ਨਾਭਾ ਦੇ ਪਿੰਡ ਮੰਡੋੜ ’ਚ ਮੀਂਹ ਨੇ ਮਚਾਈ ਤਬਾਹੀ, ਦੋ ਘਰਾਂ ਦੀਆਂ ਛੱਤਾਂ ਡਿੱਗੀਆਂ, ਕਈਆਂ ਵਿਚ ਪਈਆਂ ਤਰੇੜਾਂ

ਨਾਭਾ : ਲਗਾਤਾਰ ਹੋ ਰਹੇ ਭਾਰੀ ਮੀਂਹ ਨੇ ਪਿੰਡ ਮੰਡੋੜ ਵਿਚ ਕਈ ਪਰਿਵਾਰਾਂ ਦੀ ਜ਼ਿੰਦਗੀ ਉਲਟ-ਪੁਲਟ ਕਰ ਦਿੱਤੀ ਹੈ। ਮੀਂਹ ਦੇ ਕਾਰਨ ਦੋ ਘਰਾਂ ਦੀਆਂ ਛੱਤਾਂ ਪੂਰੀ ਤਰ੍ਹਾਂ ਢਹਿ ਗਈਆਂ ਜਦਕਿ ਕਈ ਹੋਰ ਘਰਾਂ ਦੀਆਂ ਕੰਧਾਂ ਤੇ ਛੱਤਾਂ ਵਿਚ ਡੂੰਘੀਆਂ ਤਰੇੜਾਂ ਪੈ ਗਈਆਂ ਹਨ। ਇਸ ਕਾਰਨ ਪੀੜਤ ਪਰਿਵਾਰ ਖੁੱਲ੍ਹੇ ਅਸਮਾਨ ਹੇਠ ਆ ਗਏ ਹਨ ਤੇ ਆਪਣੇ ਭਵਿੱਖ ਲਈ ਚਿੰਤਿਤ ਹਨ।

ਇਕ ਪੀੜਤ ਔਰਤ ਰੀਟਾ ਰਾਣੀ ਨਵਦੀਪ ਸ਼ਰਮਾ ਨੇ ਰੋਂਦਿਆਂ ਕਿਹਾ ਕਿ, “ਸਾਡੇ ਪਿਤਾ ਜੀ ਦਾ ਦੇਹਾਂਤ ਹੋ ਚੁੱਕਾ ਹੈ। ਸਾਡੀ ਮਾਤਾ ਮਿਡ-ਡੇ ਮੀਲ ਵਿਚ ਨੌਕਰੀ ਕਰਕੇ ਹੀ ਸਾਡੇ ਪਰਿਵਾਰ ਨੂੰ ਚਲਾ ਰਹੀ ਹੈ। ਹੁਣ ਘਰ ਦੀ ਛੱਤ ਡਿੱਗ ਜਾਣ ਕਾਰਨ ਅਸੀਂ ਬੇਘਰ ਹੋ ਗਏ ਹਾਂ। ਸਾਡੇ ਕੋਲ ਇੰਨੀ ਸਮਰੱਥਾ ਨਹੀਂ ਕਿ ਨਵਾਂ ਘਰ ਬਣਾ ਸਕੀਏ। ਅਸੀਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਲਈ ਮਦਦ ਦਾ ਹੱਥ ਵਧਾਇਆ ਜਾਵੇ।”

ਅਪਾਹਜ ਮੁਖਤਿਆਰ ਸਿੰਘ, ਜੋ ਇਕ ਕੱਚੇ ਘਰ ਵਿਚ ਰਹਿੰਦੇ ਸਨ, ਨੇ ਦੱਸਿਆ ਕਿ ਮੀਂਹ ਦੀ ਮਾਰ ਨਾਲ ਉਨ੍ਹਾਂ ਦਾ ਘਰ ਪੂਰੀ ਤਰ੍ਹਾਂ ਢਹਿ ਗਿਆ। “ਅਸੀਂ ਸਾਰਾ ਸਾਮਾਨ ਬਚਾਉਣ ਲਈ ਤਰਪਾਲ ਨਾਲ ਢੱਕਿਆ ਹੋਇਆ ਹੈ। ਮੈਨੂੰ ਆਪਣੀ ਬਿਮਾਰੀ ਕਰਕੇ ਬਾਥਰੂਮ ਵਿਚ ਹੀ ਗੁਜ਼ਾਰਾ ਕਰਨਾ ਪੈ ਰਿਹਾ ਹੈ। ਘਰ ਬੇਹਾਲ ਹੈ, ਰਸੋਈ ਵਿਚ ਕੁਝ ਪਕਾਉਣ ਦਾ ਵੀ ਜ਼ਰੀਆ ਨਹੀਂ। ਅੱਜ ਸਵੇਰੇ ਤੋਂ ਅਸੀਂ ਰੋਟੀ ਵੀ ਨਹੀਂ ਖਾਧੀ। ਸਰਕਾਰ ਸਾਡੀ ਹਾਲਤ ਨੂੰ ਦੇਖੇ ਅਤੇ ਸਾਨੂੰ ਮਾਲੀ ਮਦਦ ਮੁਹੱਈਆ ਕਰਵਾਏ।”

ਇਸੇ ਤਰ੍ਹਾਂ ਪਿੰਡ ਵਾਸੀ ਸੋਨੀ ਨੇ ਵੀ ਆਪਣੀ ਪੀੜਾ ਸਾਂਝੀ ਕੀਤੀ। ਉਸ ਨੇ ਕਿਹਾ ਕਿ ਮੀਂਹ ਕਾਰਨ ਘਰ ਵਿਚ ਛੱਤ ਚੋਅ ਰਹੀ ਹੈ, ਕੰਧਾਂ ਵਿਚ ਵੱਡੀਆਂ ਤਰੇੜਾਂ ਪੈ ਗਈਆਂ ਹਨ ਅਤੇ ਹਰ ਵੇਲੇ ਇਹ ਡਰ ਲੱਗਾ ਰਹਿੰਦਾ ਹੈ ਕਿ ਛੱਤ ਪੂਰੀ ਤਰ੍ਹਾਂ ਡਿੱਗ ਨਾ ਪਏ। ਉਸ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਹੁਣ ਸਰਕਾਰ ਤੇ ਪ੍ਰਸ਼ਾਸਨ ਹੀ ਉਨ੍ਹਾਂ ਦਾ ਸਹਾਰਾ ਹਨ।

ਪਿੰਡ ਦੀ ਪੰਚਾਇਤ ਦੇ ਮੈਂਬਰ ਮਨਜੀਤ ਸਿੰਘ ਨੇ ਪੂਰੇ ਹਾਲਾਤਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ, “ਪਿੰਡ ਮੰਡੋੜ ਵਿਚ ਮੀਂਹ ਕਾਰਨ ਦੋ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਢਹਿ ਗਈਆਂ ਹਨ ਤੇ ਕਈ ਹੋਰਾਂ ਦੇ ਘਰਾਂ ਨੂੰ ਵੀ ਗੰਭੀਰ ਨੁਕਸਾਨ ਪਹੁੰਚਿਆ ਹੈ। ਪਹਿਲਾਂ ਹੀ ਇਹ ਪਰਿਵਾਰ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੇ ਸਨ, ਹੁਣ ਉਨ੍ਹਾਂ ਦੀ ਹਾਲਤ ਹੋਰ ਵੀ ਦੁਰਗਤੀ ਵਾਲੀ ਹੋ ਗਈ ਹੈ। ਪਿੰਡ ਵਾਸੀਆਂ ਵੱਲੋਂ ਆਪਣੀ ਸਮਰੱਥਾ ਅਨੁਸਾਰ ਮਦਦ ਕੀਤੀ ਜਾਵੇਗੀ ਪਰ ਸਰਕਾਰ ਨੂੰ ਵੀ ਉਨ੍ਹਾਂ ਦੀ ਬਾਂਹ ਫੜ੍ਹਣੀ ਚਾਹੀਦੀ ਹੈ।”

ਪਿੰਡ ਮੰਡੋੜ ਦੇ ਇਹ ਹਾਲਾਤ ਇਸ ਗੱਲ ਦਾ ਸਾਫ਼ ਸੰਕੇਤ ਹਨ ਕਿ ਭਾਰੀ ਮੀਂਹ ਕਾਰਨ ਪਿੰਡਾਂ ਦੇ ਕੱਚੇ ਤੇ ਮਜਬੂਰੀਆਂ ਵਿਚ ਗੁਜ਼ਾਰਾ ਕਰ ਰਹੇ ਪਰਿਵਾਰ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਹੁਣ ਇਹ ਪਰਿਵਾਰ ਉਮੀਦ ਲਗਾਏ ਬੈਠੇ ਹਨ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਤੁਰੰਤ ਰਾਹਤ ਤੇ ਮਾਲੀ ਮਦਦ ਮਿਲੇਗੀ ਤਾਂ ਜੋ ਉਹ ਮੁੜ ਆਪਣੀ ਜ਼ਿੰਦਗੀ ਦੀ ਗੱਡੀ ਪੱਟੜੀ ’ਤੇ ਚਲਾ ਸਕਣ।

Comments

Leave a Reply

Your email address will not be published. Required fields are marked *