ਅੰਮ੍ਰਿਤਸਰ – ਭਾਰਤ ਸਰਕਾਰ ਵਲੋਂ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ‘ਤੇ ਰੋਕ ਲਗਾਉਣ ਤੋਂ ਬਾਅਦ ਸਿੱਖ ਜਥੇਬੰਦੀਆਂ ਵਿਚ ਰੋਸ ਵਧ ਗਿਆ ਹੈ। ਇਹ ਮਾਮਲਾ ਉਸ ਵੇਲੇ ਗਰਮਾਇਆ ਜਦੋਂ ਭਾਰਤ ਸਰਕਾਰ ਵੱਲੋਂ ਵੱਖ-ਵੱਖ ਸੂਬਾਈ ਸਰਕਾਰਾਂ ਨੂੰ ਇਕ ਚਿੱਠੀ ਭੇਜ ਕੇ ਜਾਣਕਾਰੀ ਦਿੱਤੀ ਗਈ ਕਿ ਸੁਰੱਖਿਆ ਕਾਰਨਾਂ ਕਰਕੇ ਹੁਣ ਪਾਕਿਸਤਾਨ ਵਿਚ ਸਥਿਤ ਗੁਰਧਾਮਾਂ ਲਈ ਜਾਣ ਵਾਲੀਆਂ ਸਿੱਖ ਜਥਿਆਂ ਦੀਆਂ ਯਾਤਰਾਵਾਂ ਰੋਕ ਦਿੱਤੀਆਂ ਗਈਆਂ ਹਨ।
ਇਸ ਫ਼ੈਸਲੇ ‘ਤੇ ਸਭ ਤੋਂ ਵੱਡੀ ਪ੍ਰਤੀਕ੍ਰਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਸਾਹਮਣੇ ਆਈ ਹੈ। SGPC ਦੇ ਸਕੱਤਰ ਪ੍ਰਤਾਪ ਸਿੰਘ ਨੇ ਖੁੱਲ੍ਹੇ ਸ਼ਬਦਾਂ ਵਿੱਚ ਕਿਹਾ ਕਿ ਸਰਕਾਰ ਦਾ ਇਹ ਕਦਮ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹੈ। ਉਨ੍ਹਾਂ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਦਾ ਹਵਾਲਾ ਦੇ ਕੇ ਸਿੱਖ ਜਥਿਆਂ ਨੂੰ ਰੋਕਣਾ ਭਾਰਤ ਸਰਕਾਰ ਦੀ ਵੱਡੀ ਨਾਕਾਮੀ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਇਹ ਚਿੱਠੀ ਸਿੱਧੀ SGPC ਨੂੰ ਨਹੀਂ ਭੇਜੀ ਗਈ, ਸਗੋਂ ਸੂਬਾਈ ਸਰਕਾਰਾਂ ਰਾਹੀਂ ਇਹ ਸੁਨੇਹਾ ਦਿੱਤਾ ਗਿਆ। ਜੇਕਰ ਸੁਰੱਖਿਆ ਕਾਰਨਾਂ ਦੇ ਆਧਾਰ ‘ਤੇ ਯਾਤਰਾ ਰੋਕੀ ਗਈ ਹੈ ਤਾਂ ਇਹ ਆਪਣੇ ਆਪ ‘ਚ ਇਕ ਵੱਡਾ ਪ੍ਰਸ਼ਨ ਖੜ੍ਹਾ ਕਰਦਾ ਹੈ। ਪ੍ਰਤਾਪ ਸਿੰਘ ਨੇ ਸਵਾਲ ਕੀਤਾ ਕਿ ਜੇ ਪਾਕਿਸਤਾਨੀ ਸਰਕਾਰ ਸਿੱਖ ਯਾਤਰੀਆਂ ਦੀ ਸੁਰੱਖਿਆ ਕਰਨ ਵਿਚ ਅਸਮਰਥ ਹੁੰਦੀ ਤਾਂ ਉਹ ਖੁਦ ਹੀ ਇਜਾਜ਼ਤ ਨਾ ਦਿੰਦੀ। ਪਰ ਜਦੋਂ ਉੱਥੇ ਦੀ ਸਰਕਾਰ ਖੁੱਲ੍ਹ ਕੇ ਸਿੱਖ ਯਾਤਰੀਆਂ ਦਾ ਸਵਾਗਤ ਕਰਨ ਲਈ ਤਿਆਰ ਹੈ, ਤਾਂ ਭਾਰਤ ਸਰਕਾਰ ਵੱਲੋਂ ਪਾਬੰਦੀ ਲਗਾਉਣਾ ਬਿਲਕੁਲ ਨਾਜਾਇਜ਼ ਤੇ ਗਲਤ ਹੈ।
SGPC ਵੱਲੋਂ ਇਹ ਵੀ ਕਿਹਾ ਗਿਆ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਜਦੋਂ ਕ੍ਰਿਕਟ ਮੈਚ ਖੇਡੇ ਜਾ ਸਕਦੇ ਹਨ, ਦੋਵੇਂ ਦੇਸ਼ਾਂ ਦੇ ਕਲਾਕਾਰ ਇਕ-ਦੂਜੇ ਦੇਸ਼ ਵਿਚ ਜਾ ਸਕਦੇ ਹਨ, ਵਪਾਰਕ ਗਤੀਵਿਧੀਆਂ ਚੱਲ ਸਕਦੀਆਂ ਹਨ, ਤਾਂ ਫਿਰ ਧਾਰਮਿਕ ਕਾਰਨਾਂ ਕਰਕੇ ਸਿੱਖ ਯਾਤਰੀਆਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ?
ਪ੍ਰਤਾਪ ਸਿੰਘ ਨੇ ਅੱਗੇ ਕਿਹਾ ਕਿ ਜੰਗੀ ਹਾਲਾਤ ਜਾਂ ਤਣਾਅ ਦੇ ਸਮੇਂ ਇਨ੍ਹਾਂ ਕਿਸਮ ਦੀਆਂ ਪਾਬੰਦੀਆਂ ਲਗਾਉਣਾ ਤਾਂ ਸਮਝ ਆਉਂਦਾ ਹੈ, ਪਰ ਜਦੋਂ ਦੋਵੇਂ ਦੇਸ਼ਾਂ ਵਿਚਾਲੇ ਰਿਸ਼ਤੇ ਆਮ ਹਨ ਅਤੇ ਅਮਨ-ਸ਼ਾਂਤੀ ਦਾ ਮਾਹੌਲ ਹੈ, ਉਸ ਵੇਲੇ ਸਿੱਖਾਂ ਨੂੰ ਆਪਣੇ ਇਤਿਹਾਸਕ ਤੇ ਧਾਰਮਿਕ ਗੁਰਧਾਮਾਂ ਦੇ ਦਰਸ਼ਨ ਕਰਨ ਤੋਂ ਰੋਕਣਾ ਨਾ ਸਿਰਫ਼ ਧਾਰਮਿਕ ਆਜ਼ਾਦੀ ‘ਤੇ ਅਟੈਕ ਹੈ, ਸਗੋਂ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕਦਮ ਵੀ ਹੈ।
SGPC ਨੇ ਭਾਰਤ ਸਰਕਾਰ ਨੂੰ ਸਪੱਸ਼ਟ ਕੀਤਾ ਹੈ ਕਿ ਉਹ ਆਪਣੇ ਫ਼ੈਸਲੇ ‘ਤੇ ਮੁੜ ਵਿਚਾਰ ਕਰੇ ਅਤੇ ਸਿੱਖ ਜਥਿਆਂ ਨੂੰ ਗੁਰਧਾਮਾਂ ਦੀ ਯਾਤਰਾ ਲਈ ਇਜਾਜ਼ਤ ਦੇਵੇ। ਇਸ ਮਾਮਲੇ ਨੂੰ ਲੈ ਕੇ ਅਗਲੇ ਦਿਨਾਂ ਵਿਚ ਸਿੱਖ ਜਥੇਬੰਦੀਆਂ ਵੱਲੋਂ ਵੱਡਾ ਰੋਸ ਪ੍ਰਗਟਾਉਣ ਦੀ ਸੰਭਾਵਨਾ ਹੈ।
Leave a Reply