ਆਗਰਾ (ਵੈੱਬ ਡੈਸਕ): ਤਾਜਨਗਰੀ ਆਗਰਾ ਦੇ ਟ੍ਰਾਂਸ ਯਮੁਨਾ ਪੁਲਸ ਸਟੇਸ਼ਨ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਥਾਣੇ ਦੇ ਅੰਦਰ ਹੀ ਇੱਕ ਔਰਤ ਅਤੇ ਮਹਿਲਾ ਪੁਲਸ ਮੁਲਾਜ਼ਮ ਵਿਚਕਾਰ ਭਿਆਨਕ ਝਗੜਾ ਹੋ ਗਿਆ, ਜਿਸ ਦਾ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਔਰਤ ਗੁੱਸੇ ਵਿੱਚ ਪੁਲਸ ਮੁਲਾਜ਼ਮ ਨੂੰ ਥੱਪੜ ਅਤੇ ਧੱਕੇ ਮਾਰ ਰਹੀ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੋਵਾਂ ਪਾਸਿਆਂ ਨੇ ਇੱਕ-ਦੂਜੇ ’ਤੇ ਗੰਭੀਰ ਦੋਸ਼ ਲਗਾਏ ਹਨ।
ਕੇਸ ਦੀ ਸ਼ੁਰੂਆਤ ਕਿਵੇਂ ਹੋਈ?
ਜਾਣਕਾਰੀ ਮੁਤਾਬਕ, ਸਰਜੂ ਯਾਦਵ ਨਾਮ ਦੀ ਇੱਕ ਔਰਤ ਨੇ ਕੁਝ ਸਮਾਂ ਪਹਿਲਾਂ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਜਾਂਚ ਮਗਰੋਂ ਪੁਲਸ ਨੇ ਇਸ ਕੇਸ ਨੂੰ ਬੰਦ ਕਰ ਦਿੱਤਾ ਅਤੇ ਅੰਤਿਮ ਰਿਪੋਰਟ ਦਰਜ ਕਰ ਲਈ। ਇਸੇ ਮਾਮਲੇ ਦੀ ਅਗਲੀ ਜਾਣਕਾਰੀ ਲਈ ਸਰਜੂ ਯਾਦਵ ਥਾਣੇ ਪਹੁੰਚੀ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੌਰਾਨ ਉਸਦੀ ਪੁਲਸ ਇੰਚਾਰਜ ਨਾਲ ਬਹਿਸ ਹੋ ਗਈ, ਜੋ ਕੁਝ ਸਮੇਂ ਬਾਅਦ ਮਹਿਲਾ ਮੁਲਾਜ਼ਮ ਨਾਲ ਹੱਥਾਪਾਈ ਵਿੱਚ ਤਬਦੀਲ ਹੋ ਗਈ।
ਵੀਡੀਓ ਬਣਿਆ ਵਿਵਾਦ ਦਾ ਕਾਰਨ
ਝਗੜੇ ਦੌਰਾਨ ਬਣਿਆ ਇਹ ਵੀਡੀਓ ਲੋਕਾਂ ਤੱਕ ਪਹੁੰਚ ਗਿਆ ਅਤੇ ਵਾਇਰਲ ਹੋ ਗਿਆ। ਫੁੱਟੇਜ ਵਿੱਚ ਔਰਤ ਨੂੰ ਪੁਲਸ ਕਰਮਚਾਰੀ ਨਾਲ ਧੱਕਾ-ਮੁੱਕੀ ਕਰਦੇ ਹੋਏ ਸਾਫ਼ ਵੇਖਿਆ ਜਾ ਸਕਦਾ ਹੈ। ਇਸ ਘਟਨਾ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਰਜੂ ਯਾਦਵ ਖ਼ਿਲਾਫ਼ ਸ਼ਾਂਤੀ ਭੰਗ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਹੈ।
ਔਰਤ ਦੇ ਗੰਭੀਰ ਦੋਸ਼
ਦੂਜੇ ਪਾਸੇ, ਸਰਜੂ ਯਾਦਵ ਨੇ ਵੀ ਸੋਸ਼ਲ ਮੀਡੀਆ ’ਤੇ ਆਪਣਾ ਪੱਖ ਰੱਖਿਆ ਹੈ। ਉਸਨੇ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਕਿ ਉਸਨੂੰ ਥਾਣੇ ਵਿੱਚ ਬੰਦ ਕਰਕੇ ਮਾਰਿਆ-ਪੀਟਿਆ ਗਿਆ ਅਤੇ ਇਸ ਦੌਰਾਨ ਉਸਦੇ ਕੱਪੜੇ ਵੀ ਪਾੜ ਦਿੱਤੇ ਗਏ। ਵੀਡੀਓ ਵਿੱਚ ਉਸਨੇ ਆਪਣੇ ਚਿਹਰੇ ਉੱਤੇ ਲੱਗੀ ਸੱਟ ਵੀ ਦਿਖਾਈ। ਸਰਜੂ ਨੇ ਪੁਲਸ ਵੱਲੋਂ ਬਦਸਲੂਕੀ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜੇਕਰ ਉਸਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਮਜਬੂਰੀ ਵਿੱਚ ਖੁਦਕੁਸ਼ੀ ਕਰਨ ਲਈ ਮਜਬੂਰ ਹੋਵੇਗੀ।
ਪੁਲਸ ਵਲੋਂ ਜਾਂਚ ਸ਼ੁਰੂ
ਫਿਲਹਾਲ, ਇਹ ਮਾਮਲਾ ਪੁਲਸ ਅਧਿਕਾਰੀਆਂ ਲਈ ਸਿਰਦਰਦ ਬਣ ਗਿਆ ਹੈ। ਇੱਕ ਪਾਸੇ ਥਾਣੇ ਦੇ ਅੰਦਰੋਂ ਵਾਇਰਲ ਹੋਇਆ ਵੀਡੀਓ ਪੁਲਸ ਦੀ ਕਾਰਵਾਈ ’ਤੇ ਸਵਾਲ ਖੜੇ ਕਰ ਰਿਹਾ ਹੈ, ਦੂਜੇ ਪਾਸੇ ਸਰਜੂ ਯਾਦਵ ਵੱਲੋਂ ਲਗਾਏ ਦੋਸ਼ਾਂ ਨੇ ਮਾਮਲੇ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ। ਉੱਚ ਅਧਿਕਾਰੀਆਂ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।