ਜਲੰਧਰ : ਪੰਜਾਬ ਦੇ ਕਈ ਹਿੱਸਿਆਂ ਵਿੱਚ ਆਏ ਹੜ੍ਹ ਕਾਰਨ ਜਿਥੇ ਸੈਂਕੜੇ ਪਰਿਵਾਰਾਂ ਦੀ ਜ਼ਿੰਦਗੀ ਬਦਹਾਲ ਹੋ ਗਈ ਹੈ, ਉੱਥੇ ਹੀ ਸਮਾਜਿਕ ਸੰਸਥਾਵਾਂ ਅਤੇ ਸਹਿਯੋਗੀ ਸੰਗਠਨ ਅੱਗੇ ਆ ਕੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ। ਇਸ ਕੜੀ ਵਿੱਚ ਵਰਲਡ ਕੈਂਸਰ ਕੇਅਰ ਸੁਸਾਇਟੀ ਵੱਲੋਂ ਐੱਸਬੀਆਈ ਕਾਰਡ ਦੇ ਸੀਐੱਸਆਰ (ਕਾਰਪੋਰੇਟ ਸੋਸ਼ਲ ਰਿਸਪਾਂਸਬਿਲਟੀ) ਉਪਰਾਲੇ ਤਹਿਤ ਇਕ ਵੱਡੀ ਰਾਹਤ ਮੁਹਿੰਮ ਚਲਾਈ ਗਈ।
ਸੁਸਾਇਟੀ ਦੇ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਤਹਿਤ 500 ਰਾਹਤ ਕਿੱਟਾਂ ਵੰਡੀਆਂ ਗਈਆਂ, ਜਿਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਹੜ੍ਹ ਕਾਰਨ ਸਭ ਤੋਂ ਵੱਧ ਪ੍ਰਭਾਵਿਤ 15 ਪਿੰਡਾਂ ਦੇ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਇਆ ਗਿਆ। ਧਾਲੀਵਾਲ ਨੇ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪਾਸੀਆਂ ਨੂੰ ਕੇਂਦਰੀ ਵੰਡ ਕੇਂਦਰ ਬਣਾਇਆ ਗਿਆ, ਜਦਕਿ ਨੰਗਲ ਸੋਹਲ, ਕਤਲੇ ਰੋੜਾਵਾਲੀ, ਢਾਂਗੇ, ਜੱਟਾਂ ਸਮੇਤ ਹੋਰ ਆਸ-ਪਾਸ ਦੇ ਪਿੰਡਾਂ ਵਿੱਚ ਵੀ ਇਹ ਸਹਾਇਤਾ ਪਹੁੰਚਾਈ ਗਈ।
ਹਰ ਰਾਹਤ ਕਿੱਟ ਵਿੱਚ ਰੋਜ਼ਾਨਾ ਘਰੇਲੂ ਵਰਤੋਂ ਦੀਆਂ ਚੀਜ਼ਾਂ ਅਤੇ ਸਫਾਈ ਨਾਲ ਸੰਬੰਧਤ ਜ਼ਰੂਰੀ ਸਾਮਾਨ ਸ਼ਾਮਲ ਸੀ, ਜਿਸ ਦਾ ਮੁੱਖ ਟੀਚਾ ਸੀ ਹੜ੍ਹ ਕਾਰਨ ਬੇਘਰ ਹੋਏ ਅਤੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਨੂੰ ਤੁਰੰਤ ਮਦਦ ਮੁਹੱਈਆ ਕਰਵਾਉਣਾ। ਧਾਲੀਵਾਲ ਨੇ ਕਿਹਾ ਕਿ ਇਹ ਸਿਰਫ਼ ਇੱਕ ਰਾਹਤ ਸਮੱਗਰੀ ਨਹੀਂ, ਸਗੋਂ ਲੋਕਾਂ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਹੈ ਕਿ ਮੁਸ਼ਕਲ ਘੜੀ ਵਿੱਚ ਸਮਾਜ ਉਨ੍ਹਾਂ ਦੇ ਨਾਲ ਖੜ੍ਹਾ ਹੈ।
ਇਸ ਮੁਹਿੰਮ ਦੀ ਸਫਲਤਾ ਵਿੱਚ ਗਲੋਬਲ ਪੰਜਾਬੀ ਐਸੋਸੀਏਸ਼ਨ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦਾ ਦਰਿਆਦਿਲ ਸਹਿਯੋਗ, ਸਾਧਨਾਂ ਦੀ ਉਪਲਬਧਤਾ ਅਤੇ ਸੇਵਾ ਦੇ ਜਜ਼ਬੇ ਨੇ ਇਸ ਕਾਰਜ ਨੂੰ ਹੋਰ ਵੀ ਮਜ਼ਬੂਤ ਬਣਾਇਆ। ਧਾਲੀਵਾਲ ਨੇ ਕਿਹਾ ਕਿ ਇਹ ਸਾਂਝਾ ਉਪਰਾਲਾ ਦਰਸਾਉਂਦਾ ਹੈ ਕਿ ਐੱਸਬੀਆਈ ਕਾਰਡ ਦਾ ਸੀਐੱਸਆਰ ਪ੍ਰੋਗਰਾਮ ਅਤੇ ਵਰਲਡ ਕੈਂਸਰ ਕੇਅਰ ਸੁਸਾਇਟੀ ਸਿਰਫ਼ ਸਿਹਤ ਖੇਤਰ ਤੱਕ ਹੀ ਸੀਮਿਤ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਲਈ ਹਰ ਮੋਰਚੇ ‘ਤੇ ਸਮਰਪਿਤ ਹਨ।
ਸਥਾਨਕ ਲੋਕਾਂ ਨੇ ਵੀ ਇਸ ਮੁਹਿੰਮ ਦੀ ਵੱਡੇ ਪੱਧਰ ‘ਤੇ ਸਰਾਹਨਾ ਕੀਤੀ। ਕਈ ਪਰਿਵਾਰਾਂ ਨੇ ਦੱਸਿਆ ਕਿ ਹੜ੍ਹ ਕਾਰਨ ਉਹਨਾਂ ਦਾ ਘਰ-ਦੁਆਰ, ਰੋਜ਼ਾਨਾ ਵਰਤੋਂ ਦਾ ਸਾਰਾ ਸਾਮਾਨ ਅਤੇ ਜੀਵਨ ਯਾਪਨ ਦਾ ਸਾਧਨ ਤਬਾਹ ਹੋ ਗਿਆ ਸੀ। ਇਸ ਸੰਕਟ ਘੜੀ ਵਿੱਚ ਮਿਲੀ ਇਹ ਮਦਦ ਉਨ੍ਹਾਂ ਲਈ ਇੱਕ ਨਵੀਂ ਉਮੀਦ ਅਤੇ ਹੌਸਲਾ ਲੈ ਕੇ ਆਈ ਹੈ।
ਧਾਲੀਵਾਲ ਨੇ ਇਹ ਵੀ ਦੱਸਿਆ ਕਿ ਸੁਸਾਇਟੀ ਵੱਲੋਂ ਅਗਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੀਆਂ ਰਾਹਤ ਮੁਹਿੰਮਾਂ ਚਲਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ ਤਾਂ ਜੋ ਪ੍ਰਭਾਵਿਤ ਲੋਕਾਂ ਨੂੰ ਆਪਣੀ ਜ਼ਿੰਦਗੀ ਮੁੜ ਸਧਾਰਨ ਬਣਾਉਣ ਵਿੱਚ ਮਦਦ ਮਿਲ ਸਕੇ। ਉਨ੍ਹਾਂ ਕਿਹਾ ਕਿ “ਸਾਡਾ ਟੀਚਾ ਕੇਵਲ ਤੁਰੰਤ ਮਦਦ ਮੁਹੱਈਆ ਕਰਵਾਉਣਾ ਨਹੀਂ, ਸਗੋਂ ਪੀੜਤ ਲੋਕਾਂ ਨੂੰ ਇੱਜ਼ਤ ਨਾਲ ਆਪਣੀ ਜ਼ਿੰਦਗੀ ਮੁੜ ਸ਼ੁਰੂ ਕਰਨ ਵਿੱਚ ਸਹਾਰਾ ਦੇਣਾ ਹੈ।”
ਇਹ ਰਾਹਤ ਮੁਹਿੰਮ ਦਰਸਾਉਂਦੀ ਹੈ ਕਿ ਸਮਾਜਕ ਸਹਿਯੋਗ ਅਤੇ ਮਨੁੱਖਤਾ ਦੇ ਜਜ਼ਬੇ ਨਾਲ ਕੋਈ ਵੀ ਮੁਸ਼ਕਲ ਘੜੀ ਪਾਰ ਕੀਤੀ ਜਾ ਸਕਦੀ ਹੈ।
Leave a Reply