ਨਵੀਂ ਦਿੱਲੀ : ਭਾਰਤ-ਪਾਕਿਸਤਾਨ ਵੰਡ ਦੇ 77 ਸਾਲ ਪੂਰੇ ਹੋਣ ਦੇ ਮੌਕੇ ‘ਤੇ, ਐਨਸੀਆਰਟੀ (NCERT) ਨੇ ਇਤਿਹਾਸਕ ਘਟਨਾਵਾਂ ਨੂੰ ਹੋਰ ਡੂੰਘਾਈ ਨਾਲ ਸਮਝਣ ਲਈ ਇੱਕ ਵਿਸ਼ੇਸ਼ ਮਾਡਿਊਲ ਤਿਆਰ ਕੀਤਾ ਹੈ। 14 ਅਗਸਤ, ਜਿਸ ਦਿਨ 1947 ਵਿੱਚ ਭਾਰਤ ਵੰਡਿਆ ਗਿਆ ਸੀ, ਨੂੰ ਸਰਕਾਰ ਪਹਿਲਾਂ ਹੀ “ਵੰਡ ਦਾ ਦਹਿਸ਼ਤੀ ਯਾਦਗਾਰੀ ਦਿਵਸ” ਘੋਸ਼ਿਤ ਕਰ ਚੁੱਕੀ ਹੈ। ਇਸੇ ਦਿਨ ਨੂੰ ਧਿਆਨ ਵਿੱਚ ਰੱਖਦਿਆਂ, ਨਵਾਂ ਮਾਡਿਊਲ ਜਾਰੀ ਕੀਤਾ ਗਿਆ ਹੈ ਜੋ ਵਿਦਿਆਰਥੀਆਂ ਨੂੰ ਉਸ ਸਮੇਂ ਦੀਆਂ ਹਕੀਕਤਾਂ ਨਾਲ ਰੂਬਰੂ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ।
ਇਸ ਮਾਡਿਊਲ ਵਿੱਚ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਭਾਰਤ ਦੀ ਵੰਡ ਕਿਸੇ ਇੱਕ ਵਿਅਕਤੀ ਜਾਂ ਇੱਕ ਧਿਰ ਕਾਰਨ ਨਹੀਂ ਹੋਈ ਸੀ, ਸਗੋਂ ਤਿੰਨ ਵੱਡੇ ਚਿਹਰਿਆਂ ਨੇ ਇਸ ਵਿੱਚ ਮੁੱਖ ਭੂਮਿਕਾ ਨਿਭਾਈ।
*ਮੁਹੰਮਦ ਅਲੀ ਜਿਨਾਹ – ਜਿਨ੍ਹਾਂ ਨੇ ਵੰਡ ਦੀ ਮੰਗ ਖੁੱਲ੍ਹ ਕੇ ਰੱਖੀ।
*ਕਾਂਗਰਸ ਪਾਰਟੀ – ਜਿਸ ਨੇ ਆਖ਼ਰਕਾਰ ਇਸ ਮੰਗ ਨੂੰ ਸਵੀਕਾਰ ਕਰ ਲਿਆ।
*ਲਾਰਡ ਮਾਊਂਟਬੈਟਨ – ਬ੍ਰਿਟਿਸ਼ ਵਾਇਸਰਾਏ, ਜਿਨ੍ਹਾਂ ਨੇ ਵੰਡ ਨੂੰ ਮਨਜ਼ੂਰੀ ਦਿੱਤੀ।
ਇਹ ਮਾਡਿਊਲ ‘ਵੰਡ ਦੇ ਅਪਰਾਧੀ’ (Criminals of Partition) ਸਿਰਲੇਖ ਹੇਠ ਪੇਸ਼ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ 6ਵੀਂ ਤੋਂ 8ਵੀਂ ਅਤੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੱਖ-ਵੱਖ ਤਰੀਕੇ ਨਾਲ ਇਹ ਸਿੱਖਿਆ ਸਮੱਗਰੀ ਤਿਆਰ ਕੀਤੀ ਗਈ ਹੈ।
ਜ਼ਰੂਰੀ ਗੱਲ ਇਹ ਹੈ ਕਿ ਇਹ ਮਾਡਿਊਲ ਕਿਸੇ ਵੀ ਜਮਾਤ ਦੇ ਨਿਯਮਤ ਪਾਠਕ੍ਰਮ ਦਾ ਹਿੱਸਾ ਨਹੀਂ ਬਣੇਗਾ। ਇਸ ਦੀ ਬਜਾਏ, ਇਸਨੂੰ ਪੂਰਕ ਵਿਦਿਅਕ ਸਮੱਗਰੀ ਵਜੋਂ ਵਰਤਿਆ ਜਾਵੇਗਾ। ਬੱਚਿਆਂ ਨੂੰ ਇਸ ਰਾਹੀਂ ਵੰਡ ਦੇ ਦੁਖਦਾਈ ਇਤਿਹਾਸ ਬਾਰੇ ਜਾਗਰੂਕ ਕਰਨ ਲਈ ਪੋਸਟਰਾਂ, ਡਿਬੇਟਾਂ, ਪ੍ਰੋਜੈਕਟਾਂ ਅਤੇ ਚਰਚਾਵਾਂ ਦਾ ਆਯੋਜਨ ਕੀਤਾ ਜਾਵੇਗਾ।
ਸਰਕਾਰੀ ਸਰੋਤਾਂ ਅਨੁਸਾਰ, ਇਸ ਮਾਡਿਊਲ ਦਾ ਉਦੇਸ਼ ਨਵੀਂ ਪੀੜ੍ਹੀ ਨੂੰ ਇਹ ਸਮਝਾਉਣਾ ਹੈ ਕਿ 1947 ਦੀ ਵੰਡ ਨਾਲ ਨਾ ਸਿਰਫ਼ ਭੂਗੋਲਿਕ ਨਕਸ਼ਾ ਬਦਲਿਆ ਸੀ, ਸਗੋਂ ਇਸ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ, ਸਭਿਆਚਾਰ ਅਤੇ ਸਮਾਜਕ ਢਾਂਚੇ ‘ਤੇ ਡੂੰਘਾ ਪ੍ਰਭਾਵ ਪਾਇਆ ਸੀ।
Leave a Reply