ਪਟਿਆਲਾ/ਪਾਤੜਾਂ : ਪੰਜਾਬ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਹਾਲਾਤ ਗੰਭੀਰ ਕਰ ਦਿੱਤੇ ਹਨ। ਖੇਤਾਂ ਵਿੱਚ ਪਾਣੀ ਭਰਨ ਨਾਲ ਜਿੱਥੇ ਫਸਲਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਬਾਦਸ਼ਾਹਪੁਰ ਵਿਖੇ ਘੱਗਰ ਦਰਿਆ ਦੇ ਗੇਜ ਵੀ ਖ਼ਤਰੇ ਦੇ ਪੱਧਰ ‘ਤੇ ਪਹੁੰਚ ਗਏ ਹਨ। ਇਸ ਕਾਰਨ ਹਰਚੰਦਪੁਰਾ ਅਤੇ ਬਾਦਸ਼ਾਹਪੁਰ ਦੇ ਉੱਪਰਲੇ ਇਲਾਕਿਆਂ ਵਿੱਚ ਪਾਣੀ ਲਗਾਤਾਰ ਇਕੱਠਾ ਹੋ ਰਿਹਾ ਹੈ, ਜੋ ਕਿਸੇ ਵੀ ਵੇਲੇ ਗੰਭੀਰ ਸਥਿਤੀ ਪੈਦਾ ਕਰ ਸਕਦਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਨਾਜ਼ੁਕ ਸਥਿਤੀ ਨੂੰ ਦੇਖਦੇ ਹੋਏ ਹਰਚੰਦਪੁਰਾ, ਬਾਦਸ਼ਾਹਪੁਰ, ਅਰਨੇਟੂ, ਰਸੋਲੀ, ਸ਼ੁਤਰਾਣਾ, ਜੋਗੇਵਾਲ, ਗੁਲਾਹੜ, ਪੈਂਦ, ਸਧਾਰਨਪੁਰ, ਸਿਊਨਾ ਸਮੇਤ ਕਈ ਪਿੰਡਾਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਹੈ। ਅਧਿਕਾਰੀਆਂ ਵੱਲੋਂ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਇਨ੍ਹਾਂ ਪਿੰਡਾਂ ਦੇ ਵਸਨੀਕ ਤੁਰੰਤ ਆਪਣੇ ਘਰ ਖਾਲੀ ਕਰਨ ਅਤੇ ਸੁਰੱਖਿਅਤ ਥਾਵਾਂ ਵੱਲ ਰੁਖ ਕਰਨ।
ਪ੍ਰਸ਼ਾਸਨ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਦੂਰ ਰਹਿਣ ਅਤੇ ਸਿਰਫ਼ ਸਰਕਾਰੀ ਹਦਾਇਤਾਂ ‘ਤੇ ਹੀ ਭਰੋਸਾ ਕਰਨ। ਜ਼ਿਲ੍ਹਾ ਪ੍ਰਸ਼ਾਸਨ ਦੇ ਮੁਤਾਬਕ, ਸਾਰੀ ਟੀਮਾਂ ਹਮੇਸ਼ਾਂ ਤਿਆਰ ਹਨ ਅਤੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਮੈਦਾਨ ਵਿੱਚ ਕੰਮ ਕਰ ਰਹੀਆਂ ਹਨ।
ਇਸ ਤੋਂ ਇਲਾਵਾ, ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਕੇਂਦਰ ਵੀ ਬਣਾਏ ਗਏ ਹਨ, ਜਿਥੇ ਉਹ ਕਿਸੇ ਵੀ ਸਮੇਂ ਪਹੁੰਚ ਕੇ ਸਹਾਇਤਾ ਲੈ ਸਕਦੇ ਹਨ। ਜੇਕਰ ਕਿਸੇ ਨੂੰ ਹੰਗਾਮੀ ਸਥਿਤੀ ਦਾ ਸਾਹਮਣਾ ਕਰਨਾ ਪਏ, ਤਾਂ ਉਹ ਤੁਰੰਤ ਪਾਤੜਾਂ ਦੇ ਕੰਟਰੋਲ ਰੂਮ ਨੰਬਰ 01764-243403 ਜਾਂ ਪਟਿਆਲਾ ਜ਼ਿਲ੍ਹਾ ਦੇ ਕੰਟਰੋਲ ਰੂਮ ਨੰਬਰ 0175-2350550 ਅਤੇ 0175-2358550 ‘ਤੇ ਸੰਪਰਕ ਕਰ ਸਕਦੇ ਹਨ।
ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਲੋਕਾਂ ਦੀ ਜਾਨ ਸੁਰੱਖਿਅਤ ਕਰਨਾ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ। ਇਸ ਲਈ, ਪ੍ਰਭਾਵਿਤ ਖੇਤਰਾਂ ਦੇ ਵਸਨੀਕਾਂ ਨੂੰ ਘਰ ਖਾਲੀ ਕਰਨ ਵਿੱਚ ਦੇਰੀ ਨਾ ਕਰਨ ਅਤੇ ਤੁਰੰਤ ਹੀ ਸਰਕਾਰੀ ਰਾਹਤ ਕੇਂਦਰਾਂ ਜਾਂ ਉੱਚੀਆਂ ਤੇ ਸੁਰੱਖਿਅਤ ਥਾਵਾਂ ‘ਤੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
Leave a Reply