ਹੁਸ਼ਿਆਰਪੁਰ : ਪੰਜਾਬ ਦੇ ਨੌਜਵਾਨ ਆਪਣੀ ਰੋਜ਼ੀ-ਰੋਟੀ ਅਤੇ ਚੰਗੇ ਭਵਿੱਖ ਦੀ ਖਾਤਰ ਅਕਸਰ ਹੀ ਵਿਦੇਸ਼ਾਂ ਦਾ ਰੁਖ ਕਰਦੇ ਹਨ। ਕਈ ਵਾਰ ਉਨ੍ਹਾਂ ਦੀਆਂ ਇਹ ਕਾਵਿਸ਼ਾਂ ਸੁਖਦਾਈ ਨਹੀਂ ਸਾਬਤ ਹੁੰਦੀਆਂ ਅਤੇ ਉਹ ਵਿਦੇਸ਼ੀ ਧਰਤੀ ‘ਤੇ ਅਣਚਾਹੀਆਂ ਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸਲੇਮਪੁਰ ਨਾਲ ਜੁੜਿਆ ਸਾਹਮਣੇ ਆਇਆ ਹੈ, ਜਿੱਥੇ 30 ਸਾਲਾ ਨੌਜਵਾਨ ਸੰਦੀਪ ਸਿੰਘ ਦੀ ਇਟਲੀ ਵਿੱਚ ਭੇਤਭਰੀ ਹਾਲਾਤਾਂ ‘ਚ ਮੌਤ ਹੋ ਗਈ।
ਪਰਿਵਾਰਿਕ ਮੈਂਬਰਾਂ ਅਨੁਸਾਰ, ਕੁਝ ਦਿਨ ਪਹਿਲਾਂ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਸੰਦੀਪ ਲਾਪਤਾ ਹੋ ਗਿਆ ਹੈ। ਇਟਲੀ ਦੀ ਪੁਲਿਸ ਵੱਲੋਂ ਭਾਲ ਸ਼ੁਰੂ ਕੀਤੀ ਗਈ ਅਤੇ ਤਿੰਨ ਦਿਨਾਂ ਬਾਅਦ ਉਸਦੀ ਡੈਡ ਬੋਡੀ ਜੰਗਲਾਂ ਵਿੱਚੋਂ ਮਿਲੀ। ਇਸ ਖ਼ਬਰ ਨਾਲ ਪਰਿਵਾਰ ਹੀ ਨਹੀਂ ਸਗੋਂ ਸਾਰੇ ਪਿੰਡ ਵਿੱਚ ਵੀ ਸੋਗ ਦਾ ਮਾਹੌਲ ਛਾ ਗਿਆ। ਅੱਜ ਸੰਦੀਪ ਦਾ ਸ਼ਰੀਰ ਜੱਦੀ ਪਿੰਡ ਸਲੇਮਪੁਰ ਪਹੁੰਚਣ ਤੋਂ ਬਾਅਦ ਪੂਰੀਆਂ ਸਿੱਖ ਰਸਮਾਂ ਅਨੁਸਾਰ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਸੰਦੀਪ ਦੇ ਚਾਚਾ ਸਤਨਾਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਦੀਪ ਆਪਣੇ ਬਜ਼ੁਰਗ ਮਾਪਿਆਂ ਦਾ ਇਕੱਲਾ ਪੁੱਤਰ ਸੀ। ਉਹਨਾਂ ਕਿਹਾ ਕਿ ਸੰਦੀਪ ਦੇ ਮਰਨ ਨਾਲ ਉਸਦੇ ਮਾਪਿਆਂ ਦੀ ਜਿੰਦਗੀ ਹਨੇਰੇ ‘ਚ ਡੁੱਬ ਗਈ ਹੈ। ਬੁੱਢੇ ਮਾਪਿਆਂ ਲਈ ਹੁਣ ਜਿਊਣਾ ਬਹੁਤ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਸੰਦੀਪ ਹੀ ਉਹਨਾਂ ਦਾ ਇਕਲੌਤਾ ਸਹਾਰਾ ਸੀ।
ਸਤਨਾਮ ਸਿੰਘ ਨੇ ਭਾਰਤ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੰਦੀਪ ਦੀ ਮੌਤ ਦੇ ਅਸਲੀ ਕਾਰਨ ਸਾਹਮਣੇ ਲਿਆਂਦੇ ਜਾਣ ਅਤੇ ਜੇਕਰ ਇਸ ਦੇ ਪਿੱਛੇ ਕੋਈ ਸਾਜਿਸ਼ ਜਾਂ ਕਤਲ ਹੈ ਤਾਂ ਕਾਤਲਾਂ ਨੂੰ ਕਾਨੂੰਨੀ ਸਜ਼ਾ ਮਿਲੇ। ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨੌਜਵਾਨ ਦੇ ਬਜ਼ੁਰਗ ਮਾਪਿਆਂ ਦੀ ਮਦਦ ਲਈ ਅੱਗੇ ਆਵੇ ਤਾਂ ਜੋ ਉਹ ਆਪਣੀ ਬਾਕੀ ਜ਼ਿੰਦਗੀ ਘੱਟ ਤੋਂ ਘੱਟ ਦੁੱਖਾਂ ਨਾਲ ਬਤੀਤ ਕਰ ਸਕਣ।
ਇਸ ਮਾਮਲੇ ਨੇ ਇੱਕ ਵਾਰ ਫਿਰ ਉਹਨਾਂ ਸੈਂਕੜੇ ਪੰਜਾਬੀ ਪਰਿਵਾਰਾਂ ਦੇ ਦੁੱਖਾਂ ਨੂੰ ਤਾਜ਼ਾ ਕਰ ਦਿੱਤਾ ਹੈ ਜਿਨ੍ਹਾਂ ਦੇ ਬੱਚੇ ਰੋਜ਼ਗਾਰ ਲਈ ਵਿਦੇਸ਼ ਜਾਂਦੇ ਹਨ ਪਰ ਵਾਪਸ ਆਪਣੇ ਦੇਸ ਨਹੀਂ ਆਉਂਦੇ। ਸੰਦੀਪ ਦੀ ਅਚਾਨਕ ਮੌਤ ਨੇ ਪੂਰੇ ਪਿੰਡ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਲੋਕਾਂ ਵਿਚ ਸਿਰਫ਼ ਇੱਕੋ ਸਵਾਲ ਹੈ ਕਿ ਅੰਤ ਵਿੱਚ ਨੌਜਵਾਨ ਨਾਲ ਇਟਲੀ ਦੀ ਧਰਤੀ ‘ਤੇ ਅਜਿਹਾ ਕੀ ਹੋਇਆ?