ਲੁਧਿਆਣਾ : ਜ਼ਿਲ੍ਹੇ ਦੇ ਦੋਰਾਹਾ ਇਲਾਕੇ ਵਿੱਚ ਅੱਜ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ, ਸਮਰਾਲਾ ਦੇ ਪਿੰਡ ਘੁਲਾਲ ਦਾ ਰਹਿਣ ਵਾਲਾ 32 ਸਾਲਾ ਪਰਮਜੀਤ ਸਿੰਘ ਅੱਜ ਸਵੇਰੇ ਆਪਣੀ ਸਵਿਫਟ ਕਾਰ ਰਾਹੀਂ ਲੁਧਿਆਣਾ ਤੋਂ ਵਾਪਸ ਘਰ ਜਾ ਰਿਹਾ ਸੀ। ਜਿਵੇਂ ਹੀ ਉਹ ਦੋਰਾਹਾ ਖੇਤਰ ਦੇ ਅਜਨੌਦ ਪੁਲ ਨੇੜੇ ਪਹੁੰਚਿਆ, ਭਾਰੀ ਮੀਂਹ ਕਾਰਨ ਸੜਕ ‘ਤੇ ਫਿਸਲਣ ਹੋਣ ਨਾਲ ਉਸ ਦੀ ਕਾਰ ਦਾ ਸੰਤੁਲਨ ਬਿਗੜ ਗਿਆ।
ਅੱਖੀ-ਦੇਖਿਆਂ ਦੇ ਬਿਆਨਾਂ ਅਨੁਸਾਰ, ਕਾਰ ਅਚਾਨਕ ਬੇਕਾਬੂ ਹੋਈ ਤੇ ਪੁਲ ਦੀ ਰੇਲਿੰਗ ਤੋੜਦੀ ਹੋਈ ਸਿੱਧੀ ਨਹਿਰ ਵਿੱਚ ਜਾ ਡਿੱਗੀ। ਪਾਣੀ ਦੀ ਤੇਜ਼ ਧਾਰ ਅਤੇ ਮੌਸਮ ਖਰਾਬ ਹੋਣ ਕਾਰਨ ਰਾਹਤ ਕਾਰਜਾਂ ਵਿੱਚ ਕਾਫ਼ੀ ਮੁਸ਼ਕਲਾਂ ਆਈਆਂ। ਸਥਾਨਕ ਲੋਕਾਂ ਨੇ ਹਾਦਸੇ ਨੂੰ ਵੇਖਦੇ ਹੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਮਦਦ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਪਾਣੀ ਦੇ ਵੱਧਣ ਕਰਕੇ ਉਹ ਕਾਮਯਾਬ ਨਾ ਹੋ ਸਕੇ।
ਲਗਭਗ ਇੱਕ ਘੰਟੇ ਦੀ ਮਿਹਨਤ ਤੋਂ ਬਾਅਦ ਰਾਹਤ ਟੀਮ ਨੇ ਕਰੇਨ ਦੀ ਮਦਦ ਨਾਲ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ। ਪਰਮਜੀਤ ਨੂੰ ਕਾਰ ਵਿੱਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਜਾਂਚ ਅਧਿਕਾਰੀ ਏਐਸਆਈ ਲਖਵਿੰਦਰ ਸਿੰਘ ਦੇ ਅਨੁਸਾਰ, ਮੁੱਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਹਾਦਸੇ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਅਤੇ ਮੀਂਹ ਕਾਰਨ ਸੜਕ ਉੱਤੇ ਫਿਸਲਣ ਸੀ। ਉਨ੍ਹਾਂ ਦੱਸਿਆ ਕਿ ਪਰਮਜੀਤ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇਸ ਦਰਦਨਾਕ ਹਾਦਸੇ ਨਾਲ ਪਰਿਵਾਰ ਅਤੇ ਪਿੰਡ ਵਿੱਚ ਮਾਤਮ ਦਾ ਮਾਹੌਲ ਹੈ। ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਪੁਲਾਂ ਉੱਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
Leave a Reply