ਡੇਰਾ ਬਾਬਾ ਨਾਨਕ :
ਰਾਵੀ ਦਰਿਆ ਵਿੱਚ ਆਏ ਭਿਆਨਕ ਪਾਣੀ ਕਾਰਨ ਕੁਝ ਦਿਨ ਪਹਿਲਾਂ ਸ੍ਰੀ ਕਰਤਾਰਪੁਰ ਪੈਸੈਂਜਰ ਟਰਮੀਨਲ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਇਆ ਸੀ। ਪਾਣੀ ਦੇ ਸੈਲਾਬ ਨੇ ਨਾ ਸਿਰਫ਼ ਜ਼ੀਰੋ ਲਾਈਨ ‘ਤੇ ਲੱਗੇ ਗੇਟਾਂ ਨੂੰ ਢਾਹ ਦਿੱਤਾ ਸੀ, ਸਗੋਂ ਪੈਸੈਂਜਰ ਟਰਮੀਨਲ ਦੇ ਅੰਦਰ ਵੀ ਦਾਖਲ ਹੋ ਕੇ ਵੱਡਾ ਨੁਕਸਾਨ ਕੀਤਾ ਸੀ। ਹੁਣ ਲੈਂਡ ਪੋਰਟ ਅਥਾਰਟੀ ਆਫ ਇੰਡੀਆ (ਐੱਲਪੀਆਈ) ਵੱਲੋਂ ਦਿਨ-ਰਾਤ ਮਿਹਨਤ ਕਰਕੇ ਇਸ ਮਹੱਤਵਪੂਰਨ ਸਥਾਨ ਨੂੰ ਮੁੜ ਸਾਫ਼-ਸੁਥਰਾ ਤੇ ਕਾਰਜਸ਼ੀਲ ਬਣਾਇਆ ਗਿਆ ਹੈ।
25 ਤੇ 26 ਅਗਸਤ ਦੀ ਦਰਮਿਆਨੀ ਰਾਤ ਨੂੰ ਰਾਵੀ ਤੇ ਉੱਜ ਦਰਿਆ ਵਿੱਚ ਵਧੇ ਪਾਣੀ ਕਰਕੇ ਡੇਰਾ ਬਾਬਾ ਨਾਨਕ ਦੇ ਸਰਹੱਦੀ ਇਲਾਕੇ ਵਿੱਚ ਬਣੇ ਧੁੱਸੀ ਬੰਨ੍ਹ ਟੁੱਟ ਗਿਆ ਸੀ। ਇਸ ਕਾਰਨ ਪਾਣੀ ਤੇਜ਼ ਧਾਰਾਂ ਨਾਲ ਸਰਹੱਦ ਵੱਲ ਵਗਿਆ ਅਤੇ ਪੈਸੈਂਜਰ ਟਰਮੀਨਲ ਵਿੱਚ ਵੜ ਗਿਆ। ਟਰਮੀਨਲ ਦੇ ਅੰਦਰਲੀ ਇਮਾਰਤਾਂ, ਇਲੈਕਟ੍ਰੌਨਿਕ ਮਸ਼ੀਨਰੀ ਅਤੇ ਕਲਾਕ੍ਰਿਤੀਆਂ ਪਾਣੀ ਨਾਲ ਖਰਾਬ ਹੋ ਗਈਆਂ ਸਨ। ਇਸ ਤੋਂ ਇਲਾਵਾ, ਇਮਾਰਤ ਦੇ ਫਰਸ਼ਾਂ ਤੇ ਕੰਧਾਂ ਵਿੱਚ ਮਿੱਟੀ ਅਤੇ ਰੇਤ ਦੀਆਂ ਮੋਟੀਆਂ ਪਰਤਾਂ ਵੀ ਜਮ ਗਈਆਂ ਸਨ।
ਪਾਣੀ ਦੇ ਪਿੱਛੇ ਹਟਣ ਤੋਂ ਤੁਰੰਤ ਬਾਅਦ ਐੱਲਪੀਆਈ ਦੇ ਅਧਿਕਾਰੀਆਂ ਵੱਲੋਂ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ। ਕਰਮਚਾਰੀਆਂ ਦੀਆਂ ਖਾਸ ਟੀਮਾਂ ਬਣਾਈਆਂ ਗਈਆਂ, ਜਿਨ੍ਹਾਂ ਨੇ ਟਰਮੀਨਲ ਦੇ ਹਰ ਹਿੱਸੇ ਦੀ ਪੂਰੀ ਸਫਾਈ ਕਰਕੇ ਇਸਨੂੰ ਮੁੜ ਚਮਕਾ ਦਿੱਤਾ।
ਟਰਮੀਨਲ ਦੇ ਜੀਐੱਮ ਸੰਦੀਪ ਮਹਾਜਨ ਨੇ ਦੱਸਿਆ ਕਿ ਕਰਮਚਾਰੀਆਂ ਦੀ ਕਾਢੀ ਮਿਹਨਤ ਨਾਲ ਅੱਜ ਟਰਮੀਨਲ ਦੁਬਾਰਾ ਪਹਿਲਾਂ ਵਾਂਗ ਖੂਬਸੂਰਤ ਅਤੇ ਸਾਫ਼-ਸੁਥਰਾ ਨਜ਼ਰ ਆ ਰਿਹਾ ਹੈ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਅੰਡਰਗਰਾਊਂਡ ਬਿਜਲੀ ਲਾਈਨਾਂ ਵਿੱਚ ਪਾਣੀ ਰਹਿ ਜਾਣ ਦੀ ਸੰਭਾਵਨਾ ਹੈ। ਇਸ ਲਈ ਬਿਜਲੀ ਵਿਭਾਗ ਵੱਲੋਂ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਜਦੋਂ ਬਿਜਲੀ ਸਪਲਾਈ ਪੂਰੀ ਤਰ੍ਹਾਂ ਸੁਰੱਖਿਅਤ ਢੰਗ ਨਾਲ ਮੁੜ ਚਾਲੂ ਕਰ ਦਿੱਤੀ ਜਾਵੇਗੀ, ਤਾਂ ਆਉਂਦੇ ਕੁਝ ਦਿਨਾਂ ਵਿੱਚ ਇਹ ਪੈਸੈਂਜਰ ਟਰਮੀਨਲ ਮੁੜ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਨਾਲ ਉਹ ਸਹੂਲਤਾਂ, ਜੋ ਕੁਝ ਸਮੇਂ ਲਈ ਰੁਕੀ ਹੋਈਆਂ ਸਨ, ਮੁੜ ਸ਼ੁਰੂ ਹੋਣਗੀਆਂ ਅਤੇ ਸ਼ਰਧਾਲੂਆਂ ਨੂੰ ਦਰਸ਼ਨ ਲਈ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਵੇਗੀ।