ਅਮਰੀਕਾ ਬੈਠੇ ਗੈਂਗਸਟਰਾਂ ਨੇ ਪੰਜਾਬ ’ਚ ਕਰਵਾਇਆ ਕਤਲ, ਰੂਪਨਗਰ ਪੁਲਸ ਦਾ ਵੱਡਾ ਖ਼ੁਲਾਸਾ – ਦੋ ਮੁਲਜ਼ਮ ਮੁੰਬਈ ਤੋਂ ਗ੍ਰਿਫ਼ਤਾਰ…

ਨਵਾਂਸ਼ਹਿਰ/ਜਲੰਧਰ : ਪੰਜਾਬ ਵਿੱਚ ਗੈਂਗਸਟਰ ਗਤੀਵਿਧੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ ਅਤੇ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਸਿੱਧੇ ਤੌਰ ’ਤੇ ਪੰਜਾਬ ਵਿੱਚ ਕਤਲ ਕਰਵਾਉਣ ਲਈ ਸਾਜ਼ਿਸ਼ਾਂ ਰਚ ਰਹੇ ਹਨ। ਇਸ ਦਾ ਜੀਵੰਤ ਉਦਾਹਰਨ ਉਸ ਸਮੇਂ ਸਾਹਮਣੇ ਆਇਆ ਜਦੋਂ ਰੂਪਨਗਰ ਜ਼ਿਲ੍ਹਾ ਪੁਲਸ ਅਤੇ ਕਾਊਂਟਰ ਇੰਟੈਲੀਜੈਂਸ ਵੱਲੋਂ ਸਾਂਝੇ ਆਪ੍ਰੇਸ਼ਨ ਅਧੀਨ ਦੋ ਸ਼ਾਤਿਰ ਅਪਰਾਧੀਆਂ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਹ ਗ੍ਰਿਫ਼ਤਾਰੀਆਂ ਕੁਲਪੁਰ ਪਿੰਡ ਵਿੱਚ ਹੋਏ ਕਤਲ ਮਾਮਲੇ ਨਾਲ ਜੁੜੀਆਂ ਹਨ।

ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਸ (DGP) ਗੌਰਵ ਯਾਦਵ ਨੇ ਖ਼ੁਲਾਸਾ ਕੀਤਾ ਕਿ 2 ਜੁਲਾਈ 2025 ਨੂੰ ਰੂਪਨਗਰ ਜ਼ਿਲ੍ਹੇ ਦੇ ਥਾਣਾ ਪੋਜੇਵਾਲ ਅਧੀਨ ਆਉਂਦੇ ਪਿੰਡ ਕੁਲਪੁਰ ਵਿੱਚ ਹਰਦੀਪ ਸਿੰਘ ਉਰਫ਼ ਦੀਪਾ ਦੀ ਗੋਲੀ ਮਾਰ ਕੇ ਨਿਰਦਈ ਤਰੀਕੇ ਨਾਲ ਹੱਤਿਆ ਕਰ ਦਿੱਤੀ ਗਈ ਸੀ। ਇਸ ਸਬੰਧੀ ਮ੍ਰਿਤਕ ਦੇ ਭਰਾ ਸੰਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਤੁਰੰਤ ਕਤਲ ਦਾ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ।

ਐੱਸ. ਐੱਸ. ਪੀ. ਡਾ. ਮਹਿਤਾਬ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਜਾਂਚ ਵਿੱਚ ਪੁਲਸ ਨੇ ਤਕਨੀਕੀ ਨਿਗਰਾਨੀ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਮਾਮਲੇ ਦੀ ਗੁੱਥੀ ਸੁਲਝਾਈ। ਪੁਲਸ ਨੇ ਕਰਨ ਗੰਗੜ ਪੁੱਤਰ ਮੱਖਣ ਰਾਮ ਵਾਸੀ ਰੋਡ ਮਜ਼ਾਰਾ ਅਤੇ ਜਸਕਰਨ ਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਰਾਮਗੜ੍ਹ ਝੁੱਗੀਆਂ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕਰ ਲਿਆ। ਇਹ ਦੋਵੇਂ ਕਤਲ ਮਾਮਲੇ ਦੇ ਮੁੱਖ ਦੋਸ਼ੀ ਹਨ।

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮ੍ਰਿਤਕ ਹਰਦੀਪ ਸਿੰਘ ਦੀ ਜਸਕਰਨ ਸਿੰਘ ਉਰਫ਼ ਕਾਲੂ ਨਾਲ ਨਿੱਜੀ ਦੁਸ਼ਮਣੀ ਚੱਲ ਰਹੀ ਸੀ। ਕਾਲੂ ਦਾ ਸਬੰਧ ਕਰਨ ਗੰਗੜ, ਜਸਕਰਨ ਸਿੰਘ ਕਾਲੂ ਅਤੇ ਲੱਕੀ ਪਟਿਆਲਾ ਗੈਂਗ ਨਾਲ ਹੈ। ਇਸ ਤੋਂ ਇਲਾਵਾ, ਜਸਕਰਨ ਸਿੰਘ ਉਰਫ਼ ਕੰਨੂ, ਜੋ ਕਿ ਇਸ ਸਮੇਂ ਅਮਰੀਕਾ ਵਿੱਚ ਬੈਠਾ ਹੈ, ਉਸ ਨੇ ਹੀ ਇਸ ਹੱਤਿਆ ਦੀ ਸਾਜ਼ਿਸ਼ ਰਚੀ ਅਤੇ ਕਰਨ ਸਮੇਤ ਹੋਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ ਤਾਂ ਜੋ ਹਰਦੀਪ ਸਿੰਘ ਨੂੰ ਮਾਰਿਆ ਜਾ ਸਕੇ।

ਐੱਸ. ਐੱਸ. ਪੀ. ਨੇ ਇਹ ਵੀ ਖੁਲਾਸਾ ਕੀਤਾ ਕਿ ਗ੍ਰਿਫ਼ਤਾਰ ਕੀਤੇ ਦੋਵੇਂ ਦੋਸ਼ੀਆਂ ਦੇ ਖ਼ਿਲਾਫ਼ ਪਹਿਲਾਂ ਹੀ ਕਈ ਗੰਭੀਰ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਲੜਾਈ-ਝਗੜੇ, ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਦੇ ਉਲੰਘਣ ਸ਼ਾਮਲ ਹਨ। ਪੁਲਸ ਨੇ ਅਦਾਲਤ ਵਿੱਚ ਇਨ੍ਹਾਂ ਦੋਸ਼ੀਆਂ ਨੂੰ ਪੇਸ਼ ਕਰਕੇ 4 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਹੈ, ਤਾਂ ਜੋ ਪੂਰੇ ਗੈਂਗ ਨੈੱਟਵਰਕ ਅਤੇ ਇਸ ਕਤਲ ਦੀ ਸਾਜ਼ਿਸ਼ ਬਾਰੇ ਹੋਰ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ।

ਐੱਸ. ਪੀ. ਸਰਬਜੀਤ ਸਿੰਘ ਵਾਹੀਆ ਨੇ ਕਿਹਾ ਕਿ ਰਿਮਾਂਡ ਦੌਰਾਨ ਪੁਲਸ ਇਸ ਗੱਲ ਦੀ ਜਾਂਚ ਕਰੇਗੀ ਕਿ ਅਮਰੀਕਾ ਵਿੱਚ ਬੈਠੇ ਗੈਂਗਸਟਰਾਂ ਨਾਲ ਪੰਜਾਬ ਦੇ ਕਿਹੜੇ ਲੋਕ ਸਿੱਧੇ ਤੌਰ ’ਤੇ ਜੁੜੇ ਹਨ ਅਤੇ ਕਿਵੇਂ ਹਥਿਆਰਾਂ ਦੀ ਸਪਲਾਈ ਕੀਤੀ ਗਈ। ਇਸ ਆਪ੍ਰੇਸ਼ਨ ਨਾਲ ਇਹ ਸਾਬਤ ਹੋ ਗਿਆ ਹੈ ਕਿ ਪੰਜਾਬ ਵਿੱਚ ਹੋ ਰਹੇ ਕਈ ਕਤਲ ਸਿੱਧੇ ਤੌਰ ’ਤੇ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਦੀ ਰਿਮੋਟ ਕੰਟਰੋਲ ਕਾਰਵਾਈ ਹੈ।

Comments

Leave a Reply

Your email address will not be published. Required fields are marked *