ਭਵਾਨੀਗੜ੍ਹ ਪੁਲਸ ਵੱਲੋਂ ਵੱਡੀ ਸਫ਼ਲਤਾ, ਥਾਰ ਗੱਡੀ ਅਤੇ ਹੋਰ ਸਮਾਨ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ…

ਭਵਾਨੀਗੜ੍ਹ : ਸਥਾਨਕ ਪੁਲਸ ਨੇ ਚੋਰੀ ਦੇ ਮਾਮਲੇ ਵਿੱਚ ਮਹੱਤਵਪੂਰਣ ਸਫ਼ਲਤਾ ਹਾਸਲ ਕਰਦਿਆਂ ਇੱਕ ਅੰਤਰ-ਜਿਲ੍ਹਾ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰੀ ਦੌਰਾਨ ਪੁਲਸ ਨੇ ਇਨ੍ਹਾਂ ਵੱਲੋਂ ਚੋਰੀ ਕੀਤੀ ਥਾਰ ਗੱਡੀ, ਗਹਿਣੇ ਅਤੇ ਹੋਰ ਸਮਾਨ ਵੀ ਬਰਾਮਦ ਕਰ ਲਿਆ ਹੈ।

ਸੂਚਨਾ ਮੁਤਾਬਕ, ਲੰਘੇ 7 ਸਤੰਬਰ ਨੂੰ ਭਵਾਨੀਗੜ੍ਹ ਦੇ ਨੇੜਲੇ ਪਿੰਡ ਮਾਝੀ ਵਿੱਚ ਇੱਕ ਘਰ ’ਚੋਂ ਚੋਰਾਂ ਨੇ ਥਾਰ ਗੱਡੀ, ਕੁਝ ਗਹਿਣੇ, ਐਲੈਕਟ੍ਰਾਨਿਕ ਸਮਾਨ ਅਤੇ ਘਰੇਲੂ ਵਰਤੋਂ ਦੀਆਂ ਵਸਤਾਂ ਚੋਰੀ ਕਰ ਲਈਆਂ ਸਨ। ਇਹ ਘਰ ਇੱਕ ਬਜ਼ੁਰਗ ਮਹਿਲਾ ਦਾ ਸੀ, ਜੋ ਉਸ ਵੇਲੇ ਘਰ ਤੋਂ ਬਾਹਰ ਗਈ ਹੋਈ ਸੀ। ਮੌਕਾ ਦੇਖਕੇ ਚੋਰਾਂ ਨੇ ਚੋਰੀ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ।

ਇਸ ਸਬੰਧੀ ਡੀ.ਐੱਸ.ਪੀ. ਰਾਹੁਲ ਕੌਂਸਲ ਅਤੇ ਥਾਣਾ ਮੁਖੀ ਸਬ ਇੰਸਪੈਕਟਰ ਅਵਤਾਰ ਸਿੰਘ ਦੀ ਅਗਵਾਈ ਹੇਠ ਇਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ। ਇਸ ਟੀਮ ਵਿੱਚ ਸਬ ਇੰਸਪੈਕਟਰ ਦਮਨਦੀਪ ਸਿੰਘ, ਹੈਡ ਕਾਂਸਟੇਬਲ ਗੁਰਜਿੰਦਰ ਸਿੰਘ, ਥਾਣਾ ਮੁਨਸ਼ੀ ਜਗਸੀਰ ਸਿੰਘ ਅਤੇ ਆਈ.ਟੀ. ਸੈੱਲ ਦੇ ਅਧਿਕਾਰੀ ਅਸ਼ਵਨੀ ਕੁਮਾਰ ਨੂੰ ਸ਼ਾਮਲ ਕੀਤਾ ਗਿਆ। ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਪਿੰਡ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਅਤੇ ਹੋਰ ਤਕਨੀਕੀ ਤਰੀਕਿਆਂ ਨਾਲ ਜਾਂਚ ਸ਼ੁਰੂ ਕੀਤੀ।

ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਸ ਚੋਰੀ ਦੀ ਘਟਨਾ ਵਿੱਚ ਪਿੰਡ ਮਾਝੀ ਦਾ ਰਹਿਣ ਵਾਲਾ ਬਿੱਕਰ ਸਿੰਘ ਉਰਫ਼ ਵਿੱਕੀ, ਜੋ ਇਥੇ ਫੋਟੋਗ੍ਰਾਫੀ ਦੀ ਦੁਕਾਨ ਕਰਦਾ ਹੈ, ਸ਼ਾਮਲ ਸੀ। ਉਸ ਨੇ ਆਪਣੇ ਰਿਸ਼ਤੇਦਾਰ ਗੁਰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਨਿਵਾਸੀ ਪਿੰਡ ਕੁਲਾਰਾ (ਸਮਾਣਾ) ਨਾਲ ਮਿਲ ਕੇ ਇਹ ਚੋਰੀ ਕੀਤੀ। ਬਿੱਕਰ ਸਿੰਘ ਨੂੰ ਘਰ ਬਾਰੇ ਪੂਰੀ ਜਾਣਕਾਰੀ ਸੀ ਕਿ ਇਥੇ ਇਕੱਲੀ ਬਜ਼ੁਰਗ ਮਹਿਲਾ ਰਹਿੰਦੀ ਹੈ ਅਤੇ ਉਹ ਘਰੋਂ ਬਾਹਰ ਗਈ ਹੋਈ ਹੈ।

ਪੁਲਸ ਨੇ ਦੋਵੇਂ ਚੋਰਾਂ ਨੂੰ ਕੁਝ ਦਿਨਾਂ ਦੇ ਅੰਦਰ ਹੀ ਗ੍ਰਿਫ਼ਤਾਰ ਕਰਕੇ ਇਨ੍ਹਾਂ ਦੀ ਨਿਸ਼ਾਨਦੇਹੀ ‘ਤੇ ਦਿੜਬਾ ਨੇੜਲੇ ਇਕ ਗੁਰੂਘਰ ਦੀ ਪਾਰਕਿੰਗ ਵਿੱਚ ਖੜ੍ਹੀ ਥਾਰ ਗੱਡੀ ਬਰਾਮਦ ਕਰ ਲਈ। ਇਸ ਤੋਂ ਇਲਾਵਾ, ਘਰ ਵਿੱਚੋਂ ਚੋਰੀ ਕੀਤੇ ਗਏ ਗਹਿਣਿਆਂ ਦੀ ਜਾਂਚ ਕਰਨ ’ਤੇ ਪਤਾ ਲੱਗਿਆ ਕਿ ਉਹ ਸਾਰੇ ਆਰਟੀਫ਼ਿਸ਼ਲ ਸਨ, ਸੋਨੇ ਦੇ ਨਹੀਂ। ਪੁਲਸ ਨੇ ਇਨ੍ਹਾਂ ਤੋਂ ਚੋਰੀ ਕੀਤਾ ਮਾਇਕਰੋਵੇਵ, ਐਸ.ਸੀ.ਡੀ. ਅਤੇ ਹੋਰ ਘਰੇਲੂ ਸਮਾਨ ਵੀ ਕਬਜ਼ੇ ਵਿੱਚ ਕਰ ਲਿਆ ਹੈ।

ਇਸ ਤੋਂ ਇਲਾਵਾ, ਜਾਂਚ ਦੌਰਾਨ ਪੁਲਸ ਨੇ ਇਹ ਵੀ ਖੁਲਾਸਾ ਕੀਤਾ ਕਿ ਬਿੱਕਰ ਸਿੰਘ ਨੇ ਪਿੰਡ ਗਹਿਲਾ ਦੀ ਇੱਕ ਸੁਸਾਇਟੀ ਵਿੱਚੋਂ ਚੋਰੀ ਹੋਏ ਕੰਪਿਊਟਰ ਅਤੇ ਹੋਰ ਸਮਾਨ ਵੀ ਆਪਣੇ ਕੋਲ ਰੱਖਿਆ ਸੀ, ਜੋ ਉਸ ਨੇ ਕਿਸੇ ਹੋਰ ਚੋਰ ਤੋਂ ਖਰੀਦਿਆ ਸੀ।

ਪੁਲਸ ਅਧਿਕਾਰੀਆਂ ਨੇ ਕਿਹਾ ਕਿ ਦੋਵੇਂ ਗ੍ਰਿਫ਼ਤਾਰ ਚੋਰਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ ਤਾਂ ਜੋ ਹੋਰ ਪੁੱਛਗਿੱਛ ਕਰਕੇ ਚੋਰੀਆਂ ਦੀ ਪੂਰੀ ਸਾਜ਼ਿਸ਼ ਦਾ ਖੁਲਾਸਾ ਹੋ ਸਕੇ। ਸਥਾਨਕ ਪੁਲਸ ਦੇ ਅਨੁਸਾਰ, ਇਸ ਕਾਰਵਾਈ ਨਾਲ ਨਾ ਸਿਰਫ਼ ਇੱਕ ਵੱਡੀ ਚੋਰੀ ਦੀ ਘਟਨਾ ਸੁਲਝੀ ਹੈ, ਬਲਕਿ ਇਲਾਕੇ ਦੇ ਲੋਕਾਂ ਵਿੱਚ ਵੀ ਪੁਲਸ ਪ੍ਰਤੀ ਭਰੋਸਾ ਵਧਿਆ ਹੈ।

Comments

Leave a Reply

Your email address will not be published. Required fields are marked *