ਪੰਜਾਬ ਵਿੱਚ ਆਏ ਹੜ੍ਹਾਂ ਨੇ ਜਿੱਥੇ ਸੈਂਕੜਿਆਂ ਪਰਿਵਾਰਾਂ ਦੇ ਘਰ-ਬਾਰ, ਖੇਤ-ਖਲਿਹਾਨ ਅਤੇ ਪਸ਼ੂ ਤਬਾਹ ਕਰ ਦਿੱਤੇ ਹਨ, ਉੱਥੇ ਹੀ ਵੱਡੇ ਪੱਧਰ ’ਤੇ ਮਨੁੱਖੀ ਜਾਨਾਂ ਦਾ ਵੀ ਨੁਕਸਾਨ ਹੋਇਆ ਹੈ। ਇਸ ਮੁਸ਼ਕਲ ਘੜੀ ਵਿੱਚ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਪੀੜਤਾਂ ਦੀ ਸਹਾਇਤਾ ਲਈ ਅੱਗੇ ਆ ਰਹੀਆਂ ਹਨ। ਇਸੀ ਕੜੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਅੰਮ੍ਰਿਤਸਰ ਦੇ ਭਾਈ ਗੁਰਦਾਸ ਹਾਲ ਵਿਖੇ ਹੜ੍ਹ ਰਾਹਤ ਕੇਂਦਰ ਸਥਾਪਿਤ ਕੀਤਾ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ 15 ਦਿਨਾਂ ਤੋਂ ਪੰਜਾਬ ਦੇ ਕਈ ਜ਼ਿਲ੍ਹੇ—ਖ਼ਾਸ ਕਰਕੇ ਸੁਲਤਾਨਪੁਰ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਗੋਇੰਦਵਾਲ ਸਾਹਿਬ—ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਇਸ ਹਾਲਤ ਨੂੰ ਵੇਖਦਿਆਂ SGPC ਵੱਲੋਂ ਰਾਸ਼ਨ, ਲੰਗਰ, ਦਵਾਈਆਂ ਅਤੇ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਕੋਈ ਵੀ ਪਰਿਵਾਰ ਜਾਂ ਪਸ਼ੂ ਭੁੱਖਾ ਨਾ ਰਹੇ।
ਇਸ ਤੋਂ ਇਲਾਵਾ, ਹੜ੍ਹਾਂ ਕਾਰਨ ਫੈਲ ਰਹੀ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਉਣ ਲਈ SGPC ਨੇ ਮੱਛਰ ਰੋਕੂ ਸਪਰੇਅ ਮਸ਼ੀਨਾਂ ਦਾ ਵੀ ਇੰਤਜ਼ਾਮ ਕੀਤਾ ਹੈ। ਹੁਣ ਤੱਕ 10 ਮਸ਼ੀਨਾਂ ਵੱਖ–ਵੱਖ ਗੁਰਦੁਆਰਿਆਂ ਰਾਹੀਂ ਪ੍ਰਭਾਵਿਤ ਇਲਾਕਿਆਂ ਵਿੱਚ ਭੇਜੀਆਂ ਗਈਆਂ ਹਨ, ਜਦਕਿ ਅਗਲੇ ਕੁਝ ਦਿਨਾਂ ਵਿੱਚ ਹੋਰ 40–50 ਮਸ਼ੀਨਾਂ ਵੰਡੀਆਂ ਜਾਣਗੀਆਂ।
ਸਹਾਇਤਾ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਹੈ, ਬਲਕਿ ਹਰਿਆਣਾ ਅਤੇ ਯੂ.ਪੀ. ਦੀਆਂ ਸੰਗਤਾਂ ਵੀ ਵੱਡੇ ਪੱਧਰ ’ਤੇ ਹੱਥ ਵਧਾ ਰਹੀਆਂ ਹਨ। ਹਰਿਆਣੇ ਦੀ ਸੰਗਤ ਵੱਲੋਂ ਦਾਲਾਂ, ਖੰਡ, ਘਿਉ ਆਦਿ ਭੇਜੇ ਗਏ ਹਨ, ਜਦਕਿ ਯੂ.ਪੀ. ਤੋਂ ਕਣਕ ਅਤੇ ਹੋਰ ਰਾਸ਼ਨ ਭੇਜ ਕੇ ਹੜ੍ਹ ਪੀੜਤਾਂ ਦੀ ਸੇਵਾ ਕੀਤੀ ਜਾ ਰਹੀ ਹੈ।
ਪ੍ਰਤਾਪ ਸਿੰਘ ਨੇ ਕਿਹਾ ਕਿ SGPC ਹਮੇਸ਼ਾ ਮਨੁੱਖਤਾ ਦੀ ਸੇਵਾ ਵਿੱਚ ਅੱਗੇ ਰਹੀ ਹੈ। ਚਾਹੇ ਗੁਜਰਾਤ ਦਾ ਭੂਚਾਲ ਹੋਵੇ, ਨੇਪਾਲ ਦੀ ਕੁਦਰਤੀ ਆਫ਼ਤ, ਉੜੀਸਾ ਦੇ ਹੜ੍ਹ ਜਾਂ ਕਰੋਨਾ ਮਹਾਂਮਾਰੀ—ਹਰ ਸਮੇਂ ਸ਼੍ਰੋਮਣੀ ਕਮੇਟੀ ਨੇ ਲੋਕਾਂ ਦੀ ਸਹਾਇਤਾ ਕਰਨ ਵਿੱਚ ਕੋਈ ਕਮੀ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਇਸ ਸਮੇਂ ਸਾਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਮਨੁੱਖੀ ਜ਼ਿੰਦਗੀਆਂ ਅਤੇ ਪਸ਼ੂਆਂ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ।
SGPC ਨੇ ਇਹ ਵੀ ਐਲਾਨ ਕੀਤਾ ਹੈ ਕਿ ਜਿਵੇਂ–ਜਿਵੇਂ ਪਾਣੀ ਥੱਲੇ ਹਟੇਗਾ, ਪੀੜਤ ਪਰਿਵਾਰਾਂ ਦੀ ਵੱਡੇ ਪੱਧਰ ’ਤੇ ਸਹਾਇਤਾ ਕੀਤੀ ਜਾਵੇਗੀ। ਇਸ ਵਿੱਚ ਕਿਸਾਨਾਂ ਲਈ ਡੀਜ਼ਲ, ਖੇਤਾਂ ਦੀ ਮੁਰੰਮਤ ਲਈ ਸਾਧਨ ਅਤੇ ਘਰਾਂ ਲਈ ਲੋੜੀਂਦੀ ਸਮੱਗਰੀ ਸ਼ਾਮਲ ਕੀਤੀ ਜਾਵੇਗੀ, ਤਾਂ ਜੋ ਹੜ੍ਹ ਪੀੜਤ ਦੁਬਾਰਾ ਆਪਣੀ ਜ਼ਿੰਦਗੀ ਸੁਧਾਰ ਸਕਣ।
Leave a Reply