ਬਠਿੰਡਾ ਵਿੱਚ ਸੱਤਵੀਂ ਜਮਾਤ ਦੀ ਇੱਕ ਵਿਦਿਆਰਥਣ ਨਾਲ ਸਕੂਲ ਵੈਨ ਚਾਲਕ ਵੱਲੋਂ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਪੀੜਤ ਕੁੜੀ ਦੇ ਮਾਪਿਆਂ ਨੇ ਇਨਸਾਫ਼ ਦੀ ਮੰਗ ਕਰਦੇ ਹੋਏ ਸਕੂਲ ਦੇ ਬਾਹਰ ਧਰਨਾ ਲਗਾਇਆ ਅਤੇ ਨਾਅਰੇਬਾਜ਼ੀ ਕੀਤੀ।
ਜਾਣਕਾਰੀ ਮੁਤਾਬਕ, 13 ਅਗਸਤ ਨੂੰ ਜਦੋਂ ਕੁੜੀ ਸਕੂਲ ਤੋਂ ਵੈਨ ਰਾਹੀਂ ਘਰ ਵਾਪਸ ਆਈ ਤਾਂ ਉਸਨੇ ਮਾਤਾ ਨੂੰ ਦੱਸਿਆ ਕਿ ਡਰਾਈਵਰ ਮਲਕੀਤ ਸਿੰਘ ਨੇ ਉਸ ਨਾਲ ਛੇੜਛਾੜ ਕੀਤੀ ਅਤੇ ਗਲਤ ਤਰੀਕੇ ਨਾਲ ਛੂਹਿਆ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਵੈਨ ਵਿੱਚ ਹੋਰ ਕੋਈ ਵੀ ਬੱਚਾ ਨਹੀਂ ਸੀ।
ਕੁੜੀ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ਪ੍ਰਬੰਧਕਾਂ ਨੇ ਉਨ੍ਹਾਂ ਦਾ ਕੋਈ ਸਾਥ ਨਹੀਂ ਦਿੱਤਾ ਅਤੇ ਨਾ ਹੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਭਰੋਸਾ ਦਿੱਤਾ। ਇਸ ਕਰਕੇ ਉਨ੍ਹਾਂ ਨੇ ਸਕੂਲ ਤੋਂ ਖੁੱਲ੍ਹੀ ਮਾਫ਼ੀ ਅਤੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ।
ਇਸ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਵੈਨ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।
ਦੂਜੇ ਪਾਸੇ, ਸਕੂਲ ਪ੍ਰਸ਼ਾਸਨ ਨੇ ਘਟਨਾ ‘ਤੇ ਦੁੱਖ ਜਤਾਇਆ ਹੈ ਅਤੇ ਕਿਹਾ ਹੈ ਕਿ ਸਕੂਲ ਵੈਨਾਂ ਸਿੱਧੇ ਤੌਰ ‘ਤੇ ਸਕੂਲ ਦੇ ਅਧੀਨ ਨਹੀਂ ਹੁੰਦੀਆਂ। ਫਿਰ ਵੀ ਜੋ ਵਾਪਰਿਆ, ਉਹ ਬਿਲਕੁਲ ਗਲਤ ਹੈ। ਸਕੂਲ ਨੇ ਮਾਫ਼ੀ ਮੰਗਦਿਆਂ ਆਪਣਾ ਪੱਖ ਰੱਖਿਆ ਪਰ ਮਾਪੇ ਅਜੇ ਵੀ ਧਰਨਾ ਜਾਰੀ ਰੱਖੇ ਹੋਏ ਹਨ।
Leave a Reply