ਫਿਰੋਜ਼ਪੁਰ ਜ਼ਿਲ੍ਹੇ ਦੇ ਸ਼ਹਿਰੀ ਹਲਕੇ ਵਿੱਚ ਸਤਲੁਜ ਦਰਿਆ ਦੇ ਕੰਢੇ ਵੱਸਿਆ ਪਿੰਡ ਬੰਡਾਲਾ ਅਕਸਰ ਹੜ੍ਹਾਂ ਦੀ ਮਾਰ ਸਹਿੰਦਾ ਹੈ। ਪਾਣੀ ਨਾਲ ਘਿਰਿਆ ਇਹ ਪਿੰਡ ਅਕਸਰ ਲੋਕਾਂ ਦੀਆਂ ਮੁਸ਼ਕਲਾਂ ਦਾ ਕੇਂਦਰ ਬਣਦਾ ਹੈ, ਪਰ ਇਥੋਂ ਦੀ ਇੱਕ ਧੀ ਨੇ ਆਪਣੀ ਹਿੰਮਤ ਅਤੇ ਮੁਸ਼ੱਕਤ ਨਾਲ ਨਾ ਸਿਰਫ਼ ਆਪਣੇ ਪਰਿਵਾਰ, ਸਗੋਂ ਪੂਰੇ ਇਲਾਕੇ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ।
ਪਿੰਡ ਬੰਡਾਲਾ ਦੀ ਗੁਰਸ਼ਰਨ ਕੌਰ ਵਿਰਕ ਨੇ ਸਾਹਿਤ ਦੇ ਖੇਤਰ ਵਿੱਚ ਅਜਿਹਾ ਵਿਸ਼ਵ ਕੀਰਤੀਮਾਨ ਬਣਾਇਆ ਹੈ ਜਿਸ ਨਾਲ ਉਸਦਾ ਨਾਂ ਰਿਕਾਰਡ ਬੁੱਕ ਆਫ਼ ਇੰਡੀਆ ਵਿੱਚ ਦਰਜ ਹੋ ਗਿਆ ਹੈ। ਉਹ ਦੁਨੀਆ ਦੀ ਪਹਿਲੀ ਗੁਰਸਿੱਖ ਕੁੜੀ ਬਣੀ ਹੈ ਜਿਸ ਨੇ ਸਿਰਫ਼ ਡੇਢ ਮਿੰਟ ਵਿੱਚ ਅੱਠ ਕਵਿਤਾਵਾਂ ਲਿਖ ਕੇ ਇਹ ਅਨੋਖਾ ਰਿਕਾਰਡ ਆਪਣੇ ਨਾਂ ਕੀਤਾ। ਇਹ ਸਫਲਤਾ ਉਸਨੂੰ ਦਸ ਸਾਲਾਂ ਦੀ ਲਗਾਤਾਰ ਮਿਹਨਤ, ਹਿੰਮਤ ਅਤੇ ਸਮਰਪਣ ਤੋਂ ਬਾਅਦ ਪ੍ਰਾਪਤ ਹੋਈ।
ਗੁਰਸ਼ਰਨ ਕੌਰ, ਜੋ ਕਿ ਇਸ ਵੇਲੇ ਯੂ.ਪੀ.ਐਸ.ਸੀ. ਟੈਸਟ ਦੀ ਤਿਆਰੀ ਕਰ ਰਹੀ ਹੈ, ਆਪਣੇ ਨਾਂ ਨਾਲ ਆਪਣੇ ਪਿੰਡ ਦਾ ਤਖੁਲਸ “ਬੰਡਾਲਾ” ਜੋੜਦੀ ਹੈ। ਉਹ ਭਵਿੱਖ ਵਿੱਚ ਇੱਕ ਚੰਗੀ ਪ੍ਰਸ਼ਾਸਕ ਅਧਿਕਾਰੀ (IAS/IPS) ਬਣ ਕੇ ਆਪਣੇ ਪਿੰਡ ਅਤੇ ਪਿੱਛੜੇ ਇਲਾਕੇ ਦੀ ਤਸਵੀਰ ਬਦਲਣ ਦਾ ਸੁਪਨਾ ਰੱਖਦੀ ਹੈ। ਉਸਦਾ ਕਹਿਣਾ ਹੈ ਕਿ ਪਿਤਾ ਜਸਵੰਤ ਸਿੰਘ ਦੀਆਂ ਪ੍ਰੇਰਣਾਤਮਕ ਗੱਲਾਂ ਅਤੇ ਹੌਸਲਾ ਉਸਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਤਾਕਤ ਰਹੀ ਹੈ।
ਰਿਕਾਰਡ ਬਣਾਉਣ ਤੋਂ ਬਾਅਦ ਗੁਰਸ਼ਰਨ ਕੌਰ ਨੇ ਅੱਜ ਗੁਰਦੁਆਰਾ ਬਾਬਾ ਸਹਾਰੀ ਮੱਲ ਜੀ, ਅੱਕੂ ਮਸਤੇ ਕੇ ਵਿਖੇ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ‘ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸਮੇਤ ਬੁਲਾਰੇ ਦਿਲਬਾਗ ਸਿੰਘ ਵਿਰਕ, ਮੁੱਖ ਗ੍ਰੰਥੀ ਬਾਬਾ ਕਰਮ ਸਿੰਘ, ਕਾਬਲ ਸਿੰਘ, ਜਗਤਾਰ ਸਿੰਘ, ਰਣਜੀਤ ਸਿੰਘ ਸੰਧੂ, ਨਸ਼ੀਬ ਸਿੰਘ, ਗੁਰਜੀਤ ਸਿੰਘ ਆਦਿ ਹਾਜ਼ਰ ਰਹੇ। ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਨੇ ਗੁਰਸ਼ਰਨ ਕੌਰ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਬੋਲਦਿਆਂ ਗੁਰਸ਼ਰਨ ਕੌਰ ਨੇ ਕਿਹਾ –
“ਇਨਸਾਨ ਜੇਕਰ ਦ੍ਰਿੜ੍ਹ ਇਰਾਦੇ ਨਾਲ ਮਿਹਨਤ ਕਰੇ ਤਾਂ ਕੋਈ ਵੀ ਮੰਜ਼ਿਲ ਪਾਉਣਾ ਅਸੰਭਵ ਨਹੀਂ। ਮੈਨੂੰ ਭਾਵੇਂ ਇਹ ਰਿਕਾਰਡ ਬਣਾਉਣ ਲਈ ਦਸ ਸਾਲ ਲੱਗੇ, ਪਰ ਮੈਂ ਕਦੇ ਵੀ ਹੌਸਲਾ ਨਹੀਂ ਹਾਰਿਆ। ਵਾਹਿਗੁਰੂ ਦੇ ਅਸੀਸ ਨਾਲ ਹੀ ਇਹ ਉਪਲਬਧੀ ਸੰਭਵ ਹੋਈ ਹੈ।”
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਦਿਲਬਾਗ ਸਿੰਘ ਵਿਰਕ ਨੇ ਵੀ ਗੁਰਸ਼ਰਨ ਕੌਰ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੰਦਿਆਂ ਕਿਹਾ ਕਿ ਉਹ ਅੱਗੇ ਵੀ ਇਸੇ ਤਰ੍ਹਾਂ ਆਪਣੇ ਇਲਾਕੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰੇ।
Leave a Reply