ਲੁਧਿਆਣਾ : ਸ਼ਹਿਰ ਦੇ ਛਾਉਣੀ ਮੁਹੱਲੇ ਵਿੱਚ ਅੱਜ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ, ਜਦੋਂ ਬੇਕਾਬੂ ਹੋਈ ਤੇਜ਼ ਰਫ਼ਤਾਰ ਕਾਰ ਨੇ ਪਹਿਲਾਂ ਸੜਕ ਕਿਨਾਰੇ ਖੜ੍ਹੀ ਇੱਕ ਐਕਟਿਵਾ ਸਕੂਟਰ ਨੂੰ ਜ਼ੋਰਦਾਰ ਟੱਕਰ ਮਾਰੀ ਅਤੇ ਉਸ ਤੋਂ ਬਾਅਦ ਨੇੜੇ ਹੀ ਲੱਗੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਿਜਲੀ ਦਾ ਖੰਭਾ ਜੜੋਂ ਤੋਂ ਉਖੜ ਕੇ ਸੜਕ ’ਤੇ ਡਿੱਗ ਪਿਆ ਅਤੇ ਉਸ ਨਾਲ ਜੁੜੀਆਂ ਤਾਰਾਂ ਵੀ ਅਚਾਨਕ ਜਮੀਨ ’ਤੇ ਆ ਗਈਆਂ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਲੋਕ ਆਪਣੀਆਂ ਘਰਾਂ ਵਿੱਚੋਂ ਬਾਹਰ ਨਿਕਲ ਆਏ।
ਹਾਦਸੇ ਦੇ ਤੁਰੰਤ ਬਾਅਦ ਬਿਜਲੀ ਸਪਲਾਈ ਪ੍ਰਭਾਵਿਤ ਹੋ ਗਈ, ਜਿਸ ਕਰਕੇ ਛਾਉਣੀ ਮੁਹੱਲੇ ਸਮੇਤ ਨੇੜਲੇ ਕੁਝ ਇਲਾਕਿਆਂ ਵਿੱਚ ਘਰਾਂ ਅਤੇ ਦੁਕਾਨਾਂ ਦੀ ਬੱਤੀ ਬੰਦ ਹੋ ਗਈ। ਗਰਮੀ ਦੇ ਮੌਸਮ ਵਿੱਚ ਅਚਾਨਕ ਆਈ ਇਸ ਬਿਜਲੀ ਘਾਟ ਕਾਰਨ ਨਿਵਾਸੀਆਂ ਅਤੇ ਦੁਕਾਨਦਾਰਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ, ਟੱਕਰ ਨਾਲ ਐਕਟਿਵਾ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਤੁਰੰਤ ਹੀ ਪੁਲਿਸ ਅਤੇ ਬਿਜਲੀ ਵਿਭਾਗ ਨੂੰ ਇਸਦੀ ਸੂਚਨਾ ਦਿੱਤੀ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਦੇ ਛਾਉਣੀ ਮੁਹੱਲਾ ਦਫ਼ਤਰ ਵਿੱਚ ਤਾਇਨਾਤ ਐੱਸ. ਡੀ. ਓ. ਸ਼ਿਵ ਕੁਮਾਰ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਪੂਰੇ ਨੁਕਸਾਨ ਦੀ ਜਾਣਚ ਸ਼ੁਰੂ ਕੀਤੀ। ਉਹਨਾਂ ਨੇ ਕਿਹਾ ਕਿ ਟੁੱਟੇ ਖੰਭੇ ਅਤੇ ਤਾਰਾਂ ਦੀ ਤਬਦੀਲੀ ਲਈ ਤੁਰੰਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਇਲਾਕੇ ਦੀ ਬਿਜਲੀ ਸਪਲਾਈ ਜਲਦੀ ਬਹਾਲ ਕੀਤੀ ਜਾ ਸਕੇ।
ਇਸ ਦੇ ਨਾਲ ਹੀ ਪੁਲਿਸ ਵੱਲੋਂ ਕਾਰ ਚਾਲਕ ਦੀ ਗੱਡੀ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਐੱਸ. ਡੀ. ਓ. ਸ਼ਿਵ ਕੁਮਾਰ ਨੇ ਦੱਸਿਆ ਕਿ ਬਿਜਲੀ ਖੰਭੇ ਦੇ ਨੁਕਸਾਨ ਅਤੇ ਹੋਰ ਖਰਚੇ ਦਾ ਅੰਦਾਜ਼ਾ ਲਗਾ ਕੇ ਇਹ ਖਰਚਾ ਦੋਸ਼ੀ ਕਾਰ ਮਾਲਕ ਤੋਂ ਵਸੂਲਿਆ ਜਾਵੇਗਾ।
ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਛਾਉਣੀ ਮੁਹੱਲੇ ਦੀਆਂ ਤੰਗ ਗਲੀਆਂ ਵਿੱਚ ਅਕਸਰ ਤੇਜ਼ ਰਫ਼ਤਾਰ ਨਾਲ ਵਾਹਨ ਦੌੜਦੇ ਹਨ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਟ੍ਰੈਫ਼ਿਕ ਸਪੀਡ ਕੰਟਰੋਲ ਲਈ ਸਖ਼ਤ ਕਦਮ ਚੁੱਕੇ ਜਾਣ।
Leave a Reply