ਪੰਜਾਬ ਵਿੱਚ ਹੜ੍ਹਾਂ ਦੀ ਤਬਾਹੀ ਨੇ ਲੋਕਾਂ ਦਾ ਜੀਵਨ ਬਦਤਰ ਕਰ ਦਿੱਤਾ ਹੈ। ਜਿੱਥੇ ਇੱਕ ਪਾਸੇ ਪੀੜਤ ਪਰਿਵਾਰ ਆਪਣੀ ਜ਼ਿੰਦਗੀ ਬਚਾਉਣ ਅਤੇ ਛੱਤ ਹੇਠਾਂ ਆਸਰਾ ਲੱਭਣ ਲਈ ਸੰਘਰਸ਼ ਕਰ ਰਹੇ ਹਨ, ਉੱਥੇ ਹੀ ਸਰਕਾਰ ਅਤੇ ਸਿਆਸੀ ਪਾਰਟੀਆਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਕੀਤੇ ਜਾ ਰਹੇ ਹਨ। ਪਰ ਇਹ ਦੌਰੇ ਲੋਕਾਂ ਲਈ ਰਾਹਤ ਲਿਆਉਣ ਦੀ ਬਜਾਏ ਨਵੀਆਂ ਮੁਸ਼ਕਲਾਂ ਪੈਦਾ ਕਰ ਰਹੇ ਹਨ। ਅਜਿਹਾ ਹੀ ਮਾਮਲਾ ਬੀਤੇ ਦਿਨ ਸਾਹਮਣੇ ਆਇਆ ਜਦੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੁਲਤਾਨਪੁਰ ਲੋਧੀ ਹਲਕੇ ਦੇ ਮੰਡ ਖੇਤਰ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ‘ਤੇ ਪਹੁੰਚੇ।
ਰਾਹਤ ਸਮੱਗਰੀ ਲੈ ਕੇ ਆਏ ਸਮਾਜ ਸੇਵੀ ਹੋਏ ਖੱਜਲ
ਕੇਜਰੀਵਾਲ ਦੇ ਦੌਰੇ ਦੌਰਾਨ ਇਲਾਕੇ ਵਿੱਚ ਭਾਰੀ ਪੁਲਿਸ ਬੰਦੋਬਸਤ ਕੀਤਾ ਗਿਆ। ਪੰਜ ਤੋਂ ਛੇ ਥਾਵਾਂ ‘ਤੇ ਪੁਲਿਸ ਨਾਕੇ ਲਗਾਏ ਗਏ ਜਿਸ ਕਾਰਨ ਸਮਾਜ ਸੇਵੀ ਸੰਸਥਾਵਾਂ, ਜੋ ਰਾਹਤ ਸਮੱਗਰੀ ਲੈ ਕੇ ਹੜ੍ਹ ਪੀੜਤਾਂ ਤੱਕ ਪਹੁੰਚ ਰਹੀਆਂ ਸਨ, ਉਹਨਾਂ ਨੂੰ ਕਈ ਘੰਟਿਆਂ ਤੱਕ ਰੋਕਿਆ ਗਿਆ। ਰਾਹਤ ਵੰਡਣ ਵਾਲੇ ਕਈ ਵਾਹਨ 10–10 ਕਿਲੋਮੀਟਰ ਪਹਿਲਾਂ ਹੀ ਰੋਕ ਦਿੱਤੇ ਗਏ, ਜਿਸ ਨਾਲ ਪੀੜਤ ਲੋਕਾਂ ਤੱਕ ਸਮੱਗਰੀ ਸਮੇਂ ਸਿਰ ਨਹੀਂ ਪਹੁੰਚ ਸਕੀ।
ਇਸ ਦੌਰਾਨ ਕਈ ਸਮਾਜ ਸੇਵੀਆਂ ਨੇ ਖੁੱਲ੍ਹ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਜਿਹੜੀ ਸਰਕਾਰ ਚੋਣਾਂ ਦੌਰਾਨ ਵੀਆਈਪੀ ਕਲਚਰ ਖਤਮ ਕਰਨ ਦੇ ਵਾਅਦੇ ਕਰ ਰਹੀ ਸੀ, ਉਹੀ ਅੱਜ ਲੋਕਾਂ ਦੀ ਮਦਦ ਵਿੱਚ ਸਭ ਤੋਂ ਵੱਡੀ ਰੁਕਾਵਟ ਬਣ ਰਹੀ ਹੈ।
“ਵੀਆਈਪੀ ਕਲਚਰ ਨੇ ਲੋਕਾਂ ਦੀ ਮਦਦ ਪਿੱਛੇ ਧੱਕੀ”
ਇੱਕ ਸਮਾਜ ਸੇਵੀ ਨੇ ਸਾਡੇ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ –
“ਅਸੀਂ ਰਾਹਤ ਸਮੱਗਰੀ ਲੈ ਕੇ ਹੜ੍ਹ ਪੀੜਤਾਂ ਤੱਕ ਪਹੁੰਚ ਰਹੇ ਸਾਂ ਪਰ ਸਾਨੂੰ ਘੰਟਿਆਂ ਰੋਕਿਆ ਗਿਆ। ਹਾਲਾਤ ਬਹੁਤ ਨਾਜ਼ੁਕ ਨੇ, ਲੋਕ ਭੁੱਖੇ-ਪਿਆਸੇ ਬੈਠੇ ਹਨ, ਪਰ ਵੀਆਈਪੀ ਦੌਰਿਆਂ ਨੇ ਸਮੱਗਰੀ ਪਹੁੰਚਣ ਵਿੱਚ ਰੁਕਾਵਟ ਪੈਦਾ ਕਰ ਦਿੱਤੀ।”
ਇਕ ਹੋਰ ਸਮਾਜ ਸੇਵੀ ਨੇ ਕਿਹਾ –
“ਹੜ੍ਹ ਪੀੜਤਾਂ ਲਈ ਹਰੇਕ ਮਿੰਟ ਕੀਮਤੀ ਹੈ, ਪਰ ਸਾਨੂੰ ਨੱਕਿਆਂ ‘ਤੇ ਰੋਕ ਕੇ ਸਮਾਂ ਬਰਬਾਦ ਕੀਤਾ ਗਿਆ। ਇਹ ਵੀਆਈਪੀ ਕਲਚਰ ਲੋਕਾਂ ਦੀ ਜਾਨ ‘ਤੇ ਭਾਰੀ ਪੈ ਸਕਦਾ ਹੈ।”
ਕੇਜਰੀਵਾਲ ਦੇ ਦੌਰੇ ‘ਤੇ ਚਰਚਾ
ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਦੌਰਿਆਂ ਨਾਲ ਜਿੱਥੇ ਸਰਕਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਹਕੀਕਤ ਜਾਣਨ ਦਾ ਦਾਅਵਾ ਕਰਦੀ ਹੈ, ਉੱਥੇ ਹੀ ਭਾਰੀ ਸੁਰੱਖਿਆ ਤੇ ਪ੍ਰੋਟੋਕਾਲ ਕਾਰਨ ਆਮ ਲੋਕਾਂ ਨੂੰ ਹੋਰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜ੍ਹ ਕਾਰਨ ਲੋਕਾਂ ਦੀ ਜ਼ਿੰਦਗੀ ਪਹਿਲਾਂ ਹੀ ਖਤਰੇ ਵਿੱਚ ਹੈ। ਇਨ੍ਹਾਂ ਹਾਲਾਤਾਂ ਵਿੱਚ ਰਾਹਤ ਕਾਰਜਾਂ ਦੀ ਰੁਕਾਵਟ ਲੋਕਾਂ ਦੇ ਗੁੱਸੇ ਨੂੰ ਹੋਰ ਵਧਾ ਰਹੀ ਹੈ।
Leave a Reply