Category: ਪਟਿਆਲਾ

  • ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ, ਪਟਿਆਲਾ-ਸੰਗਰੂਰ ਦੇ ਕਈ ਪਿੰਡਾਂ ਲਈ ਵੱਜੀ ਖਤਰੇ ਦੀ ਘੰਟੀ…

    ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ, ਪਟਿਆਲਾ-ਸੰਗਰੂਰ ਦੇ ਕਈ ਪਿੰਡਾਂ ਲਈ ਵੱਜੀ ਖਤਰੇ ਦੀ ਘੰਟੀ…

    ਖਨੌਰੀ/ਪਾਤੜਾਂ : ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਘੱਗਰ ਦਰਿਆ ਦਾ ਪਾਣੀ ਲੋਕਾਂ ਲਈ ਇੱਕ ਵਾਰ ਫਿਰ ਮੁਸੀਬਤ ਬਣਦਾ ਜਾ ਰਿਹਾ ਹੈ। ਅੱਜ ਸਵੇਰੇ ਖਨੌਰੀ ਸੈਫ਼ਨ ‘ਤੇ ਪਾਣੀ ਦਾ ਪੱਧਰ 750.3 ਫੁੱਟ ਤੱਕ ਪਹੁੰਚ ਗਿਆ ਹੈ, ਜਦੋਂ ਕਿ ਪਾਣੀ ਦਾ ਪ੍ਰਵਾਹ 14,150 ਕਿਊਸਿਕ ਦਰਜ ਕੀਤਾ ਗਿਆ ਹੈ। ਇਹ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਲਗਭਗ ਦੋ ਤੋਂ ਢਾਈ ਫੁੱਟ ਉੱਪਰ ਚਲਾ ਗਿਆ ਹੈ। ਇਸ ਕਾਰਨ ਨਾ ਸਿਰਫ਼ ਪਟਿਆਲਾ ਜ਼ਿਲ੍ਹਾ ਪ੍ਰਭਾਵਿਤ ਹੋ ਸਕਦਾ ਹੈ, ਬਲਕਿ ਸੰਗਰੂਰ ਦੇ ਹਲਕਾ ਸ਼ੁਤਰਾਣਾ ਅਤੇ ਲਹਿਰਾਗਾਗਾ ਹਲਕਿਆਂ ਦੇ ਕਈ ਪਿੰਡ ਵੀ ਸਿੱਧੇ ਖਤਰੇ ਹੇਠ ਆ ਗਏ ਹਨ।

    ਸਥਾਨਕ ਲੋਕਾਂ ਅਨੁਸਾਰ, ਸ਼ੁਤਰਾਣਾ ਹਲਕੇ ਦੇ ਪਿੰਡ ਹਰਚੰਦਪੁਰਾ ਵਿਖੇ ਅੱਜ ਸਵੇਰੇ ਘੱਗਰ ਦਾ ਪਾਣੀ ਓਵਰਫਲੋਅ ਹੋ ਕੇ ਖੇਤਾਂ ਵਿੱਚ ਵੜ ਗਿਆ। ਹਾਲਾਂਕਿ ਬੀਤੇ ਦਿਨ ਵੀ ਇਹੀ ਸਥਿਤੀ ਬਣੀ ਸੀ, ਪਰ ਫੌਜ ਦੀ ਮਦਦ ਨਾਲ ਸਥਾਨਕ ਲੋਕਾਂ ਨੇ ਬੜੀ ਮਿਹਨਤ ਕਰਕੇ ਪਾਣੀ ਦੇ ਵਹਾਅ ਨੂੰ ਰੋਕਿਆ ਸੀ। ਪਰ ਅੱਜ ਪਾਣੀ ਦਾ ਪੱਧਰ ਹੋਰ ਵਧਣ ਕਾਰਨ ਸਥਿਤੀ ਮੁੜ ਗੰਭੀਰ ਹੋ ਗਈ ਹੈ। ਖੇਤਾਂ ਵਿੱਚ ਪਾਣੀ ਜਾਣ ਨਾਲ ਕਿਸਾਨਾਂ ਦੀ ਚਿੰਤਾ ਕਈ ਗੁਣਾ ਵੱਧ ਗਈ ਹੈ।

    ਇਸ ਨਾਜ਼ੁਕ ਹਾਲਾਤ ਨੂੰ ਵੇਖਦਿਆਂ ਇਲਾਕੇ ਦੇ ਕਿਸਾਨਾਂ ਨੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਮਿੱਟੀ ਦੀਆਂ ਟਰਾਲੀਆਂ ਇਕੱਠੀਆਂ ਕਰਕੇ ਘੱਗਰ ਦੇ ਕਿਨਾਰਿਆਂ ਤੇ ਪਾਈਆਂ ਜਾਣ। ਇਸ ਤਰ੍ਹਾਂ ਪਾੜ ਪੈਣ ਤੋਂ ਬਚਾਇਆ ਜਾ ਸਕਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਪਾਣੀ ਲਗਾਤਾਰ ਚੜ੍ਹਦਾ ਜਾ ਰਿਹਾ ਹੈ ਅਤੇ ਖ਼ਬਰ ਲਿਖੇ ਜਾਣ ਤੱਕ ਪਾਣੀ ਦਾ ਪੱਧਰ 750.4 ਤੱਕ ਪਹੁੰਚ ਗਿਆ ਹੈ।

    ਯਾਦ ਰਹੇ ਕਿ ਸਾਲ 2023 ਦੇ ਭਿਆਨਕ ਹੜ੍ਹਾਂ ਦੌਰਾਨ ਘੱਗਰ ਦਰਿਆ ਦਾ ਪਾਣੀ 752 ਦੇ ਨੇੜੇ ਪਹੁੰਚ ਗਿਆ ਸੀ, ਜਿਸ ਕਾਰਨ ਦਰਿਆ ਦਾ ਤੇੜਾ ਟੁੱਟ ਗਿਆ ਸੀ। ਉਸ ਵੇਲੇ ਪਟਿਆਲਾ, ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ ਦੇ ਸੈਂਕੜਿਆਂ ਪਿੰਡਾਂ ਵਿੱਚ ਪਾਣੀ ਵੜ ਗਿਆ ਸੀ ਅਤੇ ਹਜ਼ਾਰਾਂ ਏਕੜ ਖੇਤੀਬਾੜੀ ਵਾਲੀ ਜ਼ਮੀਨ ਨੂੰ ਬੜਾ ਨੁਕਸਾਨ ਹੋਇਆ ਸੀ।

    ਸਰਕਾਰੀ ਪੱਧਰ ‘ਤੇ ਵੀ ਹਾਲਾਤਾਂ ‘ਤੇ ਨਿਗਰਾਨੀ ਜਾਰੀ ਹੈ, ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇ ਤੁਰੰਤ ਅਤੇ ਵੱਡੇ ਪੱਧਰ ਤੇ ਬਚਾਅ ਪ੍ਰਬੰਧ ਨਾ ਕੀਤੇ ਗਏ ਤਾਂ ਇਸ ਵਾਰ ਵੀ ਹੜ੍ਹਾਂ ਦੇ ਨੁਕਸਾਨ ਤੋਂ ਬਚਣਾ ਮੁਸ਼ਕਲ ਹੋ ਜਾਵੇਗਾ।

  • Punjab Alert Update: ਭਾਰੀ ਬਾਰਿਸ਼ ਨਾਲ ਵਧਿਆ ਖਤਰਾ, ਪਟਿਆਲਾ ਅਤੇ ਪਾਤੜਾਂ ਖੇਤਰ ਦੇ ਪਿੰਡਾਂ ਲਈ ਜਾਰੀ ਹੋਇਆ ਅਲਰਟ, ਲੋਕਾਂ ਨੂੰ ਘਰ ਖਾਲੀ ਕਰਨ ਲਈ ਕਿਹਾ ਗਿਆ…

    Punjab Alert Update: ਭਾਰੀ ਬਾਰਿਸ਼ ਨਾਲ ਵਧਿਆ ਖਤਰਾ, ਪਟਿਆਲਾ ਅਤੇ ਪਾਤੜਾਂ ਖੇਤਰ ਦੇ ਪਿੰਡਾਂ ਲਈ ਜਾਰੀ ਹੋਇਆ ਅਲਰਟ, ਲੋਕਾਂ ਨੂੰ ਘਰ ਖਾਲੀ ਕਰਨ ਲਈ ਕਿਹਾ ਗਿਆ…

    ਪਟਿਆਲਾ/ਪਾਤੜਾਂ : ਪੰਜਾਬ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਹਾਲਾਤ ਗੰਭੀਰ ਕਰ ਦਿੱਤੇ ਹਨ। ਖੇਤਾਂ ਵਿੱਚ ਪਾਣੀ ਭਰਨ ਨਾਲ ਜਿੱਥੇ ਫਸਲਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਬਾਦਸ਼ਾਹਪੁਰ ਵਿਖੇ ਘੱਗਰ ਦਰਿਆ ਦੇ ਗੇਜ ਵੀ ਖ਼ਤਰੇ ਦੇ ਪੱਧਰ ‘ਤੇ ਪਹੁੰਚ ਗਏ ਹਨ। ਇਸ ਕਾਰਨ ਹਰਚੰਦਪੁਰਾ ਅਤੇ ਬਾਦਸ਼ਾਹਪੁਰ ਦੇ ਉੱਪਰਲੇ ਇਲਾਕਿਆਂ ਵਿੱਚ ਪਾਣੀ ਲਗਾਤਾਰ ਇਕੱਠਾ ਹੋ ਰਿਹਾ ਹੈ, ਜੋ ਕਿਸੇ ਵੀ ਵੇਲੇ ਗੰਭੀਰ ਸਥਿਤੀ ਪੈਦਾ ਕਰ ਸਕਦਾ ਹੈ।

    ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਨਾਜ਼ੁਕ ਸਥਿਤੀ ਨੂੰ ਦੇਖਦੇ ਹੋਏ ਹਰਚੰਦਪੁਰਾ, ਬਾਦਸ਼ਾਹਪੁਰ, ਅਰਨੇਟੂ, ਰਸੋਲੀ, ਸ਼ੁਤਰਾਣਾ, ਜੋਗੇਵਾਲ, ਗੁਲਾਹੜ, ਪੈਂਦ, ਸਧਾਰਨਪੁਰ, ਸਿਊਨਾ ਸਮੇਤ ਕਈ ਪਿੰਡਾਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਹੈ। ਅਧਿਕਾਰੀਆਂ ਵੱਲੋਂ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਇਨ੍ਹਾਂ ਪਿੰਡਾਂ ਦੇ ਵਸਨੀਕ ਤੁਰੰਤ ਆਪਣੇ ਘਰ ਖਾਲੀ ਕਰਨ ਅਤੇ ਸੁਰੱਖਿਅਤ ਥਾਵਾਂ ਵੱਲ ਰੁਖ ਕਰਨ।

    ਪ੍ਰਸ਼ਾਸਨ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਦੂਰ ਰਹਿਣ ਅਤੇ ਸਿਰਫ਼ ਸਰਕਾਰੀ ਹਦਾਇਤਾਂ ‘ਤੇ ਹੀ ਭਰੋਸਾ ਕਰਨ। ਜ਼ਿਲ੍ਹਾ ਪ੍ਰਸ਼ਾਸਨ ਦੇ ਮੁਤਾਬਕ, ਸਾਰੀ ਟੀਮਾਂ ਹਮੇਸ਼ਾਂ ਤਿਆਰ ਹਨ ਅਤੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਮੈਦਾਨ ਵਿੱਚ ਕੰਮ ਕਰ ਰਹੀਆਂ ਹਨ।

    ਇਸ ਤੋਂ ਇਲਾਵਾ, ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਕੇਂਦਰ ਵੀ ਬਣਾਏ ਗਏ ਹਨ, ਜਿਥੇ ਉਹ ਕਿਸੇ ਵੀ ਸਮੇਂ ਪਹੁੰਚ ਕੇ ਸਹਾਇਤਾ ਲੈ ਸਕਦੇ ਹਨ। ਜੇਕਰ ਕਿਸੇ ਨੂੰ ਹੰਗਾਮੀ ਸਥਿਤੀ ਦਾ ਸਾਹਮਣਾ ਕਰਨਾ ਪਏ, ਤਾਂ ਉਹ ਤੁਰੰਤ ਪਾਤੜਾਂ ਦੇ ਕੰਟਰੋਲ ਰੂਮ ਨੰਬਰ 01764-243403 ਜਾਂ ਪਟਿਆਲਾ ਜ਼ਿਲ੍ਹਾ ਦੇ ਕੰਟਰੋਲ ਰੂਮ ਨੰਬਰ 0175-2350550 ਅਤੇ 0175-2358550 ‘ਤੇ ਸੰਪਰਕ ਕਰ ਸਕਦੇ ਹਨ।

    ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਲੋਕਾਂ ਦੀ ਜਾਨ ਸੁਰੱਖਿਅਤ ਕਰਨਾ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ। ਇਸ ਲਈ, ਪ੍ਰਭਾਵਿਤ ਖੇਤਰਾਂ ਦੇ ਵਸਨੀਕਾਂ ਨੂੰ ਘਰ ਖਾਲੀ ਕਰਨ ਵਿੱਚ ਦੇਰੀ ਨਾ ਕਰਨ ਅਤੇ ਤੁਰੰਤ ਹੀ ਸਰਕਾਰੀ ਰਾਹਤ ਕੇਂਦਰਾਂ ਜਾਂ ਉੱਚੀਆਂ ਤੇ ਸੁਰੱਖਿਅਤ ਥਾਵਾਂ ‘ਤੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।

  • Red Alert in Punjab: ਪੰਜਾਬ ਦੇ 9 ਜ਼ਿਲ੍ਹਿਆਂ ’ਚ ਰੈੱਡ ਅਲਰਟ, ਪੂਰਾ ਸੂਬਾ ਆਫ਼ਤ ਪ੍ਰਭਾਵਿਤ ਐਲਾਨਿਆ ਗਿਆ…

    Red Alert in Punjab: ਪੰਜਾਬ ਦੇ 9 ਜ਼ਿਲ੍ਹਿਆਂ ’ਚ ਰੈੱਡ ਅਲਰਟ, ਪੂਰਾ ਸੂਬਾ ਆਫ਼ਤ ਪ੍ਰਭਾਵਿਤ ਐਲਾਨਿਆ ਗਿਆ…

    ਉੱਤਰੀ ਭਾਰਤ ਇਸ ਵੇਲੇ ਭਾਰੀ ਬਾਰਿਸ਼ ਅਤੇ ਹੜ੍ਹਾਂ ਦੀ ਸਭ ਤੋਂ ਵੱਡੀ ਤਬਾਹੀ ਦਾ ਸਾਹਮਣਾ ਕਰ ਰਿਹਾ ਹੈ। ਹਿਮਾਚਲ ਪ੍ਰਦੇਸ਼, ਉਤਰਾਖੰਡ, ਜੰਮੂ-ਕਸ਼ਮੀਰ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਰਾਜ ਲਗਾਤਾਰ ਮੌਸਮੀ ਤਬਾਹੀ ਨਾਲ ਜੂਝ ਰਹੇ ਹਨ। ਪੰਜਾਬ ਦੀ ਹਾਲਤ ਸਭ ਤੋਂ ਗੰਭੀਰ ਬਣੀ ਹੋਈ ਹੈ। ਇੱਥੇ ਮੌਸਮ ਵਿਭਾਗ ਵੱਲੋਂ 9 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ ਬਾਕੀ ਇਲਾਕਿਆਂ ਨੂੰ ਸੰਤਰੀ ਜ਼ੋਨ ਵਿੱਚ ਰੱਖਿਆ ਗਿਆ ਹੈ।

    ਭਾਰੀ ਬਾਰਿਸ਼ ਕਾਰਨ ਸਤਲੁਜ, ਬਿਆਸ ਅਤੇ ਘੱਗਰ ਵਰਗੀਆਂ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਉੱਪਰ ਵਗ ਰਹੀਆਂ ਹਨ। ਹਿਮਾਚਲ ਪ੍ਰਦੇਸ਼ ਤੋਂ ਆ ਰਿਹਾ ਪਾਣੀ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ, ਜਿਸ ਕਰਕੇ ਪੰਜਾਬ ਦੇ ਹੇਠਲੇ ਇਲਾਕੇ ਬੁਰੀ ਤਰ੍ਹਾਂ ਹੜ੍ਹਾਂ ਦੀ ਚਪੇਟ ਵਿੱਚ ਹਨ। ਸੂਬੇ ਦੀ ਸਰਕਾਰ ਨੇ ਸਥਿਤੀ ਨੂੰ ਦੇਖਦਿਆਂ ਪੂਰੇ ਪੰਜਾਬ ਨੂੰ ਆਫ਼ਤ ਪ੍ਰਭਾਵਿਤ ਸੂਬਾ ਐਲਾਨ ਦਿੱਤਾ ਹੈ

    ਜ਼ਿਲ੍ਹੇ ਅਤੇ ਪਿੰਡ ਹੜ੍ਹਾਂ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ

    ਸਰਕਾਰੀ ਅੰਕੜਿਆਂ ਅਨੁਸਾਰ, ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਨੂੰ ਹੜ੍ਹ ਪ੍ਰਭਾਵਿਤ ਘੋਸ਼ਿਤ ਕੀਤਾ ਗਿਆ ਹੈ। ਲਗਭਗ 1200 ਤੋਂ ਵੱਧ ਪਿੰਡਾਂ ਵਿੱਚ ਹੜ੍ਹਾਂ ਦਾ ਪਾਣੀ ਦਾਖਲ ਹੋ ਗਿਆ ਹੈ। ਸਿਰਫ਼ ਸਤਲੁਜ ਦਰਿਆ ਦੇ ਕੰਢੇ ਵੱਸਦੇ ਸੱਤ ਜ਼ਿਲ੍ਹਿਆਂ—ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ ਅਤੇ ਮੋਗਾ—ਵਿੱਚ ਹਾਲਾਤ ਹੋਰ ਵੀ ਗੰਭੀਰ ਹੋ ਰਹੇ ਹਨ।

    ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1677 ਫੁੱਟ ਤੱਕ ਪਹੁੰਚ ਗਿਆ ਹੈ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਤਿੰਨ ਫੁੱਟ ਹੇਠਾਂ ਹੈ। ਇਹ ਸੰਕੇਤ ਹੈ ਕਿ ਜੇ ਬਾਰਿਸ਼ ਅਜੇ ਵੀ ਜਾਰੀ ਰਹੀ ਤਾਂ ਡੈਮ ਤੋਂ ਪਾਣੀ ਛੱਡਣਾ ਲਾਜ਼ਮੀ ਹੋ ਜਾਵੇਗਾ, ਜਿਸ ਨਾਲ ਹੇਠਲੇ ਇਲਾਕਿਆਂ ਵਿੱਚ ਤਬਾਹੀ ਹੋਰ ਵੱਧ ਸਕਦੀ ਹੈ।

    ਜਾਨਮਾਲ ਦਾ ਨੁਕਸਾਨ

    ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ 30 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਤੋਂ ਇਲਾਵਾ 3.54 ਲੱਖ ਤੋਂ ਵੱਧ ਲੋਕ ਹੜ੍ਹਾਂ ਨਾਲ ਸਿੱਧੇ ਤੌਰ ’ਤੇ ਪ੍ਰਭਾਵਿਤ ਹਨ। ਘਰਾਂ ਵਿੱਚ ਪਾਣੀ ਦਾਖਲ ਹੋਣ ਕਾਰਨ ਲੋਕਾਂ ਨੂੰ ਸਕੂਲਾਂ, ਸਰਕਾਰੀ ਇਮਾਰਤਾਂ ਅਤੇ ਰਾਹਤ ਕੈਂਪਾਂ ਵਿੱਚ ਠਿਕਾਣਾ ਲੈਣਾ ਪੈ ਰਿਹਾ ਹੈ।

    ਬਚਾਅ ਅਤੇ ਰਾਹਤ ਕਾਰਜ

    ਐਨ.ਡੀ.ਆਰ.ਐਫ., ਐੱਸ.ਡੀ.ਆਰ.ਐਫ. ਅਤੇ ਫੌਜ ਦੀਆਂ ਟੀਮਾਂ ਪ੍ਰਭਾਵਿਤ ਇਲਾਕਿਆਂ ਵਿੱਚ ਤੈਨਾਤ ਕੀਤੀਆਂ ਗਈਆਂ ਹਨ। ਕਿਸ਼ਤੀਆਂ ਅਤੇ ਰਬੜ ਦੀਆਂ ਡਿੰਗੀਆਂ ਰਾਹੀਂ ਲੋਕਾਂ ਨੂੰ ਪਾਣੀ ਨਾਲ ਘਿਰੇ ਪਿੰਡਾਂ ਤੋਂ ਬਚਾ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਪ੍ਰਸ਼ਾਸਨ ਨੇ ਖ਼ਾਸ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ ਅਤੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ।

    ਦਿੱਲੀ ਅਤੇ ਹੋਰ ਰਾਜਾਂ ਦੀ ਹਾਲਤ

    ਇਸੇ ਤਰ੍ਹਾਂ ਦਿੱਲੀ ਵਿੱਚ ਯਮੁਨਾ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀ ਹੈ। ਨੀਵੇਂ ਇਲਾਕਿਆਂ ਵਿੱਚ ਪਾਣੀ ਦਾਖਲ ਹੋਣ ਨਾਲ ਲੋਕਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਜ਼ਮੀਨ ਖਿਸਕਣ ਦੇ ਦਰਜਨਾਂ ਮਾਮਲੇ ਸਾਹਮਣੇ ਆਏ ਹਨ, ਜਿਸ ਕਰਕੇ ਸੈਂਕੜਿਆਂ ਸੜਕਾਂ ਬੰਦ ਹੋ ਗਈਆਂ ਹਨ ਅਤੇ ਯਾਤਰਾ ਪ੍ਰਭਾਵਿਤ ਹੋਈ ਹੈ।

    ਸਰਕਾਰ ਦੀ ਅਪੀਲ

    ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਲਰਟਾਂ ਦਾ ਪਾਲਣ ਕਰਨ, ਨਦੀਆਂ ਦੇ ਕੰਢੇ ਜਾਣ ਤੋਂ ਬਚਣ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਨ। ਮੁੱਖ ਮੰਤਰੀ ਨੇ ਕਿਹਾ ਹੈ ਕਿ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਬੇਸਹਾਰਾ ਨਹੀਂ ਛੱਡਿਆ ਜਾਵੇਗਾ।

  • ਪੰਜਾਬ ਲਈ ਨਵਾਂ ਖਤਰਾ : ਘੱਗਰ ਦਰਿਆ ਦਾ ਪਾਣੀ ਵਧਿਆ, ਪ੍ਰਸ਼ਾਸਨ ਵੱਲੋਂ ਪਿੰਡਾਂ ਲਈ ਐਡਵਾਇਜ਼ਰੀ ਜਾਰੀ…

    ਪੰਜਾਬ ਲਈ ਨਵਾਂ ਖਤਰਾ : ਘੱਗਰ ਦਰਿਆ ਦਾ ਪਾਣੀ ਵਧਿਆ, ਪ੍ਰਸ਼ਾਸਨ ਵੱਲੋਂ ਪਿੰਡਾਂ ਲਈ ਐਡਵਾਇਜ਼ਰੀ ਜਾਰੀ…

    ਚੰਡੀਗੜ੍ਹ/ਮੁਹਾਲੀ/ਪਟਿਆਲਾ (ਵੈੱਬ ਡੈਸਕ): ਪੰਜਾਬ ਵਿੱਚ ਹੜ੍ਹਾਂ ਦਾ ਖਤਰਾ ਅਜੇ ਵੀ ਟਲਿਆ ਨਹੀਂ ਹੈ। ਰਾਵੀ, ਬਿਆਸ ਤੇ ਸਤਲੁਜ ਦਰਿਆ ਨਾਲ ਤਬਾਹੀ ਜਾਰੀ ਹੈ, ਹੁਣ ਘੱਗਰ ਦਰਿਆ ਵੀ ਖਤਰੇ ਦਾ ਸੰਕੇਤ ਦੇ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿੱਚ ਚੰਡੀਗੜ੍ਹ, ਮੁਹਾਲੀ ਅਤੇ ਘੱਗਰ ਦਰਿਆ ਦੇ ਕੈਚਮੈਂਟ ਖੇਤਰ ਵਿੱਚ ਹੋਈ ਭਾਰੀ ਬਾਰਿਸ਼ ਅਤੇ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਜਾਣ ਕਾਰਨ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ।

    ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਜਪੁਰਾ ਸਬ ਡਵੀਜ਼ਨ ਦੇ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਜੋ ਘੱਗਰ ਦਰਿਆ ਦੇ ਨੇੜੇ ਹਨ। ਇਨ੍ਹਾਂ ਇਲਾਕਿਆਂ ਦੇ ਵਸਨੀਕਾਂ ਨੂੰ ਸੁਚੇਤ ਰਹਿਣ ਤੇ ਬੇਵਜ੍ਹਾ ਦਰਿਆ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ। ਮੁਹਾਲੀ ਪ੍ਰਸ਼ਾਸਨ ਨੇ ਵੀ ਐਡਵਾਇਜ਼ਰੀ ਜਾਰੀ ਕਰਕੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ।

    ਪਾਣੀ ਦਾ ਪੱਧਰ 70 ਹਜ਼ਾਰ ਕਿਊਸਿਕ ਪਾਰ

    ਸਵੇਰੇ 8 ਵਜੇ ਦੇ ਅੰਕੜਿਆਂ ਮੁਤਾਬਕ ਘੱਗਰ ਦਰਿਆ ਦਾ ਪਾਣੀ 70,000 ਕਿਊਸਿਕ ਤੋਂ ਵੱਧ ਦਰਜ ਕੀਤਾ ਗਿਆ। ਪ੍ਰਸ਼ਾਸਨ ਦੇ ਅਨੁਸਾਰ, ਜੇ ਮੀਂਹ ਦਾ ਦਬਾਅ ਹੋਰ ਵਧਿਆ ਜਾਂ ਸੁਖਨਾ ਦੇ ਹੋਰ ਗੇਟ ਖੋਲ੍ਹਣ ਪਏ ਤਾਂ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਇਸ ਕਾਰਨ ਖ਼ਾਸ ਕਰਕੇ ਡੇਰਾਬੱਸੀ ਸਬ ਡਵੀਜ਼ਨ ਦੇ ਪਿੰਡਾਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ।

    ਤੁਰੰਤ ਪ੍ਰਭਾਵਿਤ ਹੋਣ ਵਾਲੇ ਪਿੰਡ

    ਪ੍ਰਸ਼ਾਸਨ ਵੱਲੋਂ ਜਾਰੀ ਸੂਚੀ ਅਨੁਸਾਰ ਇਹ ਪਿੰਡ ਸਭ ਤੋਂ ਵੱਧ ਖ਼ਤਰੇ ਹੇਠ ਹਨ:

    • ਟਿਵਾਣਾ
    • ਖਜੂਰ ਮੰਡੀ
    • ਸਾਧਾਂਪੁਰ
    • ਸਰਸੀਨੀ
    • ਆਲਮਗੀਰ
    • ਡੰਗਢੇਰਾ
    • ਮੁਬਾਰਿਕਪੁਰ
    • ਮੀਰਪੁਰ
    • ਬਾਕਰਪੁਰ

    ਰਾਜਪੁਰਾ ਸਬ ਡਵੀਜ਼ਨ ਲਈ ਚੇਤਾਵਨੀ

    ਰਾਜਪੁਰਾ ਦੇ ਐੱਸਡੀਐੱਮ ਅਵਿਕੇਸ਼ ਗੁਪਤਾ ਨੇ ਵੱਖਰੀ ਐਡਵਾਇਜ਼ਰੀ ਜਾਰੀ ਕਰਦੇ ਹੋਏ ਪਿੰਡ ਊਂਟਸਰ, ਨਨਹੇੜੀ, ਸੰਜਰਪੁਰ, ਲਾਛੜੂ, ਕਮਾਲਪੁਰ, ਰਾਮਪੁਰ, ਸੌਂਟਾ, ਮਾੜੂ ਅਤੇ ਚਮਾਰੂ ਸਮੇਤ ਨੇੜਲੇ ਇਲਾਕਿਆਂ ਦੇ ਵਸਨੀਕਾਂ ਨੂੰ ਦਰਿਆ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਕਿਸੇ ਵੀ ਐਮਰਜੈਂਸੀ ਸੂਚਨਾ ਲਈ ਰਾਜਪੁਰਾ ਫਲੱਡ ਕੰਟਰੋਲ ਰੂਮ ਦੇ ਨੰਬਰ 01762-224132 ’ਤੇ ਤੁਰੰਤ ਸੰਪਰਕ ਕੀਤਾ ਜਾਵੇ।

    ਪਟਿਆਲਾ ਸਬ ਡਵੀਜ਼ਨ ਦੀ ਸਥਿਤੀ

    ਇਸੇ ਤਰ੍ਹਾਂ, ਪਟਿਆਲਾ ਦੇ ਐੱਸਡੀਐੱਮ ਹਰਜੋਤ ਕੌਰ ਮਾਵੀ ਨੇ ਹਡਾਣਾਪੁਰ ਅਤੇ ਸਿਰਕੱਪੜਾ ਸਮੇਤ ਆਲੇ-ਦੁਆਲੇ ਦੇ ਪਿੰਡਾਂ ਦੇ ਰਹਿਣ ਵਾਲਿਆਂ ਨੂੰ ਵੀ ਐਲਰਟ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਦਰਿਆ ਵਿੱਚ ਪਾਣੀ ਵੱਧਣ ਬਾਰੇ ਕੋਈ ਵੀ ਸੂਚਨਾ ਮਿਲਦੀ ਹੈ ਤਾਂ ਲੋਕ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ 0175-2350550 ਜਾਂ 0175-2358550 ’ਤੇ ਜਾਣਕਾਰੀ ਦੇਣ।

    ਅਫ਼ਵਾਹਾਂ ਤੋਂ ਬਚਣ ਦੀ ਅਪੀਲ

    ਪ੍ਰਸ਼ਾਸਨ ਨੇ ਖ਼ਾਸ ਤੌਰ ’ਤੇ ਲੋਕਾਂ ਨੂੰ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਗਲਤ ਖ਼ਬਰ ਜਾਂ ਅਫ਼ਵਾਹਾਂ ’ਤੇ ਧਿਆਨ ਨਾ ਦੇਣ, ਸਿਰਫ਼ ਸਰਕਾਰੀ ਸੂਚਨਾਵਾਂ ਤੇ ਹੀ ਭਰੋਸਾ ਕੀਤਾ ਜਾਵੇ। ਲੋਕਾਂ ਨੂੰ ਜ਼ਰੂਰੀ ਸਮਾਨ ਪਹਿਲਾਂ ਹੀ ਇਕੱਠਾ ਰੱਖਣ ਅਤੇ ਐਮਰਜੈਂਸੀ ਹਾਲਤ ਵਿੱਚ ਸੁਰੱਖਿਅਤ ਥਾਵਾਂ ਵੱਲ ਜਾਣ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਗਈ ਹੈ।

    👉 ਪੰਜਾਬ ਦੇ ਵੱਡੇ ਹਿੱਸੇ ਪਹਿਲਾਂ ਹੀ ਹੜ੍ਹ ਦੀ ਤਬਾਹੀ ਭੁਗਤ ਰਹੇ ਹਨ ਅਤੇ ਹੁਣ ਘੱਗਰ ਦਰਿਆ ਦੇ ਖਤਰੇ ਨਾਲ ਲੋਕਾਂ ਦੀ ਚਿੰਤਾ ਹੋਰ ਵੱਧ ਗਈ ਹੈ।

  • ਪਟਿਆਲਾ ਵਿੱਚ 14 ਸਾਲਾ ਮੁੰਡੇ ਦਾ ਬੇਰਹਿਮੀ ਨਾਲ ਕਤਲ, ਚਾਚੇ ’ਤੇ ਲੱਗੇ ਗੰਭੀਰ ਇਲਜ਼ਾਮ; ਸ਼ਹਿਰ ’ਚ ਦਹਿਸ਼ਤ ਦਾ ਮਾਹੌਲ…

    ਪਟਿਆਲਾ ਵਿੱਚ 14 ਸਾਲਾ ਮੁੰਡੇ ਦਾ ਬੇਰਹਿਮੀ ਨਾਲ ਕਤਲ, ਚਾਚੇ ’ਤੇ ਲੱਗੇ ਗੰਭੀਰ ਇਲਜ਼ਾਮ; ਸ਼ਹਿਰ ’ਚ ਦਹਿਸ਼ਤ ਦਾ ਮਾਹੌਲ…

    ਪਟਿਆਲਾ – ਰਾਜ ਦਾ ਮਸ਼ਹੂਰ “ਸ਼ਾਹੀ ਸ਼ਹਿਰ” ਪਟਿਆਲਾ ਅੱਜ ਸਵੇਰੇ ਇਕ ਖੌਫਨਾਕ ਕਤਲ ਦੀ ਘਟਨਾ ਕਾਰਨ ਹੱਕਾ-ਬੱਕਾ ਰਹਿ ਗਿਆ। ਮਿਲੀ ਜਾਣਕਾਰੀ ਅਨੁਸਾਰ, ਅਨੰਦ ਨਗਰ ਬੀ, ਗਲੀ ਨੰਬਰ 6 ਵਿੱਚ 14 ਸਾਲ ਦੇ ਇਕ ਨਾਬਾਲਿਗ ਮੁੰਡੇ ਦੀ ਤਿੱਖੇ ਹਥਿਆਰ ਨਾਲ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ।

    ਪੀੜਤ ਪਰਿਵਾਰ ਨੇ ਦਿਲ ਦਹਲਾ ਦੇਣ ਵਾਲਾ ਦੋਸ਼ ਲਗਾਇਆ ਹੈ ਕਿ ਇਹ ਕਤਲ ਕਿਸੇ ਹੋਰ ਨੇ ਨਹੀਂ, ਸਗੋਂ ਬੱਚੇ ਦੇ ਆਪਣੇ ਸੱਗੇ ਚਾਚੇ ਨੇ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਸਵੇਰੇ ਕਰੀਬ 6 ਵਜੇ ਵਾਪਰੀ, ਜਦੋਂ ਘਰ ਦੇ ਅੰਦਰ ਹੀ ਹਮਲਾਵਰ ਨੇ ਬੇਦਰਦੀ ਨਾਲ ਮੁੰਡੇ ’ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਤਿੱਖੇ ਹਥਿਆਰ ਦੀ ਵਰਤੋਂ ਕੀਤੀ ਗਈ, ਜਿਸ ਕਾਰਨ ਬੱਚੇ ਦੀ ਮੌਤ ਮੌਕੇ ’ਤੇ ਹੀ ਹੋ ਗਈ।

    ਘਟਨਾ ਮਗਰੋਂ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਹੈ। ਇਲਾਕੇ ਵਿੱਚ ਇਹ ਖ਼ਬਰ ਫੈਲਦੇ ਹੀ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਸੈਂਕੜੇ ਲੋਕ ਘਟਨਾ ਸਥਾਨ ਤੇ ਇਕੱਠੇ ਹੋ ਗਏ। ਮਾਮਲੇ ਦੀ ਸੂਚਨਾ ਮਿਲਦੇ ਹੀ ਪਟਿਆਲਾ ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਸਬੂਤ ਇਕੱਠੇ ਕਰਨ ਦੇ ਨਾਲ ਨਾਲ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ।

    ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਤਲ ਦੇ ਅਸਲ ਕਾਰਨਾਂ ਬਾਰੇ ਅਜੇ ਸਪੱਸ਼ਟ ਜਾਣਕਾਰੀ ਨਹੀਂ ਮਿਲੀ ਹੈ, ਪਰ ਪਰਿਵਾਰ ਵੱਲੋਂ ਲਗਾਏ ਇਲਜ਼ਾਮਾਂ ਨੂੰ ਧਿਆਨ ਵਿੱਚ ਰੱਖਦਿਆਂ ਤਫਤੀਸ਼ ਤੇਜ਼ੀ ਨਾਲ ਜਾਰੀ ਹੈ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਹੈ, ਤਾਂ ਜੋ ਮੁਲਜ਼ਮ ਜਲਦੀ ਕਾਬੂ ਆ ਸਕੇ।

    ਇਸ ਦਿਲ ਦਹਲਾ ਦੇਣ ਵਾਲੀ ਘਟਨਾ ਨੇ ਪੂਰੇ ਇਲਾਕੇ ਨੂੰ ਸੋਗ ਵਿੱਚ ਡੁੱਬੋ ਦਿੱਤਾ ਹੈ, ਜਦੋਂ ਕਿ ਲੋਕਾਂ ਵਿੱਚ ਇਹ ਸਵਾਲ ਵੀ ਉਠ ਰਹੇ ਹਨ ਕਿ ਕਿਵੇਂ ਕੋਈ ਆਪਣੇ ਹੀ ਘਰ ਦੇ ਬੱਚੇ ਨਾਲ ਐਨੀ ਬੇਰਹਿਮੀ ਕਰ ਸਕਦਾ ਹੈ।