ਚੰਡੀਗੜ੍ਹ – ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਮਾਮਲੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖਹਿਰਾ ਮੀਡੀਆ ਉੱਤੇ ਗੁੱਸਾ ਜ਼ਾਹਰ ਕਰ ਰਹੇ ਹਨ ਕਿ ਝੂਠੀਆਂ ਖ਼ਬਰਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਹਾਈਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਹੈ। ਧਾਲੀਵਾਲ ਦੇ ਮੁਤਾਬਕ, ਇਹ ਪ੍ਰਤੀਕ੍ਰਿਆ ਸਿਰਫ਼ ਉਨ੍ਹਾਂ ਦੇ ਅੰਦਰਲੇ ਡਰ ਦਾ ਨਤੀਜਾ ਹੈ।
ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵਲੋਂ ਇਸ ਮਾਮਲੇ ਵਿੱਚ ਕੋਈ ਨਵੀਂ ਕਾਰਵਾਈ ਨਹੀਂ ਕੀਤੀ ਗਈ। ਪਰ, ਜਿਸ ਦਿਨ ਖਹਿਰਾ ਦੇ ਸਾਬਕਾ ਸੁਰੱਖਿਆ ਅਫ਼ਸਰ ਜੋਗਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਸ ਦਿਨ ਤੋਂ ਹੀ ਖਹਿਰਾ ਨਾਰਾਜ਼ ਹਨ। ਇਹ ਕੇਸ ਇਸ ਵੇਲੇ ਅਦਾਲਤ ਵਿੱਚ ਹੈ ਅਤੇ ਪੁਲਸ ਵਲੋਂ ਜਾਂਚ ਜਾਰੀ ਹੈ।
ਧਾਲੀਵਾਲ ਨੇ ਦੱਸਿਆ ਕਿ 2023 ਵਿੱਚ ਸ਼ੁਰੂ ਹੋਈ ਇਕ ਜਾਂਚ ਦੇ ਸਬੰਧ ਵਿੱਚ ਖਹਿਰਾ ਨੇ ਹਾਈਕੋਰਟ ਵਿੱਚ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ, ਪਰ ਬਾਅਦ ਵਿੱਚ ਖੁਦ ਹੀ ਉਸਨੂੰ ਵਾਪਸ ਲੈ ਲਿਆ। “ਜੇ ਖਹਿਰਾ ਦੇ ਖ਼ਿਲਾਫ਼ ਕੁਝ ਨਹੀਂ, ਤਾਂ ਜੋਗਾ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਇੰਨਾ ਬੇਚੈਨ ਕਿਉਂ ਹੋ ਰਹੇ ਹੋ?” ਧਾਲੀਵਾਲ ਨੇ ਸਵਾਲ ਕੀਤਾ।
ਉਨ੍ਹਾਂ ਕਿਹਾ ਕਿ ਖਹਿਰਾ ਨੂੰ ਕਿਤੇ ਨਾ ਕਿਤੇ ਗ੍ਰਿਫ਼ਤਾਰੀ ਦਾ ਡਰ ਹੈ, ਇਸ ਲਈ ਹੀ ਉਹ ਅਦਾਲਤ ਦੇ ਦਰਵਾਜ਼ੇ ਖੜਕਾ ਰਹੇ ਹਨ। ਧਾਲੀਵਾਲ ਨੇ ਦੋਹਰਾਇਆ ਕਿ ਇਹ ਪੁਲਸ ਦੀ ਕਾਰਵਾਈ ਹੈ ਅਤੇ ਸਰਕਾਰ “ਨਸ਼ਿਆਂ ਵਿਰੁੱਧ ਯੁੱਧ” ਮੁਹਿੰਮ ਚਲਾ ਰਹੀ ਹੈ, ਜਿਸ ਵਿੱਚ ਕਿਸੇ ਵੀ ਨਸ਼ਾ ਤਸਕਰ ਨੂੰ ਛੱਡਿਆ ਨਹੀਂ ਜਾਵੇਗਾ।
ਉਨ੍ਹਾਂ ਕਿਹਾ, “ਅਸੀਂ ਆਪਣਾ ਕੰਮ ਸਿਧੇ ਤਰੀਕੇ ਨਾਲ ਕਰ ਰਹੇ ਹਾਂ। ਖਹਿਰਾ ਦੇ ਮਾਮਲੇ ਵਿੱਚ ਪੁਲਸ ਵਲੋਂ ਪੂਰੀ ਜਾਂਚ ਕੀਤੀ ਜਾ ਰਹੀ ਹੈ।”
ਯਾਦ ਰਹੇ ਕਿ ਅੱਜ ਮੀਡੀਆ ਵਿੱਚ ਖ਼ਬਰ ਆਈ ਸੀ ਕਿ ਹਾਈਕੋਰਟ ਨੇ ਖਹਿਰਾ ਦੀ ਜ਼ਮਾਨਤ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਸੰਭਵ ਹੈ। ਇਸ ਖ਼ਬਰ ਤੋਂ ਬਾਅਦ ਖਹਿਰਾ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ।
Leave a Reply