ਚੰਬਾ/ਲੁਧਿਆਣਾ : ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਚੱਲ ਰਹੀ ਮਸ਼ਹੂਰ ਮਣੀਮਹੇਸ਼ ਯਾਤਰਾ ਦੌਰਾਨ ਐਤਵਾਰ ਨੂੰ ਦੋ ਵੱਖ-ਵੱਖ ਦਰਦਨਾਕ ਹਾਦਸੇ ਵਾਪਰਨ ਨਾਲ ਪੰਜਾਬ ਦੇ ਤਿੰਨ ਨੌਜਵਾਨਾਂ ਦੀ ਜਾਨ ਚਲੀ ਗਈ। ਤਿੰਨਾਂ ਮ੍ਰਿਤਕ ਪਠਾਨਕੋਟ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਇਨ੍ਹਾਂ ਹਾਦਸਿਆਂ ਤੋਂ ਬਾਅਦ ਨਾ ਸਿਰਫ਼ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ, ਬਲਕਿ ਪੂਰੀ ਯਾਤਰਾ ਵਿੱਚ ਵੀ ਸਦਮਾ ਪਸਰ ਗਿਆ ਹੈ।
ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਤਿੰਨੋਂ ਦੀ ਮੌਤ ਉੱਚਾਈ ’ਤੇ ਆਕਸੀਜਨ ਦੀ ਘਾਟ ਕਾਰਨ ਹੋਈ। ਇਨ੍ਹਾਂ ਵਿੱਚੋਂ ਦੋ ਨੌਜਵਾਨਾਂ ਨੇ ਕੱਲ੍ਹ ਰਾਤ ਜਾਨ ਗੁਆਈ, ਜਦੋਂਕਿ ਤੀਸਰੇ ਨੌਜਵਾਨ ਦੀ ਸਵੇਰੇ ਸਾਹ ਲੈਣ ਵਿੱਚ ਤਕਲੀਫ਼ ਕਾਰਨ ਮੌਤ ਹੋ ਗਈ।
ਪਹਿਲੀ ਘਟਨਾ : 18 ਸਾਲਾ ਅਮਨ ਕੁਮਾਰ ਦੀ ਲਾਸ਼ ਕਮਲ ਕੁੰਡ ਨੇੜੇ ਮਿਲੀ
ਪਹਿਲਾ ਹਾਦਸਾ ਕਮਲ ਕੁੰਡ ਮਾਰਗ ’ਤੇ ਵਾਪਰਿਆ। ਇੱਥੇ ਪਠਾਨਕੋਟ ਦਾ ਰਹਿਣ ਵਾਲਾ 18 ਸਾਲਾ ਅਮਨ ਕੁਮਾਰ ਆਪਣੇ ਦੋਸਤਾਂ ਨਾਲ ਯਾਤਰਾ ’ਤੇ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਯਾਤਰਾ ਦੌਰਾਨ ਅਮਨ ਆਪਣੇ ਦੋਸਤਾਂ ਤੋਂ ਪਿੱਛੇ ਰਹਿ ਗਿਆ। ਜਦੋਂ ਉਹ ਕਾਫ਼ੀ ਸਮੇਂ ਤੱਕ ਵਾਪਸ ਨਾ ਆਇਆ ਤਾਂ ਉਸਦੇ ਸਾਥੀਆਂ ਨੇ ਉਸਦੀ ਭਾਲ ਸ਼ੁਰੂ ਕੀਤੀ, ਪਰ ਕਾਮਯਾਬੀ ਨਾ ਮਿਲੀ।
ਬਾਅਦ ਵਿੱਚ ਉਹਨਾਂ ਨੇ ਡੱਲ ਝੀਲ ’ਤੇ ਤੈਨਾਤ ਪ੍ਰਸ਼ਾਸਨਿਕ ਟੀਮ ਨੂੰ ਸੂਚਿਤ ਕੀਤਾ। ਰਾਹਤ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਕਮਲ ਕੁੰਡ ਨੇੜੇ ਅਮਨ ਦੀ ਲਾਸ਼ ਬਰਾਮਦ ਕੀਤੀ। ਲਾਸ਼ ਨੂੰ ਪੋਸਟਮਾਰਟਮ ਲਈ ਭਰਮੌਰ ਲਿਆਇਆ ਗਿਆ।
ਦੂਜੀ ਘਟਨਾ : ਕੁਗਤੀ ਪਾਸ ’ਤੇ ਮਿਲੀ 19 ਸਾਲਾ ਨੌਜਵਾਨ ਦੀ ਲਾਸ਼
ਦੂਜੀ ਦਰਦਨਾਕ ਘਟਨਾ ਕੁਗਤੀ ਪਾਸ ਵਿਖੇ ਸਾਹਮਣੇ ਆਈ, ਜਿੱਥੇ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਉਮਰ 19 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਵੀ ਪਠਾਨਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਪ੍ਰਸ਼ਾਸਨ ਨੇ ਦੱਸਿਆ ਕਿ ਉਸਦੀ ਲਾਸ਼ ਨੂੰ ਵੀ ਸੁਰੱਖਿਅਤ ਭਰਮੌਰ ਲਿਆਂਦਾ ਗਿਆ ਹੈ ਅਤੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਨੌਜਵਾਨ ਦੀ ਪੂਰੀ ਪਛਾਣ ਅਤੇ ਹਾਲਾਤਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਤੀਜੀ ਮੌਤ : ਸਵੇਰੇ ਆਕਸੀਜਨ ਦੀ ਘਾਟ ਕਾਰਨ ਹੋਈ
ਰਾਹਤ ਟੀਮਾਂ ਨੇ ਪੁਸ਼ਟੀ ਕੀਤੀ ਕਿ ਤੀਜੇ ਸ਼ਰਧਾਲੂ ਦੀ ਮੌਤ ਅੱਜ ਸਵੇਰੇ ਸਾਹ ਲੈਣ ਵਿੱਚ ਤਕਲੀਫ਼ ਹੋਣ ਤੋਂ ਬਾਅਦ ਹੋਈ। ਪ੍ਰਸ਼ਾਸਨ ਨੇ ਦੱਸਿਆ ਕਿ ਉੱਚਾਈ ਵਾਲੇ ਇਲਾਕਿਆਂ ਵਿੱਚ ਆਕਸੀਜਨ ਦੀ ਘਾਟ ਕਾਰਨ ਅਜਿਹੇ ਮਾਮਲੇ ਵਾਪਰ ਰਹੇ ਹਨ, ਇਸ ਲਈ ਯਾਤਰੀਆਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ।
ਪ੍ਰਸ਼ਾਸਨ ਦੀ ਅਪੀਲ : ਯਾਤਰਾ ਮੁਸ਼ਕਲ, ਸਮੂਹ ਤੋਂ ਵੱਖ ਨਾ ਹੋਵੋ
ਭਰਮੌਰ ਦੇ ਏਡੀਐਮ ਕੁਲਬੀਰ ਸਿੰਘ ਰਾਣਾ ਨੇ ਕਿਹਾ ਕਿ ਮਣੀਮਹੇਸ਼ ਯਾਤਰਾ ਦਾ ਰਸਤਾ ਕਾਫ਼ੀ ਕਠਿਨ ਹੈ ਕਿਉਂਕਿ ਇੱਥੇ ਉੱਚਾਈ ਨਾਲ ਨਾਲ ਮੌਸਮ ਦੇ ਹਾਲਾਤ ਵੀ ਬਦਲਦੇ ਰਹਿੰਦੇ ਹਨ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਯਾਤਰਾ ਦੌਰਾਨ ਸਮੂਹ ਤੋਂ ਵੱਖ ਨਾ ਹੋਣ, ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦਾ ਪੂਰਾ ਧਿਆਨ ਰੱਖਣ।
ਪਰਿਵਾਰਾਂ ’ਤੇ ਟੁੱਟਿਆ ਦੁੱਖਾਂ ਦਾ ਪਹਾੜ
ਇਸ ਦਰਦਨਾਕ ਘਟਨਾ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ਵਿੱਚ ਮਾਤਮ ਪਸਰ ਗਿਆ ਹੈ। ਨੌਜਵਾਨਾਂ ਦੀ ਅਚਾਨਕ ਮੌਤ ਨੇ ਪਠਾਨਕੋਟ ਇਲਾਕੇ ਵਿੱਚ ਵੀ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
Leave a Reply