ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਬਰਸਾਤ ਅਤੇ ਡੈਮਾਂ ਵਿੱਚ ਪਾਣੀ ਦੇ ਲਗਾਤਾਰ ਵੱਧਦੇ ਪੱਧਰ ਨੇ ਸਥਿਤੀ ਹੋਰ ਗੰਭੀਰ ਕਰ ਦਿੱਤੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਪੌਂਗ ਡੈਮ ਵਿੱਚ ਪਾਣੀ ਵਧਣ ਕਾਰਨ ਬੀਬੀਐੱਮਬੀ (ਭਾਖੜਾ ਬਿਆਸ ਮੈਨੇਜਮੈਂਟ ਬੋਰਡ) ਨੇ ਵੀਰਵਾਰ 28 ਅਗਸਤ ਨੂੰ ਦੁਪਹਿਰ ਬਾਅਦ 1,10,000 ਕਿਊਸਕ ਪਾਣੀ ਛੱਡਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਸਾਰੇ ਪ੍ਰਭਾਵਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਅਗਾਊਂ ਜਾਣਕਾਰੀ ਦੇ ਦਿੱਤੀ ਗਈ ਹੈ ਤਾਂ ਜੋ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਪਿੰਡ ਖਾਲੀ ਕਰਨ ਦੇ ਹੁਕਮ
ਜ਼ਿਲ੍ਹਾ ਹੁਸ਼ਿਆਰਪੁਰ, ਗੁਰਦਾਸਪੁਰ, ਤਰਨ ਤਾਰਨ ਅਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਨੂੰ ਖ਼ਾਸ ਚੇਤਾਵਨੀ ਦਿੱਤੀ ਗਈ ਹੈ। ਕਾਂਗੜਾ ਦੇ ਉਪ ਮੰਡਲ ਇੰਦੋਰਾ ਅਧੀਨ ਆਉਂਦੀਆਂ 17 ਪੰਚਾਇਤਾਂ ਨੂੰ ਬਕਾਇਦਾ ਮੁਨਿਆਦੀ ਕਰਵਾ ਕੇ ਦਰਿਆ ਕੰਢੇ ਦੇ ਪਿੰਡ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਪ੍ਰਸ਼ਾਸਨ ਨੇ ਪੰਚਾਇਤ ਸਕੱਤਰਾਂ ਅਤੇ ਗ੍ਰਾਮ ਰੁਜ਼ਗਾਰ ਸਹਾਇਕਾਂ ਨੂੰ ਘਰ-ਘਰ ਜਾ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ।
ਹਵਾਈ ਫੌਜ ਦੀ ਵੱਡੀ ਭੂਮਿਕਾ
ਪੰਜਾਬ ਅਤੇ ਜੰਮੂ-ਕਸ਼ਮੀਰ ਵਿੱਚ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਹਵਾਈ ਸੈਨਾ ਨੇ ਮੋਰਚਾ ਸੰਭਾਲ ਲਿਆ ਹੈ। ਪੰਜ ਹੈਲੀਕਾਪਟਰਾਂ ਨੂੰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤਾਇਨਾਤ ਕੀਤਾ ਗਿਆ ਹੈ।
- ਪਠਾਨਕੋਟ ਵਿੱਚ ਫਸੇ 46 ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।
- ਡੇਰਾ ਬਾਬਾ ਨਾਨਕ ਵਿੱਚ ਫਸੇ 38 ਫੌਜੀ ਅਤੇ 10 ਬੀਐਸਐਫ ਜਵਾਨਾਂ ਨੂੰ ਵੀ ਹੈਲੀਕਾਪਟਰ ਰਾਹੀਂ ਰਾਹਤ ਦਿੱਤੀ ਗਈ।
- ਪ੍ਰਭਾਵਿਤ ਲੋਕਾਂ ਲਈ ਹੈਲੀਕਾਪਟਰਾਂ ਰਾਹੀਂ 750 ਕਿਲੋ ਰਾਸ਼ਨ ਭੇਜਿਆ ਗਿਆ।
ਰਣਜੀਤ ਸਾਗਰ ਡੈਮ ਤੋਂ ਛੱਡਿਆ ਪਾਣੀ
ਰਣਜੀਤ ਸਾਗਰ ਡੈਮ ਤੋਂ ਛੱਡੇ ਗਏ ਭਾਰੀ ਪਾਣੀ ਕਾਰਨ ਮਾਧੋਪੁਰ ਹੈਡਵਰਕਸ ਦੀ ਇਮਾਰਤ ਵਿੱਚ ਪਾਣੀ ਦਾਖਲ ਹੋ ਗਿਆ। ਯੂਬੀਡੀਸੀ ਹਾਈਡਲ ਨਹਿਰ ਓਵਰਫਲੋਅ ਹੋ ਕੇ ਸੁਜਾਨਪੁਰ ਕੋਲ ਕਈ ਪਿੰਡਾਂ — ਜਿਵੇਂ ਕਿ ਅੱਤੇਪੁਰ, ਬੇਹੜੀਆਂ ਬਜ਼ੁਰਗ ਅਤੇ ਸੁਜਾਨਪੁਰ ਦੇ ਪੁਲ ਨੰਬਰ-4 ਕੋਲ — ਪਾਣੀ ਨਾਲ ਘਿਰ ਗਏ।
ਹਾਈਵੇਅ ਵੀ ਡੁੱਬ ਗਈ
ਪਾਣੀ ਵਧਣ ਨਾਲ ਜੰਮੂ-ਜਲੰਧਰ ਨੈਸ਼ਨਲ ਹਾਈਵੇਅ ਦਾ ਵੱਡਾ ਹਿੱਸਾ ਪਾਣੀ ਵਿੱਚ ਡੁੱਬ ਗਿਆ, ਜਿਸ ਨਾਲ ਟ੍ਰੈਫਿਕ ਬਹੁਤ ਪ੍ਰਭਾਵਿਤ ਹੋਇਆ। ਕਈ ਪਿੰਡਾਂ ਵਿੱਚ ਪਾਣੀ ਦਾਖਲ ਹੋਣ ਕਾਰਨ ਲੋਕਾਂ ਨੂੰ ਰਾਤ ਛੱਤਾਂ ਉੱਤੇ ਗੁਜ਼ਾਰਨੀ ਪਈ।
ਐਨਡੀਆਰਐਫ ਦੀ ਕਾਰਵਾਈ
ਐਨਡੀਆਰਐਫ ਦੀਆਂ ਟੀਮਾਂ ਨੇ ਸਵੇਰੇ ਵੱਡੀ ਕਾਰਵਾਈ ਕਰਦਿਆਂ 150 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਇਨ੍ਹਾਂ ਵਿੱਚ ਇੱਕ ਗਰਭਵਤੀ ਮਹਿਲਾ ਵੀ ਸ਼ਾਮਲ ਸੀ, ਜਿਸ ਨੂੰ ਸਟਰੈਚਰ ਰਾਹੀਂ ਬਚਾ ਕੇ ਐਂਬੂਲੈਂਸ ਵਿੱਚ ਹਸਪਤਾਲ ਭੇਜਿਆ ਗਿਆ।
Leave a Reply