ਸਪੋਰਟਸ ਡੈਸਕ – ਦੱਖਣੀ ਅਫ਼ਰੀਕਾ ਦੀ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਨੂੰ ਉਸਦੇ ਹੀ ਘਰ ਵਿੱਚ ਹਰਾ ਕੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ‘ਤੇ 2-0 ਨਾਲ ਕਬਜ਼ਾ ਕਰ ਲਿਆ ਹੈ। ਦੂਜੇ ਵਨ ਡੇ ਵਿੱਚ ਪ੍ਰੋਟੀਅਸ ਨੇ ਕੰਗਾਰੂਆਂ ਨੂੰ ਵੱਡੇ ਅੰਤਰ ਨਾਲ ਹਰਾਇਆ। ਇਸ ਜਿੱਤ ਦੇ ਸਭ ਤੋਂ ਵੱਡੇ ਹੀਰੋ ਰਹੇ ਤੇਜ਼ ਗੇਂਦਬਾਜ਼ ਲੁੰਗੀ ਐਨਗਿਡੀ, ਜਿਨ੍ਹਾਂ ਨੇ ਕੇਵਲ 8.4 ਓਵਰਾਂ ਵਿੱਚ 42 ਦੌੜਾਂ ਦੇ ਕੇ 5 ਵਿਕਟਾਂ ਆਪਣੇ ਨਾਮ ਕੀਤੀਆਂ ਅਤੇ ਕੰਗਾਰੂ ਬੱਲੇਬਾਜ਼ਾਂ ਦੀ ਕਮਰ ਤੋੜ ਦਿੱਤੀ। ਇਸ ਪ੍ਰਦਰਸ਼ਨ ਨਾਲ ਨਾ ਸਿਰਫ਼ ਉਹ ਮੈਚ ਦੇ ਹੀਰੋ ਬਣੇ, ਸਗੋਂ ਦੱਖਣੀ ਅਫ਼ਰੀਕਾ ਲਈ ਲਗਾਤਾਰ ਪੰਜਵੀਂ ਵਨ ਡੇ ਸੀਰੀਜ਼ ਜਿੱਤ ਦਾ ਵੀ ਕਾਰਨ ਬਣੇ।
ਪਰ ਐਨਗਿਡੀ ਦੀ ਕਾਮਯਾਬੀ ਦੀ ਇਹ ਕਹਾਣੀ ਸਿਰਫ਼ ਮੈਦਾਨ ਤੱਕ ਸੀਮਤ ਨਹੀਂ। ਉਹਨਾਂ ਦੀ ਜ਼ਿੰਦਗੀ ਦੇ ਸ਼ੁਰੂਆਤੀ ਦਿਨ ਕਾਫ਼ੀ ਮੁਸ਼ਕਲਾਂ ਨਾਲ ਭਰੇ ਹੋਏ ਸਨ। 29 ਮਾਰਚ 1996 ਨੂੰ ਡਰਬਨ ਦੇ ਨਟਾਲ ਵਿੱਚ ਜਨਮੇ ਐਨਗਿਡੀ ਬਚਪਨ ਵਿੱਚ ਗਰੀਬੀ ਨਾਲ ਲੜਦੇ ਰਹੇ। ਉਨ੍ਹਾਂ ਦੀ ਮਾਂ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜਦੀ ਸੀ ਤਾਂ ਕਿ ਘਰ ਚੱਲ ਸਕੇ, ਜਦਕਿ ਪਿਤਾ ਮਜ਼ਦੂਰੀ ਕਰਦੇ ਸਨ। ਪਰਿਵਾਰ ਦੀ ਹਾਲਤ ਇੰਨੀ ਕਮਜ਼ੋਰ ਸੀ ਕਿ ਕ੍ਰਿਕਟ ਖੇਡਣ ਲਈ ਲੋੜੀਂਦੀ ਕਿੱਟ ਵੀ ਉਹ ਖੁਦ ਨਹੀਂ ਖਰੀਦ ਸਕਦੇ ਸਨ।
ਐਨਗਿਡੀ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਬਚਪਨ ਤੋਂ ਜਾਣਦੇ ਸਨ ਕਿ ਮਾਪੇ ਉਨ੍ਹਾਂ ਦੀਆਂ ਖ਼ਾਹਸ਼ਾਂ ਪੂਰੀ ਨਹੀਂ ਕਰ ਸਕਦੇ। ਇਸ ਕਰਕੇ ਉਹ ਕਦੇ ਵੀ ਜ਼ਿਆਦਾ ਮੰਗਾਂ ਨਹੀਂ ਕਰਦੇ ਸਨ। ਸਕੂਲ ਵਿੱਚ ਪੜ੍ਹਦੇ ਸਮੇਂ ਹੋਰ ਬੱਚਿਆਂ ਦੇ ਮਾਪਿਆਂ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਕ੍ਰਿਕਟ ਕਿੱਟ ਦਿੱਤੀ। ਉਹ ਕਹਿੰਦੇ ਹਨ ਕਿ ਉਹ ਹਮੇਸ਼ਾਂ ਇਸ ਸਹਾਇਤਾ ਲਈ ਸ਼ੁਕਰਗੁਜ਼ਾਰ ਰਹਿਣਗੇ।
ਐਨਗਿਡੀ ਦੇ ਬਚਪਨ ਦੇ ਦੋਸਤ ਅਤੇ ਦੱਖਣੀ ਅਫ਼ਰੀਕਾ ਦੇ ਹੋਰ ਤੇਜ਼ ਗੇਂਦਬਾਜ਼ ਕਗੀਸੋ ਰਬਾਡਾ ਵੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹੇ। ਦੋਵੇਂ ਸਕੂਲ ਦੇ ਦਿਨਾਂ ਵਿੱਚ ਇਕੱਠੇ ਕ੍ਰਿਕਟ ਖੇਡਦੇ ਸਨ। ਹਾਲਾਂਕਿ ਰਬਾਡਾ ਦੇ ਪਰਿਵਾਰ ਦੀ ਆਰਥਿਕ ਹਾਲਤ ਵਧੀਆ ਸੀ, ਪਰ ਇਸ ਨਾਲ ਦੋਵਾਂ ਦੀ ਦੋਸਤੀ ‘ਤੇ ਕਦੇ ਕੋਈ ਅਸਰ ਨਹੀਂ ਪਿਆ। ਬਲਕਿ, ਰਬਾਡਾ ਦਾ ਪਰਿਵਾਰ ਕਈ ਵਾਰ ਐਨਗਿਡੀ ਦੀ ਮਦਦ ਲਈ ਅੱਗੇ ਆਉਂਦਾ ਸੀ।
ਲੁੰਗੀ ਐਨਗਿਡੀ ਨੇ ਜਨਵਰੀ 2017 ਵਿੱਚ ਸ਼੍ਰੀਲੰਕਾ ਖ਼ਿਲਾਫ਼ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਡੇਬਿਊ ਕੀਤਾ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਕਾਬਲੀਆਂ ਨਾਲ ਤੇਜ਼ੀ ਨਾਲ ਨਾਮ ਬਣਾਇਆ। ਹੁਣ ਤੱਕ ਉਹ 20 ਟੈਸਟਾਂ ਵਿੱਚ 58 ਵਿਕਟਾਂ, 69 ਵਨ ਡੇਜ਼ ਵਿੱਚ 110 ਵਿਕਟਾਂ ਅਤੇ 50 ਟੀ20 ਇੰਟਰਨੈਸ਼ਨਲ ਮੈਚਾਂ ਵਿੱਚ 70 ਵਿਕਟਾਂ ਹਾਸਲ ਕਰ ਚੁੱਕੇ ਹਨ। ਇਸ ਤੋਂ ਇਲਾਵਾ, ਆਈਪੀਐਲ 2025 ਵਿੱਚ ਉਹ ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਟੀਮ ਦਾ ਹਿੱਸਾ ਬਣੇ, ਜਿੱਥੇ ਉਨ੍ਹਾਂ ਨੇ 2 ਮੈਚਾਂ ਵਿੱਚ 4 ਵਿਕਟਾਂ ਹਾਸਲ ਕਰਕੇ ਆਪਣੇ ਟੈਲੈਂਟ ਦਾ ਜਲਵਾ ਵਿਖਾਇਆ।
ਐਨਗਿਡੀ ਦੀ ਕਹਾਣੀ ਸਿਰਫ਼ ਇੱਕ ਖਿਡਾਰੀ ਦੀ ਸਫ਼ਲਤਾ ਦੀ ਨਹੀਂ, ਸਗੋਂ ਇਹ ਇਸ ਗੱਲ ਦਾ ਸਬੂਤ ਹੈ ਕਿ ਗਰੀਬੀ ਅਤੇ ਕਠਿਨਾਈਆਂ ਵੀ ਕਿਸੇ ਦੇ ਸੁਪਨਿਆਂ ਦੀ ਉਡਾਨ ਨੂੰ ਰੋਕ ਨਹੀਂ ਸਕਦੀਆਂ। ਮਾਂ ਦੇ ਹੌਸਲੇ, ਪਰਿਵਾਰ ਦੀਆਂ ਕੁਰਬਾਨੀਆਂ ਅਤੇ ਦੋਸਤਾਂ ਦੇ ਸਾਥ ਨਾਲ ਅੱਜ ਐਨਗਿਡੀ ਉਸ ਮੌਕੇ ‘ਤੇ ਖੜ੍ਹੇ ਹਨ ਜਿੱਥੇ ਉਨ੍ਹਾਂ ਦਾ ਨਾਮ ਦੁਨੀਆ ਦੇ ਮਹਾਨ ਤੇਜ਼ ਗੇਂਦਬਾਜ਼ਾਂ ਵਿੱਚ ਸ਼ੁਮਾਰ ਹੁੰਦਾ ਹੈ।
Leave a Reply