ਚੈਨ ਵੀ ਖ਼ਤਰੇ ਵਿੱਚ ਪੈ ਸਕਦਾ ਹੈ।
Leave a Reply