ਪੰਜਾਬ ਲਈ ਨਵਾਂ ਖਤਰਾ : ਘੱਗਰ ਦਰਿਆ ਦਾ ਪਾਣੀ ਵਧਿਆ, ਪ੍ਰਸ਼ਾਸਨ ਵੱਲੋਂ ਪਿੰਡਾਂ ਲਈ ਐਡਵਾਇਜ਼ਰੀ ਜਾਰੀ…

ਚੰਡੀਗੜ੍ਹ/ਮੁਹਾਲੀ/ਪਟਿਆਲਾ (ਵੈੱਬ ਡੈਸਕ): ਪੰਜਾਬ ਵਿੱਚ ਹੜ੍ਹਾਂ ਦਾ ਖਤਰਾ ਅਜੇ ਵੀ ਟਲਿਆ ਨਹੀਂ ਹੈ। ਰਾਵੀ, ਬਿਆਸ ਤੇ ਸਤਲੁਜ ਦਰਿਆ ਨਾਲ ਤਬਾਹੀ ਜਾਰੀ ਹੈ, ਹੁਣ ਘੱਗਰ ਦਰਿਆ ਵੀ ਖਤਰੇ ਦਾ ਸੰਕੇਤ ਦੇ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿੱਚ ਚੰਡੀਗੜ੍ਹ, ਮੁਹਾਲੀ ਅਤੇ ਘੱਗਰ ਦਰਿਆ ਦੇ ਕੈਚਮੈਂਟ ਖੇਤਰ ਵਿੱਚ ਹੋਈ ਭਾਰੀ ਬਾਰਿਸ਼ ਅਤੇ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਜਾਣ ਕਾਰਨ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ।

ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਜਪੁਰਾ ਸਬ ਡਵੀਜ਼ਨ ਦੇ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਜੋ ਘੱਗਰ ਦਰਿਆ ਦੇ ਨੇੜੇ ਹਨ। ਇਨ੍ਹਾਂ ਇਲਾਕਿਆਂ ਦੇ ਵਸਨੀਕਾਂ ਨੂੰ ਸੁਚੇਤ ਰਹਿਣ ਤੇ ਬੇਵਜ੍ਹਾ ਦਰਿਆ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ। ਮੁਹਾਲੀ ਪ੍ਰਸ਼ਾਸਨ ਨੇ ਵੀ ਐਡਵਾਇਜ਼ਰੀ ਜਾਰੀ ਕਰਕੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ।

ਪਾਣੀ ਦਾ ਪੱਧਰ 70 ਹਜ਼ਾਰ ਕਿਊਸਿਕ ਪਾਰ

ਸਵੇਰੇ 8 ਵਜੇ ਦੇ ਅੰਕੜਿਆਂ ਮੁਤਾਬਕ ਘੱਗਰ ਦਰਿਆ ਦਾ ਪਾਣੀ 70,000 ਕਿਊਸਿਕ ਤੋਂ ਵੱਧ ਦਰਜ ਕੀਤਾ ਗਿਆ। ਪ੍ਰਸ਼ਾਸਨ ਦੇ ਅਨੁਸਾਰ, ਜੇ ਮੀਂਹ ਦਾ ਦਬਾਅ ਹੋਰ ਵਧਿਆ ਜਾਂ ਸੁਖਨਾ ਦੇ ਹੋਰ ਗੇਟ ਖੋਲ੍ਹਣ ਪਏ ਤਾਂ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਇਸ ਕਾਰਨ ਖ਼ਾਸ ਕਰਕੇ ਡੇਰਾਬੱਸੀ ਸਬ ਡਵੀਜ਼ਨ ਦੇ ਪਿੰਡਾਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ।

ਤੁਰੰਤ ਪ੍ਰਭਾਵਿਤ ਹੋਣ ਵਾਲੇ ਪਿੰਡ

ਪ੍ਰਸ਼ਾਸਨ ਵੱਲੋਂ ਜਾਰੀ ਸੂਚੀ ਅਨੁਸਾਰ ਇਹ ਪਿੰਡ ਸਭ ਤੋਂ ਵੱਧ ਖ਼ਤਰੇ ਹੇਠ ਹਨ:

  • ਟਿਵਾਣਾ
  • ਖਜੂਰ ਮੰਡੀ
  • ਸਾਧਾਂਪੁਰ
  • ਸਰਸੀਨੀ
  • ਆਲਮਗੀਰ
  • ਡੰਗਢੇਰਾ
  • ਮੁਬਾਰਿਕਪੁਰ
  • ਮੀਰਪੁਰ
  • ਬਾਕਰਪੁਰ

ਰਾਜਪੁਰਾ ਸਬ ਡਵੀਜ਼ਨ ਲਈ ਚੇਤਾਵਨੀ

ਰਾਜਪੁਰਾ ਦੇ ਐੱਸਡੀਐੱਮ ਅਵਿਕੇਸ਼ ਗੁਪਤਾ ਨੇ ਵੱਖਰੀ ਐਡਵਾਇਜ਼ਰੀ ਜਾਰੀ ਕਰਦੇ ਹੋਏ ਪਿੰਡ ਊਂਟਸਰ, ਨਨਹੇੜੀ, ਸੰਜਰਪੁਰ, ਲਾਛੜੂ, ਕਮਾਲਪੁਰ, ਰਾਮਪੁਰ, ਸੌਂਟਾ, ਮਾੜੂ ਅਤੇ ਚਮਾਰੂ ਸਮੇਤ ਨੇੜਲੇ ਇਲਾਕਿਆਂ ਦੇ ਵਸਨੀਕਾਂ ਨੂੰ ਦਰਿਆ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਕਿਸੇ ਵੀ ਐਮਰਜੈਂਸੀ ਸੂਚਨਾ ਲਈ ਰਾਜਪੁਰਾ ਫਲੱਡ ਕੰਟਰੋਲ ਰੂਮ ਦੇ ਨੰਬਰ 01762-224132 ’ਤੇ ਤੁਰੰਤ ਸੰਪਰਕ ਕੀਤਾ ਜਾਵੇ।

ਪਟਿਆਲਾ ਸਬ ਡਵੀਜ਼ਨ ਦੀ ਸਥਿਤੀ

ਇਸੇ ਤਰ੍ਹਾਂ, ਪਟਿਆਲਾ ਦੇ ਐੱਸਡੀਐੱਮ ਹਰਜੋਤ ਕੌਰ ਮਾਵੀ ਨੇ ਹਡਾਣਾਪੁਰ ਅਤੇ ਸਿਰਕੱਪੜਾ ਸਮੇਤ ਆਲੇ-ਦੁਆਲੇ ਦੇ ਪਿੰਡਾਂ ਦੇ ਰਹਿਣ ਵਾਲਿਆਂ ਨੂੰ ਵੀ ਐਲਰਟ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਦਰਿਆ ਵਿੱਚ ਪਾਣੀ ਵੱਧਣ ਬਾਰੇ ਕੋਈ ਵੀ ਸੂਚਨਾ ਮਿਲਦੀ ਹੈ ਤਾਂ ਲੋਕ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ 0175-2350550 ਜਾਂ 0175-2358550 ’ਤੇ ਜਾਣਕਾਰੀ ਦੇਣ।

ਅਫ਼ਵਾਹਾਂ ਤੋਂ ਬਚਣ ਦੀ ਅਪੀਲ

ਪ੍ਰਸ਼ਾਸਨ ਨੇ ਖ਼ਾਸ ਤੌਰ ’ਤੇ ਲੋਕਾਂ ਨੂੰ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਗਲਤ ਖ਼ਬਰ ਜਾਂ ਅਫ਼ਵਾਹਾਂ ’ਤੇ ਧਿਆਨ ਨਾ ਦੇਣ, ਸਿਰਫ਼ ਸਰਕਾਰੀ ਸੂਚਨਾਵਾਂ ਤੇ ਹੀ ਭਰੋਸਾ ਕੀਤਾ ਜਾਵੇ। ਲੋਕਾਂ ਨੂੰ ਜ਼ਰੂਰੀ ਸਮਾਨ ਪਹਿਲਾਂ ਹੀ ਇਕੱਠਾ ਰੱਖਣ ਅਤੇ ਐਮਰਜੈਂਸੀ ਹਾਲਤ ਵਿੱਚ ਸੁਰੱਖਿਅਤ ਥਾਵਾਂ ਵੱਲ ਜਾਣ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਗਈ ਹੈ।

👉 ਪੰਜਾਬ ਦੇ ਵੱਡੇ ਹਿੱਸੇ ਪਹਿਲਾਂ ਹੀ ਹੜ੍ਹ ਦੀ ਤਬਾਹੀ ਭੁਗਤ ਰਹੇ ਹਨ ਅਤੇ ਹੁਣ ਘੱਗਰ ਦਰਿਆ ਦੇ ਖਤਰੇ ਨਾਲ ਲੋਕਾਂ ਦੀ ਚਿੰਤਾ ਹੋਰ ਵੱਧ ਗਈ ਹੈ।

Comments

Leave a Reply

Your email address will not be published. Required fields are marked *