ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਛੜਿਆਂ ਦੀ ਚਿੱਠੀ — ਪਿੰਡ ਦੀ ਪੰਚਾਇਤ ਕੋਲ ਵਿਆਹ ਲਈ ਮਦਦ ਦੀ ਮੰਗ…

ਮੋਗਾ: ਪਿੰਡ ਹਿੰਮਤਪੁਰਾ ਦੇ 30 ਸਾਲ ਦੇ ਕਈ ਛੜੇ ਨੌਜਵਾਨਾਂ ਨੇ ਪਿੰਡ ਦੀ ਪੰਚਾਇਤ ਅਤੇ ਸਰਪੰਚ ਬਾਦਲ ਸਿੰਘ ਨੂੰ ਇੱਕ ਚਿੱਠੀ ਲਿਖ ਕੇ ਆਪਣੀਆਂ ਖਾਸ ਮੰਗਾਂ ਰੱਖੀਆਂ ਹਨ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇ ਮੰਗਾਂ ‘ਤੇ ਜਲਦੀ ਕਾਰਵਾਈ ਨਾ ਹੋਈ ਤਾਂ ਪਿੰਡ ਦੀ ਪੰਚਾਇਤ ਅਤੇ ਸਰਕਾਰ ਖ਼ਿਲਾਫ਼ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਇਹ ਚਿੱਠੀ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਚਿੱਠੀ ਵਿੱਚ ਨੌਜਵਾਨਾਂ ਨੇ ਲਿਖਿਆ ਹੈ ਕਿ ਉਨ੍ਹਾਂ ਦੀ ਵਿਆਹ ਦੀ ਉਮਰ ਨਿਕਲ ਰਹੀ ਹੈ, ਪਰ ਰਿਸ਼ਤੇ ਨਹੀਂ ਮਿਲ ਰਹੇ। ਇਸ ਕਾਰਨ ਲੋਕ ਉਨ੍ਹਾਂ ਨੂੰ “ਛੜਾ” ਕਹਿ ਕੇ ਤੰਗ ਕਰਦੇ ਹਨ। ਉਨ੍ਹਾਂ ਪੰਚਾਇਤ ਨੂੰ ਬੇਨਤੀ ਕੀਤੀ ਹੈ ਕਿ ਜਲਦੀ ਤੋਂ ਜਲਦੀ ਉਨ੍ਹਾਂ ਲਈ ਰਿਸ਼ਤੇ ਲੱਭ ਕੇ ਵਿਆਹ ਕਰਵਾਏ ਜਾਣ। ਉਨ੍ਹਾਂ ਦਲੀਲ ਦਿੱਤੀ ਕਿ ਇਸ ਨਾਲ ਪਿੰਡ ਦੇ ਵੋਟਰਾਂ ਦੀ ਗਿਣਤੀ ਵੱਧੇਗੀ, ਜੋ ਪੰਚਾਇਤ ਲਈ ਵੀ ਫਾਇਦਾਮੰਦ ਰਹੇਗੀ।

ਨੌਜਵਾਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿਕਾਸ ਕਾਰਜ ਤਾਂ ਹੁੰਦੇ ਰਹਿਣਗੇ, ਪਰ ਪਹਿਲਾਂ ਉਨ੍ਹਾਂ ਦੀ ਮੰਗ ‘ਤੇ ਧਿਆਨ ਦਿੱਤਾ ਜਾਵੇ। ਨਾ ਤਾਂ ਉਹ ਤਿੱਖਾ ਸੰਘਰਸ਼ ਸ਼ੁਰੂ ਕਰਨਗੇ। ਉਨ੍ਹਾਂ ਐਲਾਨ ਕੀਤਾ ਕਿ ਇਹ ਮੁਹਿੰਮ ਹਿੰਮਤਪੁਰਾ ਤੋਂ ਸ਼ੁਰੂ ਹੋ ਕੇ ਪੂਰੇ ਪੰਜਾਬ ਵਿੱਚ ਫੈਲਾਈ ਜਾਵੇਗੀ, ਜਿਸ ਦਾ ਸਰਕਾਰ ਨੂੰ ਨਤੀਜਾ ਭੁਗਤਣਾ ਪਵੇਗਾ।

ਚਿੱਠੀ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਛੜਿਆਂ ਨੇ ਹੀ ਬਾਦਲ ਸਿੰਘ ਨੂੰ ਵੱਡੀ ਲੀਡ ਨਾਲ ਪਿੰਡ ਦਾ ਸਰਪੰਚ ਬਣਾਇਆ ਸੀ ਅਤੇ ਪੰਜਾਬ ਵਿੱਚ ਸਰਕਾਰ ਬਣਾਉਣ ਵਿੱਚ ਵੀ ਛੜਿਆਂ ਦਾ ਯੋਗਦਾਨ ਰਿਹਾ ਹੈ। ਪਰ ਹੁਣ ਸਰਕਾਰ ਦੇ ਚੁਣੇ ਨੁਮਾਇੰਦਿਆਂ ਨੇ ਆਪਣੇ ਵਿਆਹ ਤਾਂ ਕਰ ਲਏ, ਪਰ ਆਪਣੇ ਵੋਟਰਾਂ ਦੀ ਕੋਈ ਪਰਵਾਹ ਨਹੀਂ ਕੀਤੀ। ਇਸ ਕਰਕੇ ਉਹ ਇਸ ਕਦਮ ਲਈ ਮਜਬੂਰ ਹੋਏ ਹਨ।

ਚਿੱਠੀ ‘ਤੇ ਸੰਦੀਪ ਸਿੰਘ, ਕੁਲਵਿੰਦਰ ਸਿੰਘ, ਕੋਮਲਦੀਪ ਸਿੰਘ, ਸਿਮਰਜੀਤ ਸਿੰਘ, ਮੋਹਣ ਸਿੰਘ, ਅਮਰਿੰਦਰ ਸਿੰਘ, ਮਨਿੰਦਰ ਸਿੰਘ ਆਦਿ ਦੇ ਦਸਤਖ਼ਤ ਹਨ।

Comments

Leave a Reply

Your email address will not be published. Required fields are marked *