ਨਵੀਂ ਦਿੱਲੀ : ਗੈਰ-ਕਾਨੂੰਨੀ ਔਨਲਾਈਨ ਸੱਟੇਬਾਜ਼ੀ ਐਪ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਆਪਣੀ ਜਾਂਚ ਦਾ ਘੇਰਾ ਹੋਰ ਵਧਾ ਦਿੱਤਾ ਹੈ। ਏਜੰਸੀ ਨੇ ਮੰਗਲਵਾਰ, 16 ਸਤੰਬਰ ਨੂੰ ਪੁਸ਼ਟੀ ਕੀਤੀ ਕਿ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਦੇ ਤਹਿਤ ਤਿੰਨ ਵੱਡੀਆਂ ਹਸਤੀਆਂ – ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ, ਸਾਬਕਾ ਕ੍ਰਿਕਟਰ ਰੌਬਿਨ ਉਥੱਪਾ ਅਤੇ ਪ੍ਰਸਿੱਧ ਬਾਲੀਵੁੱਡ ਅਦਾਕਾਰ ਸੋਨੂੰ ਸੂਦ – ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ। ਇਹ ਤਿੰਨੇ ਵਿਅਕਤੀ ਅਗਲੇ ਹਫ਼ਤੇ ਵੱਖ-ਵੱਖ ਦਿਨਾਂ ’ਚ ਈਡੀ ਦੇ ਸਾਹਮਣੇ ਪੇਸ਼ ਹੋਣਗੇ ਅਤੇ ਆਪਣੇ ਬਿਆਨ ਦਰਜ ਕਰਵਾਉਣਗੇ।
ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਇਹ ਸਮਨ 1xBet ਨਾਮਕ ਬੇਟਿੰਗ ਪਲੇਟਫਾਰਮ ਨਾਲ ਜੁੜੇ ਵੱਡੇ ਮਨੀ ਲਾਂਡਰਿੰਗ ਸਕੈਂਡਲ ਦੇ ਸੰਦਰਭ ਵਿੱਚ ਜਾਰੀ ਕੀਤੇ ਗਏ ਹਨ। ਰਿਪੋਰਟਾਂ ਅਨੁਸਾਰ, ਰੌਬਿਨ ਉਥੱਪਾ (39), ਯੁਵਰਾਜ ਸਿੰਘ (43) ਅਤੇ ਸੋਨੂੰ ਸੂਦ (52) ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਉਹਨਾਂ ਦੀ ਇਸ ਪਲੇਟਫਾਰਮ ਨਾਲ ਕੋਈ ਸਿੱਧੀ ਜਾਂ ਅਪਰੋਕਸ਼ ਭੂਮਿਕਾ ਰਹੀ ਹੈ ਜਾਂ ਨਹੀਂ।
ਕੀ ਹੈ ਪੂਰਾ ਮਾਮਲਾ?
ਈਡੀ ਦੀ ਜਾਂਚ ਦਾ ਕੇਂਦਰ 1xBet ਐਪ ਹੈ, ਜਿਸ ’ਤੇ ਲੱਖਾਂ ਉਪਭੋਗਤਾਵਾਂ ਨੂੰ ਗੈਰ-ਕਾਨੂੰਨੀ ਸੱਟੇਬਾਜ਼ੀ ਵਿੱਚ ਸ਼ਾਮਲ ਕਰਨ ਦਾ ਦੋਸ਼ ਹੈ। ਏਜੰਸੀ ਇਹ ਪਤਾ ਲਗਾਉਣ ਵਿੱਚ ਜੁਟੀ ਹੈ ਕਿ ਕੀ ਕੁਝ ਮਸ਼ਹੂਰ ਖਿਡਾਰੀਆਂ ਅਤੇ ਅਦਾਕਾਰਾਂ ਨੇ ਇਸ ਐਪ ਦੇ ਪ੍ਰਚਾਰ ਵਿੱਚ ਆਪਣਾ ਨਾਮ, ਚਿਹਰਾ ਜਾਂ ਬ੍ਰਾਂਡ ਵੈਲਿਊ ਦਿੱਤੀ ਸੀ ਅਤੇ ਇਸ ਦੇ ਬਦਲੇ ਉਹਨਾਂ ਨੂੰ ਕੋਈ ਭੁਗਤਾਨ ਕੀਤਾ ਗਿਆ ਸੀ ਜਾਂ ਨਹੀਂ।
ਰੌਬਿਨ ਉਥੱਪਾ ਦੇ ਕੇਸ ਵਿੱਚ ਖਾਸ ਤੌਰ ’ਤੇ ਇਹ ਜਾਣਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਉਨ੍ਹਾਂ ਦੀਆਂ ਤਸਵੀਰਾਂ ਜਾਂ ਵੀਡੀਓਜ਼ 1xBet ਦੀ ਮਾਰਕੀਟਿੰਗ ਮੁਹਿੰਮ ਵਿੱਚ ਵਰਤੀਆਂ ਗਈਆਂ ਸਨ। ਇਸੇ ਤਰ੍ਹਾਂ, ਯੁਵਰਾਜ ਸਿੰਘ ਅਤੇ ਸੋਨੂੰ ਸੂਦ ਦੀ ਵੀ ਭੂਮਿਕਾ ਨੂੰ ਖੰਗਾਲਿਆ ਜਾ ਰਿਹਾ ਹੈ ਕਿ ਉਹ ਕਿਸੇ ਤਰ੍ਹਾਂ ਦੇ ਵਿੱਤੀ ਜਾਂ ਗੈਰ-ਵਿੱਤੀ ਲਾਭ ਵਿੱਚ ਸ਼ਾਮਲ ਰਹੇ ਹਨ ਜਾਂ ਨਹੀਂ।
ਹੋਰ ਸਿਤਾਰੇ ਵੀ ਸਕੈਨਰ ਹੇਠ
ਇਹ ਪਹਿਲੀ ਵਾਰ ਨਹੀਂ ਹੈ ਕਿ ਈਡੀ ਨੇ ਵੱਡੇ ਸਿਤਾਰਿਆਂ ਨੂੰ ਤਲਬ ਕੀਤਾ ਹੈ। ਇਸ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੀ ਸਾਬਕਾ ਸੰਸਦ ਮੈਂਬਰ ਅਤੇ ਬੰਗਾਲੀ ਅਦਾਕਾਰਾ ਮਿਮੀ ਚੱਕਰਵਰਤੀ ਦਾ ਬਿਆਨ ਦਰਜ ਕੀਤਾ ਗਿਆ ਸੀ। ਸੋਮਵਾਰ ਨੂੰ ਬੰਗਾਲੀ ਫਿਲਮ ਅਦਾਕਾਰ ਅੰਕੁਸ਼ ਹਾਜ਼ਰਾ ਵੀ ਈਡੀ ਦੇ ਦਫ਼ਤਰ ਪਹੁੰਚੇ ਅਤੇ ਆਪਣੀ ਪੁੱਛਗਿੱਛ ਪੂਰੀ ਕੀਤੀ। ਇਸ ਤੋਂ ਇਲਾਵਾ, ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ, ਜੋ ਕਿ 1xBet ਦੀ ਇੰਡੀਆ ਬ੍ਰਾਂਡ ਅੰਬੈਸਡਰ ਹੈ, ਨੂੰ ਵੀ ਸਮਨ ਭੇਜਿਆ ਗਿਆ ਹੈ, ਪਰ ਉਹ ਹਾਲੇ ਤੱਕ ਜਾਂਚ ਅਧਿਕਾਰੀਆਂ ਦੇ ਸਾਹਮਣੇ ਪੇਸ਼ ਨਹੀਂ ਹੋਈ।
ਰੈਨਾ ਅਤੇ ਧਵਨ ਤੋਂ ਵੀ ਹੋਈ ਪੁੱਛਗਿੱਛ
ਈਡੀ ਨੇ ਹਾਲ ਹੀ ਵਿੱਚ ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਅਤੇ ਟੀਮ ਇੰਡੀਆ ਦੇ ਧਾਕੜ ਬੱਲੇਬਾਜ਼ ਸ਼ਿਖਰ ਧਵਨ ਤੋਂ ਵੀ ਪੁੱਛਗਿੱਛ ਕੀਤੀ ਸੀ। ਦਿੱਲੀ ਵਿੱਚ ਹੋਈ ਇਸ ਜਾਂਚ ਦੌਰਾਨ ਦੋਵੇਂ ਖਿਡਾਰੀਆਂ ਨੂੰ 1xBet ਨਾਲ ਜੁੜੇ ਸੰਭਾਵੀ ਪ੍ਰਚਾਰਕ ਸਬੰਧਾਂ ਬਾਰੇ ਵਿਸਥਾਰ ਵਿੱਚ ਸਵਾਲ ਪੁੱਛੇ ਗਏ ਸਨ।
ਕਰੋੜਾਂ ਦੀ ਧੋਖਾਧੜੀ ਦਾ ਸ਼ੱਕ
ਈਡੀ ਦੇ ਅਨੁਸਾਰ, ਇਹ ਪੂਰਾ ਜਾਲ ਸਿਰਫ਼ ਜੂਆ ਜਾਂ ਸੱਟੇਬਾਜ਼ੀ ਤੱਕ ਸੀਮਿਤ ਨਹੀਂ ਹੈ, ਸਗੋਂ ਇਸ ਰਾਹੀਂ ਕਥਿਤ ਤੌਰ ’ਤੇ ਕਰੋੜਾਂ ਰੁਪਏ ਦੀ ਮਨੀ ਲਾਂਡਰਿੰਗ ਅਤੇ ਟੈਕਸ ਚੋਰੀ ਕੀਤੀ ਗਈ ਹੈ। ਏਜੰਸੀ ਮੰਨਦੀ ਹੈ ਕਿ ਐਸੀ ਐਪਸ ਦੇ ਮਾਧਿਅਮ ਨਾਲ ਦੇਸ਼ ਭਰ ਦੇ ਲੋਕਾਂ ਤੋਂ ਬੇਹਿਸਾਬ ਪੈਸਾ ਇਕੱਠਾ ਕਰਕੇ ਗਲਤ ਢੰਗ ਨਾਲ ਵਿਦੇਸ਼ ਭੇਜਿਆ ਜਾਂਦਾ ਹੈ। ਇਸੀ ਕਾਰਨ, ਏਜੰਸੀ ਨੇ ਹਾਲੀਆਂ ਹਫ਼ਤਿਆਂ ਵਿੱਚ ਕਾਰਵਾਈ ਦੀ ਗਤੀ ਤੇਜ਼ ਕਰ ਦਿੱਤੀ ਹੈ।
ਅਗਲੇ ਕਦਮ
ਯੁਵਰਾਜ ਸਿੰਘ, ਰੌਬਿਨ ਉਥੱਪਾ ਅਤੇ ਸੋਨੂੰ ਸੂਦ ਦੀ ਪੁੱਛਗਿੱਛ ਤੋਂ ਮਿਲੇ ਨਵੇਂ ਤੱਥਾਂ ਅਧਾਰ ’ਤੇ ਈਡੀ ਹੋਰ ਕਾਰਵਾਈ ਕਰਨ ਦੀ ਯੋਜਨਾ ਬਣਾ ਰਹੀ ਹੈ। ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਜੇਕਰ ਇਹਨਾਂ ਹਸਤੀਆਂ ਦੀ ਕੋਈ ਵਿੱਤੀ ਲੈਣ-ਦੇਣ ਜਾਂ ਗਹਿਰੀ ਭੂਮਿਕਾ ਸਾਹਮਣੇ ਆਉਂਦੀ ਹੈ, ਤਾਂ ਭਵਿੱਖ ਵਿੱਚ ਵੱਡੇ ਕਾਨੂੰਨੀ ਕਦਮ ਵੀ ਚੁੱਕੇ ਜਾ ਸਕਦੇ ਹਨ।
Leave a Reply