Category: chandigarh

  • GMCH-32 ਵਿੱਚ MBBS ਦਾਖ਼ਲੇ ਲਈ ਚੁਣੇ ਉਮੀਦਵਾਰਾਂ ਦੀ ਸੂਚੀ ਜਲਦੀ ਜਾਰੀ ਕੀਤੀ ਜਾਵੇਗੀ…

    GMCH-32 ਵਿੱਚ MBBS ਦਾਖ਼ਲੇ ਲਈ ਚੁਣੇ ਉਮੀਦਵਾਰਾਂ ਦੀ ਸੂਚੀ ਜਲਦੀ ਜਾਰੀ ਕੀਤੀ ਜਾਵੇਗੀ…

    ਚੰਡੀਗੜ੍ਹ: ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (GMCH-32) ਵਿੱਚ ਐੱਮ.ਬੀ.ਬੀ.ਐੱਸ. ਕੋਰਸ ਵਿੱਚ ਦਾਖ਼ਲੇ ਲਈ ਕਾਊਂਸਲਿੰਗ ਦਾ ਪ੍ਰਕਿਰਿਆ ਸਫਲਤਾਪੂਰਵਕ ਸਮਾਪਤ ਹੋ ਗਿਆ ਹੈ। ਇਸ ਸਾਲ GMCH-32 ਵਿੱਚ ਕੁੱਲ 124 ਸੀਟਾਂ ਲਈ ਦਾਖ਼ਲਾ ਦਿੱਤਾ ਜਾਣਾ ਸੀ, ਜਿਨ੍ਹਾਂ ਵਿੱਚੋਂ 115 ਸੀਟਾਂ ਯੂਨੀਅਨ ਟੈਰੀਟਰੀ (UT) ਪੂਲ ਅਤੇ 9 ਸੀਟਾਂ ਨਾਨ-ਰੇਜ਼ਿਡੈਂਟ ਇੰਡੀਆ (NRI) ਕੋਟੇ ਲਈ ਰਾਖਵੀਂ ਗਈਆਂ ਸਨ।

    UT ਪੂਲ ਕੋਟੇ ਦੇ ਤਹਿਤ, ਮੈਰਿਟ ਦੇ ਆਧਾਰ ‘ਤੇ ਕੁੱਲ 301 ਉਮੀਦਵਾਰਾਂ ਨੂੰ ਬੁਲਾਇਆ ਗਿਆ ਸੀ, ਜਿਨ੍ਹਾਂ ਵਿੱਚ ਜਨਰਲ, SC ਅਤੇ OBC ਵਰਗ ਦੇ ਵਿਦਿਆਰਥੀ ਸ਼ਾਮਿਲ ਸਨ। ਇਸ ਦੇ ਨਾਲ ਹੀ NRI ਕੋਟੇ ਵਿੱਚ 9 ਸੀਟਾਂ ਲਈ 50 ਉਮੀਦਵਾਰਾਂ ਨੇ ਹਿੱਸਾ ਲਿਆ।

    ਕਾਊਂਸਲਿੰਗ ਦਾ ਆਯੋਜਨ ਡਾਇਰੈਕਟਰ-ਪ੍ਰਿੰਸੀਪਲ ਦੇ ਦਫ਼ਤਰ ਵਿੱਚ ਕੀਤਾ ਗਿਆ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਦਾਖ਼ਲਾ ਪ੍ਰਕਿਰਿਆ ਵਿੱਚ ਸਾਰੇ ਨਿਯਮਾਂ ਅਤੇ ਮਾਪਦੰਡਾਂ ਦੀ ਪੂਰੀ ਪਾਲਣਾ ਕੀਤੀ ਗਈ।

    ਕਾਲਜ ਪ੍ਰਸ਼ਾਸਨ ਨੇ ਦੱਸਿਆ ਕਿ ਕਾਊਂਸਲਿੰਗ ਖ਼ਤਮ ਹੋਣ ਤੋਂ ਬਾਅਦ, ਅਸਥਾਈ ਤੌਰ ‘ਤੇ ਚੁਣੇ ਗਏ ਉਮੀਦਵਾਰਾਂ ਦੀ ਸੂਚੀ ਜਲਦ ਹੀ ਹਸਪਤਾਲ ਦੀ ਵੈੱਬਸਾਈਟ ‘ਤੇ ਜਾਰੀ ਕੀਤੀ ਜਾਵੇਗੀ, ਤਾਂ ਜੋ ਵਿਦਿਆਰਥੀ ਆਪਣੇ ਨਤੀਜਿਆਂ ਦੀ ਪੁਸ਼ਟੀ ਕਰ ਸਕਣ।

  • ਪੰਜਾਬ ਹੜ੍ਹਾਂ: ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਸਰਕਾਰ ਦੀ ਨੀਅਤ ਤੇ ਨੀਤੀਆਂ ‘ਤੇ ਸਵਾਲ, ਕੌਮੀ ਆਫਤ ਐਲਾਨਣ ਦੀ ਮੰਗ…

    ਪੰਜਾਬ ਹੜ੍ਹਾਂ: ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਸਰਕਾਰ ਦੀ ਨੀਅਤ ਤੇ ਨੀਤੀਆਂ ‘ਤੇ ਸਵਾਲ, ਕੌਮੀ ਆਫਤ ਐਲਾਨਣ ਦੀ ਮੰਗ…

    ਚੰਡੀਗੜ੍ਹ : ਪੰਜਾਬ ਵਿੱਚ ਹੜ੍ਹਾਂ ਕਾਰਨ ਬਣੀ ਗੰਭੀਰ ਸਥਿਤੀ ਦੇ ਮੱਦੇਨਜ਼ਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਰਾਜ ਸਰਕਾਰ ਦੀ ਪੂਰੀ ਤਰ੍ਹਾਂ ਨਾਕਾਮੀ ਵੱਲ ਇਸ਼ਾਰਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਨਾ ਤਾਂ ਪਹਿਲਾਂ ਹੀ ਹੜ੍ਹਾਂ ਨਾਲ ਨਿਪਟਣ ਲਈ ਕੋਈ ਢੰਗ ਦੇ ਪ੍ਰਬੰਧ ਕੀਤੇ ਤੇ ਨਾ ਹੀ ਲੋਕਾਂ ਨੂੰ ਵਕ਼ਤ-ਸਿਰ ਰਾਹਤ ਸਮੱਗਰੀ ਜਾਂ ਤਕਨੀਕੀ ਮਦਦ ਮੁਹੱਈਆ ਕਰਵਾਈ।

    ਗੜਗੱਜ ਨੇ ਦੋਸ਼ ਲਾਇਆ ਕਿ ਸਰਕਾਰ ਦੇ ਲਾਪਰਵਾਹ ਰਵੱਈਏ ਕਾਰਨ ਅੱਜ ਪੰਜਾਬ ਦੇ ਕਈ ਜ਼ਿਲ੍ਹੇ ਤੇ ਸੈਂਕੜਿਆਂ ਪਿੰਡ ਹੜ੍ਹਾਂ ਦੀ ਚਪੇਟ ‘ਚ ਹਨ ਅਤੇ ਲੋਕਾਂ ਨੂੰ ਆਪਣੀ ਜਾਨ ਤੇ ਮਾਲ ਦੋਹਾਂ ਦਾ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ 2019 ਅਤੇ 2023 ਦੇ ਹੜ੍ਹਾਂ ਤੋਂ ਕੋਈ ਸਬਕ ਨਹੀਂ ਲਿਆ ਗਿਆ, ਜਿਸ ਕਰਕੇ ਇਸ ਵਾਰ ਤਬਾਹੀ 1988 ਤੋਂ ਵੀ ਵਧੇਰੇ ਪੱਧਰ ‘ਤੇ ਸਾਹਮਣੇ ਆਈ ਹੈ।

    ਉਨ੍ਹਾਂ ਕਿਹਾ ਕਿ ਲੋਕ ਆਪਣੇ ਪੱਧਰ ‘ਤੇ ਕਿਸੇ ਤਰ੍ਹਾਂ ਹੜ੍ਹ ਨਾਲ ਜੂਝ ਰਹੇ ਹਨ ਪਰ ਸਰਕਾਰੀ ਪ੍ਰਬੰਧ ਬਿਲਕੁਲ ਫੇਲ ਸਾਬਤ ਹੋਏ ਹਨ। ਰਾਹਤ ਸਮੱਗਰੀ, ਤੈਰਨ ਵਾਲੀਆਂ ਬੇੜੀਆਂ ਅਤੇ ਜ਼ਰੂਰੀ ਉਪਕਰਣ ਪ੍ਰਭਾਵਿਤ ਇਲਾਕਿਆਂ ‘ਚ ਨਹੀਂ ਪਹੁੰਚ ਰਹੇ। ਇਸ ਕਾਰਨ ਲੋਕ ਬੇਹੱਦ ਮੁਸ਼ਕਲ ਹਾਲਾਤਾਂ ਵਿੱਚ ਗੁਜ਼ਾਰਾ ਕਰਨ ‘ਤੇ ਮਜ਼ਬੂਰ ਹਨ।

    ਜਥੇਦਾਰ ਗੜਗੱਜ ਨੇ ਕੇਂਦਰ ਸਰਕਾਰ ਕੋਲੋਂ ਤੁਰੰਤ ਰਾਹਤ ਪੈਕੇਜ ਜਾਰੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਆਏ ਹੜ੍ਹਾਂ ਨੂੰ ਕੌਮੀ ਆਫਤ ਐਲਾਨਿਆ ਜਾਣਾ ਚਾਹੀਦਾ ਹੈ, ਕਿਉਂਕਿ ਹੜ੍ਹਾਂ ਨਾਲ ਪੈਦਾ ਹੋਈ ਤਬਾਹੀ ਇਤਿਹਾਸਕ ਪੱਧਰ ‘ਤੇ ਸਭ ਤੋਂ ਵੱਡੀ ਹੈ।

    ਉਨ੍ਹਾਂ ਕਿਹਾ ਕਿ ਹਾਲਾਤ ਸਧਾਰਨ ਹੋਣ ਤੋਂ ਬਾਅਦ ਹੀ ਜਾਨੀ ਤੇ ਮਾਲੀ ਨੁਕਸਾਨ ਦੀ ਅਸਲੀ ਤਸਵੀਰ ਸਾਹਮਣੇ ਆਵੇਗੀ, ਪਰ ਇਸ ਵੇਲੇ ਹਾਲਾਤ ਦਰਸਾ ਰਹੇ ਹਨ ਕਿ ਇਹ ਪੰਜਾਬੀਆਂ ਲਈ ਇੱਕ ਵੱਡੀ ਤ੍ਰਾਸਦੀ ਸਾਬਤ ਹੋ ਰਹੀ ਹੈ।

  • Punjab News : ਪੰਜਾਬ ਦੇ ਸਾਰੇ ਕਾਲਜਾਂ, ਯੂਨੀਵਰਸਿਟੀਆਂ ਅਤੇ ਪੋਲੀਟੈਕਨੀਕਲ ਕਾਲਜਾਂ ਵਿੱਚ 3 ਸਤੰਬਰ ਤੱਕ ਛੁੱਟੀਆਂ ਦਾ ਐਲਾਨ…

    Punjab News : ਪੰਜਾਬ ਦੇ ਸਾਰੇ ਕਾਲਜਾਂ, ਯੂਨੀਵਰਸਿਟੀਆਂ ਅਤੇ ਪੋਲੀਟੈਕਨੀਕਲ ਕਾਲਜਾਂ ਵਿੱਚ 3 ਸਤੰਬਰ ਤੱਕ ਛੁੱਟੀਆਂ ਦਾ ਐਲਾਨ…

    ਚੰਡੀਗੜ੍ਹ : ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋ ਚੁੱਕੀ ਹੈ। ਇਸ ਸੰਗੀਨ ਹਾਲਾਤ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਸੂਬੇ ਦੇ ਸਾਰੇ ਕਾਲਜਾਂ, ਯੂਨੀਵਰਸਿਟੀਆਂ ਅਤੇ ਪੋਲੀਟੈਕਨੀਕਲ ਕਾਲਜਾਂ ਨੂੰ 3 ਸਤੰਬਰ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਹੈ।

    ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਵਿਦਿਆਰਥੀਆਂ, ਅਧਿਆਪਕਾਂ ਅਤੇ ਸਿੱਖਿਆ ਸੰਸਥਾਵਾਂ ਦੇ ਸਟਾਫ਼ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰੀ ਬਾਰਿਸ਼ ਕਾਰਨ ਕਈ ਇਲਾਕਿਆਂ ਵਿੱਚ ਸੜਕਾਂ ਡੁੱਬ ਚੁੱਕੀਆਂ ਹਨ, ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਜਾਨਮਾਲ ਦੇ ਨੁਕਸਾਨ ਦੇ ਖ਼ਤਰੇ ਵੱਧ ਗਏ ਹਨ। ਇਸ ਕਾਰਨ ਵਿਦਿਆਰਥੀਆਂ ਦਾ ਘਰਾਂ ਵਿੱਚ ਸੁਰੱਖਿਅਤ ਰਹਿਣਾ ਸਭ ਤੋਂ ਵਧੀਆ ਵਿਕਲਪ ਹੈ।

    ਮੰਤਰੀ ਨੇ ਹੋਸਟਲਾਂ ਵਿੱਚ ਰਹਿ ਰਹੇ ਵਿਦਿਆਰਥੀਆਂ ਬਾਰੇ ਵੀ ਖ਼ਾਸ ਹਦਾਇਤਾਂ ਦਿੱਤੀਆਂ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਹੋਸਟਲਾਂ ਵਿੱਚ ਰਹਿ ਰਹੇ ਵਿਦਿਆਰਥੀਆਂ ਦੀ ਪੂਰੀ ਜ਼ਿੰਮੇਵਾਰੀ ਸੰਬੰਧਿਤ ਪ੍ਰਬੰਧਕਾਂ ਦੀ ਹੋਵੇਗੀ। ਉਨ੍ਹਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਕੀਤੀ ਜਾਵੇ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਸਥਾਨਕ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ ਤਾਂ ਜੋ ਕਿਸੇ ਵੀ ਸੰਭਾਵਿਤ ਹਾਦਸੇ ਤੋਂ ਬਚਿਆ ਜਾ ਸਕੇ।

    ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਨੇ ਰਾਜ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ 3 ਸਤੰਬਰ ਤੱਕ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ। ਸਕੂਲਾਂ ਬੰਦ ਕਰਨ ਦੇ ਫ਼ੈਸਲੇ ਪਿੱਛੇ ਵੀ ਮੁੱਖ ਕਾਰਨ ਬਾਰਿਸ਼ ਕਾਰਨ ਬਣ ਰਹੀ ਹੜ੍ਹਾਂ ਦੀ ਸਥਿਤੀ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਸੀ। ਹਾਲਾਂਕਿ, ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਇਹ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ ਕਿ ਕੁਝ ਨਿੱਜੀ ਸਕੂਲਾਂ ਨੇ ਸਰਕਾਰ ਦੇ ਹੁਕਮਾਂ ਦੀ ਅਣਦੇਖੀ ਕਰਦਿਆਂ ਛੁੱਟੀਆਂ ਦੌਰਾਨ ਵੀ ਅਧਿਆਪਕਾਂ ਨੂੰ ਜ਼ਬਰਦਸਤੀ ਸਕੂਲ ਬੁਲਾਇਆ। ਇਸ ਨੂੰ ਲੈ ਕੇ ਮਾਪਿਆਂ ਅਤੇ ਅਧਿਆਪਕਾਂ ਵਿਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ।

    ਪੰਜਾਬ ਦੇ ਹਾਲਾਤਾਂ ਨੂੰ ਵੇਖਦਿਆਂ ਸਪਸ਼ਟ ਹੈ ਕਿ ਸਰਕਾਰ ਵੱਲੋਂ ਸਿੱਖਿਆ ਸੰਸਥਾਵਾਂ ਨੂੰ ਬੰਦ ਰੱਖਣ ਦਾ ਫ਼ੈਸਲਾ ਇੱਕ ਜ਼ਰੂਰੀ ਅਤੇ ਸਮੇਂਸਿਰ ਕਦਮ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਮੌਸਮ ਦੀ ਸਥਿਤੀ ਹੋਰ ਵਿਗੜਦੀ ਹੈ ਤਾਂ ਛੁੱਟੀਆਂ ਨੂੰ ਅੱਗੇ ਵਧਾਉਣ ਬਾਰੇ ਵੀ ਵਿਚਾਰਿਆ ਜਾ ਸਕਦਾ ਹੈ।

  • ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਤੇ ਕਾਮੇਡੀਅਨ ਜਸਵਿੰਦਰ ਭੱਲਾ ਦੇਹਾਂਤ ਨਾਲ ਮਨੋਰੰਜਨ ਜਗਤ ‘ਚ ਸ਼ੋਕ ਦੀ ਲਹਿਰ…

    ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਤੇ ਕਾਮੇਡੀਅਨ ਜਸਵਿੰਦਰ ਭੱਲਾ ਦੇਹਾਂਤ ਨਾਲ ਮਨੋਰੰਜਨ ਜਗਤ ‘ਚ ਸ਼ੋਕ ਦੀ ਲਹਿਰ…

    ਚੰਡੀਗੜ੍ਹ – ਪੰਜਾਬੀ ਫਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਦਾ 22 ਅਗਸਤ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਅਚਾਨਕ ਬਿਛੋੜੇ ਨਾਲ ਫਿਲਮ ਇੰਡਸਟਰੀ, ਸਮਾਜਿਕ ਵਰਗਾਂ ਅਤੇ ਰਾਜਨੀਤਿਕ ਖੇਤਰ ਵਿਚ ਗਹਿਰਾ ਦੁੱਖ ਛਾਇਆ ਹੋਇਆ ਹੈ। ਜਸਵਿੰਦਰ ਭੱਲਾ ਦੀ ਯਾਦ ਵਿੱਚ ਨਮਿਤ ਭੋਗ ਅਤੇ ਅੰਤਿਮ ਅਰਦਾਸ ਦੀ ਰਸਮ ਗੁਰੂਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਸੈਕਟਰ 34-ਸੀ ਚੰਡੀਗੜ੍ਹ ਵਿਖੇ ਸੰਪੰਨ ਹੋਵੇਗੀ। ਇਸ ਸਮਾਗਮ ਵਿੱਚ ਫਿਲਮੀ ਸਰਕਲ ਦੇ ਨਾਲ-ਨਾਲ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਹਸਤੀਆਂ ਵੀ ਸ਼ਾਮਲ ਹੋਣਗੀਆਂ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਨਗੀਆਂ। ਵੱਡੀ ਗਿਣਤੀ ਵਿੱਚ ਲੋਕਾਂ ਦੇ ਇਕੱਠ ਦੀ ਸੰਭਾਵਨਾ ਦੇ ਮੱਦੇਨਜ਼ਰ ਪੁਲਿਸ ਵੱਲੋਂ ਖ਼ਾਸ ਪ੍ਰਬੰਧ ਕੀਤੇ ਗਏ ਹਨ।

    ਬਿਮਾਰੀ ਕਾਰਨ ਜਿੰਦਗੀ ਦੀ ਜੰਗ ਹਾਰ ਗਏ

    ਖ਼ਬਰਾਂ ਅਨੁਸਾਰ, ਜਸਵਿੰਦਰ ਭੱਲਾ ਨੂੰ ਕੁਝ ਦਿਨ ਪਹਿਲਾਂ ਬ੍ਰੇਨ ਸਟ੍ਰੋਕ ਆਇਆ ਸੀ। ਤੁਰੰਤ ਉਨ੍ਹਾਂ ਨੂੰ ਮੋਹਾਲੀ ਦੇ ਫੌਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਪੂਰੀ ਕੋਸ਼ਿਸ਼ ਕੀਤੀ, ਪਰ ਖੂਨ ਬਹੁਤ ਵਹਿ ਜਾਣ ਕਾਰਨ ਉਨ੍ਹਾਂ ਦੀ ਹਾਲਤ ਨਾਜ਼ੁਕ ਬਣ ਗਈ। ਇਲਾਜ ਜਾਰੀ ਰਿਹਾ ਪਰ ਅਖ਼ਿਰਕਾਰ 22 ਅਗਸਤ ਨੂੰ ਸਵੇਰੇ ਤਕਰੀਬਨ 4 ਵਜੇ ਉਨ੍ਹਾਂ ਨੇ ਆਖ਼ਰੀ ਸਾਹ ਲਏ। ਇਸ ਤੋਂ ਬਾਅਦ 23 ਅਗਸਤ ਨੂੰ ਦੁਪਹਿਰ 1 ਵਜੇ ਮੋਹਾਲੀ ਦੇ ਬਲੌਂਗੀ ਸਮਸ਼ਾਨਘਾਟ ਵਿੱਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ, ਜਿੱਥੇ ਹਜ਼ਾਰਾਂ ਪ੍ਰਸ਼ੰਸਕ ਤੇ ਸਾਥੀ ਕਲਾਕਾਰਾਂ ਨੇ ਰੋ-ਰੋ ਕੇ ਉਨ੍ਹਾਂ ਨੂੰ ਵਿਦਾਈ ਦਿੱਤੀ।

    ਜਨਮ ਤੇ ਸਿੱਖਿਆ

    ਜਸਵਿੰਦਰ ਭੱਲਾ ਦਾ ਜਨਮ 4 ਮਈ, 1960 ਨੂੰ ਲੁਧਿਆਣਾ ਦੇ ਦੋਰਾਹਾ ਵਿੱਚ ਹੋਇਆ ਸੀ। ਉਹ ਪੜ੍ਹਾਈ ਵਿੱਚ ਕਾਬਲ ਰਹੇ ਅਤੇ ਬਾਅਦ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਵਿੱਚ ਪ੍ਰੋਫੈਸਰ ਵਜੋਂ ਆਪਣੀ ਸੇਵਾ ਨਿਭਾਉਂਦੇ ਰਹੇ। ਯੂਨੀਵਰਸਿਟੀ ਦੇ ਬ੍ਰਾਂਡ ਅੰਬੈਸਡਰ ਵਜੋਂ ਉਨ੍ਹਾਂ ਨੇ ਖੇਤੀਬਾੜੀ ਨਾਲ ਸੰਬੰਧਿਤ ਨਵੀਆਂ ਤਕਨੀਕਾਂ ਅਤੇ ਗਿਆਨ ਕਿਸਾਨਾਂ ਤੱਕ ਪਹੁੰਚਾਉਣ ਲਈ ਅਹਿਮ ਯੋਗਦਾਨ ਪਾਇਆ। ਉਹ ਕਿਸਾਨ ਭਾਈਚਾਰੇ ਨਾਲ ਹਮੇਸ਼ਾ ਜੁੜੇ ਰਹੇ ਅਤੇ ਖੇਤੀਬਾੜੀ ਸੰਬੰਧੀ ਜਾਗਰੂਕਤਾ ਵਧਾਉਣ ਲਈ ਕਈ ਮੁਹਿੰਮਾਂ ਦਾ ਹਿੱਸਾ ਬਣੇ।

    ਕਲਾ ਅਤੇ ਫਿਲਮੀ ਯਾਤਰਾ

    ਜਸਵਿੰਦਰ ਭੱਲਾ ਨੇ ਆਪਣੇ ਕਲਾਤਮਕ ਕਰੀਅਰ ਦੀ ਸ਼ੁਰੂਆਤ 1988 ਵਿੱਚ ਛਣਕਟਾ 88 ਨਾਲ ਕੀਤੀ, ਜਿੱਥੇ ਉਹ ਇੱਕ ਕਾਮੇਡੀਅਨ ਵਜੋਂ ਲੋਕਾਂ ਦੇ ਦਿਲਾਂ ਵਿੱਚ ਵੱਸ ਗਏ। ਇਸ ਤੋਂ ਬਾਅਦ ਉਹ ਪੰਜਾਬੀ ਸਿਨੇਮਾ ਦੇ ਸੁਪਰਹਿੱਟ ਕਾਮੇਡੀਅਨ ਵਜੋਂ ਜਾਣੇ ਜਾਣ ਲੱਗੇ। ਫਿਲਮ “ਦੁੱਲਾ ਭੱਟੀ” ਨਾਲ ਉਨ੍ਹਾਂ ਨੇ ਐਕਟਿੰਗ ਜਗਤ ਵਿੱਚ ਕਦਮ ਰੱਖਿਆ ਅਤੇ ਫਿਰ ਮੁੜ ਮੁੜ ਪੰਜਾਬੀ ਫਿਲਮਾਂ ਦੇ ਹਾਸਰਸ ਪਾਤਰਾਂ ਦਾ ਅਟੁੱਟ ਹਿੱਸਾ ਬਣ ਗਏ। ਉਨ੍ਹਾਂ ਦੇ ਮਸ਼ਹੂਰ ਕਿਰਦਾਰ “ਚਾਚਾ ਚਤਰਾ” ਨੇ ਉਨ੍ਹਾਂ ਨੂੰ ਘਰ-ਘਰ ਵਿੱਚ ਲੋਕਪ੍ਰਿਯਤਾ ਦਵਾਈ।

    ਅੱਜ ਪੰਜਾਬੀ ਫਿਲਮ ਇੰਡਸਟਰੀ ਵਿੱਚ ਸ਼ਾਇਦ ਹੀ ਕੋਈ ਅਜਿਹੀ ਫਿਲਮ ਹੋਵੇ ਜਿਸ ਵਿੱਚ ਜਸਵਿੰਦਰ ਭੱਲਾ ਦੀ ਹਾਜ਼ਰੀ ਨਾ ਰਹੀ ਹੋਵੇ। ਉਹਨਾਂ ਦੀ ਕਾਮੇਡੀ ਲੜੀ ਛਣਕਟਾ ਨੇ ਵੀ ਲੋਕਾਂ ਦੇ ਦਿਲਾਂ ਵਿੱਚ ਖ਼ਾਸ ਥਾਂ ਬਣਾਈ।

    ਮਨੋਰੰਜਨ ਜਗਤ ਵਿੱਚ ਖਾਲੀਪਨ

    ਜਸਵਿੰਦਰ ਭੱਲਾ ਦੀ ਮੌਤ ਨਾਲ ਪੰਜਾਬੀ ਫਿਲਮ ਇੰਡਸਟਰੀ, ਸਟੇਜ ਕਲਾ ਅਤੇ ਹਾਸਰਸ ਜਗਤ ਵਿੱਚ ਵੱਡਾ ਖਾਲੀਪਨ ਪੈ ਗਿਆ ਹੈ। ਸਾਥੀ ਕਲਾਕਾਰਾਂ ਦਾ ਕਹਿਣਾ ਹੈ ਕਿ ਉਹ ਸਿਰਫ਼ ਇਕ ਅਦਾਕਾਰ ਨਹੀਂ ਸਗੋਂ ਇਕ ਮਿੱਤਰਤਾ-ਪਸੰਦ, ਹੱਸਮੁਖ ਅਤੇ ਸਰਗਰਮ ਵਿਅਕਤੀ ਸਨ, ਜਿਨ੍ਹਾਂ ਨੇ ਹਮੇਸ਼ਾ ਨਵੀਂ ਪੀੜ੍ਹੀ ਦੇ ਕਲਾਕਾਰਾਂ ਨੂੰ ਪ੍ਰੇਰਿਤ ਕੀਤਾ।

  • ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਮੁਲਾਕਾਤ, ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਬਾਰੇ ਦਿੱਤੀ ਵਿਸਥਾਰ ਜਾਣਕਾਰੀ…

    ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਮੁਲਾਕਾਤ, ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਬਾਰੇ ਦਿੱਤੀ ਵਿਸਥਾਰ ਜਾਣਕਾਰੀ…

    ਚੰਡੀਗੜ੍ਹ – ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਆਪਣੇ ਦੋ ਦਿਨਾਂ ਦੇ ਗੁਹਾਟੀ (ਅਸਾਮ) ਦੌਰੇ ਦੌਰਾਨ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵਿਸਥਾਰਪੂਰਵਕ ਮੁਲਾਕਾਤ ਕੀਤੀ। ਇਹ ਮੀਟਿੰਗ ਕੋਇਨਾਧਾਰਾ ਗੈਸਟ ਹਾਊਸ ਵਿਖੇ ਹੋਈ, ਜਿਸ ਦੌਰਾਨ ਦੋਹਾਂ ਨੇਤਾਵਾਂ ਨੇ ਪੰਜਾਬ ਅਤੇ ਚੰਡੀਗੜ੍ਹ ਨਾਲ ਸੰਬੰਧਿਤ ਅਹਿਮ ਮੁੱਦਿਆਂ ‘ਤੇ ਗੰਭੀਰ ਚਰਚਾ ਕੀਤੀ।

    ਰਾਜਪਾਲ ਕਟਾਰੀਆ ਨੇ ਕੇਂਦਰੀ ਗ੍ਰਹਿ ਮੰਤਰੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਕਿ ਹਾਲ ਹੀ ਵਿੱਚ ਚੰਡੀਗੜ੍ਹ ਨਗਰ ਨਿਗਮ ਲਈ 125 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਰਕਮ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਸੜਕਾਂ, ਪਾਣੀ ਸਪਲਾਈ ਪ੍ਰਣਾਲੀ, ਸਫ਼ਾਈ ਪ੍ਰਬੰਧ ਅਤੇ ਹੋਰ ਨਾਗਰਿਕ ਸਹੂਲਤਾਂ ਨੂੰ ਅਧੁਨਿਕ ਰੂਪ ਦੇਣ ਲਈ ਬਹੁਤ ਸਹਾਇਕ ਸਿੱਧ ਹੋਵੇਗੀ। ਰਾਜਪਾਲ ਨੇ ਇਸ ਗ੍ਰਾਂਟ ਨੂੰ ਚੰਡੀਗੜ੍ਹ ਦੇ ਵਿਕਾਸ ਲਈ ਇਕ ਵੱਡਾ ਕਦਮ ਦੱਸਿਆ।

    ਇਸ ਦੌਰਾਨ ਰਾਜਪਾਲ ਨੇ ਪੰਜਾਬ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਦੇ ਹਾਲਾਤਾਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਕਈ ਜ਼ਿਲ੍ਹਿਆਂ ਦੇ ਪਿੰਡ ਹੜ੍ਹ ਦੀ ਚਪੇਟ ਵਿੱਚ ਆ ਚੁੱਕੇ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਣ ਲਈ ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਜਾਰੀ ਹਨ। ਕਟਾਰੀਆ ਨੇ ਕੇਂਦਰੀ ਮੰਤਰੀ ਨੂੰ ਪ੍ਰਭਾਵਿਤ ਖੇਤਰਾਂ ਦੀ ਮੌਜੂਦਾ ਸਥਿਤੀ, ਹੁਣ ਤੱਕ ਕੀਤੇ ਗਏ ਰਾਹਤ ਉਪਰਾਲਿਆਂ ਅਤੇ ਅੱਗੇ ਲਈ ਕੇਂਦਰ ਤੋਂ ਮਿਲ ਸਕਦੇ ਸੰਭਾਵੀ ਸਹਿਯੋਗ ਬਾਰੇ ਵੀ ਜਾਣੂ ਕਰਵਾਇਆ।

    ਮੀਟਿੰਗ ਦੌਰਾਨ ਦੋਹਾਂ ਨੇਤਾਵਾਂ ਨੇ ਖੇਤਰੀ ਵਿਕਾਸ, ਜਨ ਸੇਵਾ, ਆਪਦਾ ਪ੍ਰਬੰਧਨ ਅਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਂਝੀ ਰਣਨੀਤੀ ਬਣਾਉਣ ਦੀ ਲੋੜ ‘ਤੇ ਵੀ ਚਰਚਾ ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜਪਾਲ ਕਟਾਰੀਆ ਨੂੰ ਭਰੋਸਾ ਦਵਾਇਆ ਕਿ ਪੰਜਾਬ ਅਤੇ ਚੰਡੀਗੜ੍ਹ ਲਈ ਕੇਂਦਰ ਸਰਕਾਰ ਹਰ ਸੰਭਵ ਸਹਿਯੋਗ ਦੇਣ ਲਈ ਵਚਨਬੱਧ ਹੈ ਅਤੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਜ਼ਰੂਰੀ ਸਰੋਤ ਉਪਲਬਧ ਕਰਵਾਏ ਜਾਣਗੇ।

  • ਪੰਜਾਬ ਲਈ ਨਵਾਂ ਖਤਰਾ : ਘੱਗਰ ਦਰਿਆ ਦਾ ਪਾਣੀ ਵਧਿਆ, ਪ੍ਰਸ਼ਾਸਨ ਵੱਲੋਂ ਪਿੰਡਾਂ ਲਈ ਐਡਵਾਇਜ਼ਰੀ ਜਾਰੀ…

    ਪੰਜਾਬ ਲਈ ਨਵਾਂ ਖਤਰਾ : ਘੱਗਰ ਦਰਿਆ ਦਾ ਪਾਣੀ ਵਧਿਆ, ਪ੍ਰਸ਼ਾਸਨ ਵੱਲੋਂ ਪਿੰਡਾਂ ਲਈ ਐਡਵਾਇਜ਼ਰੀ ਜਾਰੀ…

    ਚੰਡੀਗੜ੍ਹ/ਮੁਹਾਲੀ/ਪਟਿਆਲਾ (ਵੈੱਬ ਡੈਸਕ): ਪੰਜਾਬ ਵਿੱਚ ਹੜ੍ਹਾਂ ਦਾ ਖਤਰਾ ਅਜੇ ਵੀ ਟਲਿਆ ਨਹੀਂ ਹੈ। ਰਾਵੀ, ਬਿਆਸ ਤੇ ਸਤਲੁਜ ਦਰਿਆ ਨਾਲ ਤਬਾਹੀ ਜਾਰੀ ਹੈ, ਹੁਣ ਘੱਗਰ ਦਰਿਆ ਵੀ ਖਤਰੇ ਦਾ ਸੰਕੇਤ ਦੇ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿੱਚ ਚੰਡੀਗੜ੍ਹ, ਮੁਹਾਲੀ ਅਤੇ ਘੱਗਰ ਦਰਿਆ ਦੇ ਕੈਚਮੈਂਟ ਖੇਤਰ ਵਿੱਚ ਹੋਈ ਭਾਰੀ ਬਾਰਿਸ਼ ਅਤੇ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਜਾਣ ਕਾਰਨ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ।

    ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਜਪੁਰਾ ਸਬ ਡਵੀਜ਼ਨ ਦੇ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਜੋ ਘੱਗਰ ਦਰਿਆ ਦੇ ਨੇੜੇ ਹਨ। ਇਨ੍ਹਾਂ ਇਲਾਕਿਆਂ ਦੇ ਵਸਨੀਕਾਂ ਨੂੰ ਸੁਚੇਤ ਰਹਿਣ ਤੇ ਬੇਵਜ੍ਹਾ ਦਰਿਆ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ। ਮੁਹਾਲੀ ਪ੍ਰਸ਼ਾਸਨ ਨੇ ਵੀ ਐਡਵਾਇਜ਼ਰੀ ਜਾਰੀ ਕਰਕੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ।

    ਪਾਣੀ ਦਾ ਪੱਧਰ 70 ਹਜ਼ਾਰ ਕਿਊਸਿਕ ਪਾਰ

    ਸਵੇਰੇ 8 ਵਜੇ ਦੇ ਅੰਕੜਿਆਂ ਮੁਤਾਬਕ ਘੱਗਰ ਦਰਿਆ ਦਾ ਪਾਣੀ 70,000 ਕਿਊਸਿਕ ਤੋਂ ਵੱਧ ਦਰਜ ਕੀਤਾ ਗਿਆ। ਪ੍ਰਸ਼ਾਸਨ ਦੇ ਅਨੁਸਾਰ, ਜੇ ਮੀਂਹ ਦਾ ਦਬਾਅ ਹੋਰ ਵਧਿਆ ਜਾਂ ਸੁਖਨਾ ਦੇ ਹੋਰ ਗੇਟ ਖੋਲ੍ਹਣ ਪਏ ਤਾਂ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਇਸ ਕਾਰਨ ਖ਼ਾਸ ਕਰਕੇ ਡੇਰਾਬੱਸੀ ਸਬ ਡਵੀਜ਼ਨ ਦੇ ਪਿੰਡਾਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ।

    ਤੁਰੰਤ ਪ੍ਰਭਾਵਿਤ ਹੋਣ ਵਾਲੇ ਪਿੰਡ

    ਪ੍ਰਸ਼ਾਸਨ ਵੱਲੋਂ ਜਾਰੀ ਸੂਚੀ ਅਨੁਸਾਰ ਇਹ ਪਿੰਡ ਸਭ ਤੋਂ ਵੱਧ ਖ਼ਤਰੇ ਹੇਠ ਹਨ:

    • ਟਿਵਾਣਾ
    • ਖਜੂਰ ਮੰਡੀ
    • ਸਾਧਾਂਪੁਰ
    • ਸਰਸੀਨੀ
    • ਆਲਮਗੀਰ
    • ਡੰਗਢੇਰਾ
    • ਮੁਬਾਰਿਕਪੁਰ
    • ਮੀਰਪੁਰ
    • ਬਾਕਰਪੁਰ

    ਰਾਜਪੁਰਾ ਸਬ ਡਵੀਜ਼ਨ ਲਈ ਚੇਤਾਵਨੀ

    ਰਾਜਪੁਰਾ ਦੇ ਐੱਸਡੀਐੱਮ ਅਵਿਕੇਸ਼ ਗੁਪਤਾ ਨੇ ਵੱਖਰੀ ਐਡਵਾਇਜ਼ਰੀ ਜਾਰੀ ਕਰਦੇ ਹੋਏ ਪਿੰਡ ਊਂਟਸਰ, ਨਨਹੇੜੀ, ਸੰਜਰਪੁਰ, ਲਾਛੜੂ, ਕਮਾਲਪੁਰ, ਰਾਮਪੁਰ, ਸੌਂਟਾ, ਮਾੜੂ ਅਤੇ ਚਮਾਰੂ ਸਮੇਤ ਨੇੜਲੇ ਇਲਾਕਿਆਂ ਦੇ ਵਸਨੀਕਾਂ ਨੂੰ ਦਰਿਆ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਕਿਸੇ ਵੀ ਐਮਰਜੈਂਸੀ ਸੂਚਨਾ ਲਈ ਰਾਜਪੁਰਾ ਫਲੱਡ ਕੰਟਰੋਲ ਰੂਮ ਦੇ ਨੰਬਰ 01762-224132 ’ਤੇ ਤੁਰੰਤ ਸੰਪਰਕ ਕੀਤਾ ਜਾਵੇ।

    ਪਟਿਆਲਾ ਸਬ ਡਵੀਜ਼ਨ ਦੀ ਸਥਿਤੀ

    ਇਸੇ ਤਰ੍ਹਾਂ, ਪਟਿਆਲਾ ਦੇ ਐੱਸਡੀਐੱਮ ਹਰਜੋਤ ਕੌਰ ਮਾਵੀ ਨੇ ਹਡਾਣਾਪੁਰ ਅਤੇ ਸਿਰਕੱਪੜਾ ਸਮੇਤ ਆਲੇ-ਦੁਆਲੇ ਦੇ ਪਿੰਡਾਂ ਦੇ ਰਹਿਣ ਵਾਲਿਆਂ ਨੂੰ ਵੀ ਐਲਰਟ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਦਰਿਆ ਵਿੱਚ ਪਾਣੀ ਵੱਧਣ ਬਾਰੇ ਕੋਈ ਵੀ ਸੂਚਨਾ ਮਿਲਦੀ ਹੈ ਤਾਂ ਲੋਕ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ 0175-2350550 ਜਾਂ 0175-2358550 ’ਤੇ ਜਾਣਕਾਰੀ ਦੇਣ।

    ਅਫ਼ਵਾਹਾਂ ਤੋਂ ਬਚਣ ਦੀ ਅਪੀਲ

    ਪ੍ਰਸ਼ਾਸਨ ਨੇ ਖ਼ਾਸ ਤੌਰ ’ਤੇ ਲੋਕਾਂ ਨੂੰ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਗਲਤ ਖ਼ਬਰ ਜਾਂ ਅਫ਼ਵਾਹਾਂ ’ਤੇ ਧਿਆਨ ਨਾ ਦੇਣ, ਸਿਰਫ਼ ਸਰਕਾਰੀ ਸੂਚਨਾਵਾਂ ਤੇ ਹੀ ਭਰੋਸਾ ਕੀਤਾ ਜਾਵੇ। ਲੋਕਾਂ ਨੂੰ ਜ਼ਰੂਰੀ ਸਮਾਨ ਪਹਿਲਾਂ ਹੀ ਇਕੱਠਾ ਰੱਖਣ ਅਤੇ ਐਮਰਜੈਂਸੀ ਹਾਲਤ ਵਿੱਚ ਸੁਰੱਖਿਅਤ ਥਾਵਾਂ ਵੱਲ ਜਾਣ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਗਈ ਹੈ।

    👉 ਪੰਜਾਬ ਦੇ ਵੱਡੇ ਹਿੱਸੇ ਪਹਿਲਾਂ ਹੀ ਹੜ੍ਹ ਦੀ ਤਬਾਹੀ ਭੁਗਤ ਰਹੇ ਹਨ ਅਤੇ ਹੁਣ ਘੱਗਰ ਦਰਿਆ ਦੇ ਖਤਰੇ ਨਾਲ ਲੋਕਾਂ ਦੀ ਚਿੰਤਾ ਹੋਰ ਵੱਧ ਗਈ ਹੈ।

  • ਪੰਜਾਬ-ਹਰਿਆਣਾ ਹਾਈ ਕੋਰਟ ਦਾ ਵੱਡਾ ਫੈਸਲਾ: ਗਊ ਹੱਤਿਆ ਸਮਾਜਿਕ ਸਦਭਾਵਨਾ ਤੇ ਜਨਤਕ ਸ਼ਾਂਤੀ ਲਈ ਖ਼ਤਰਾ, ਦੋਸ਼ੀ ਦੀ ਅਗਾਊਂ ਜ਼ਮਾਨਤ ਰੱਦ…

    ਪੰਜਾਬ-ਹਰਿਆਣਾ ਹਾਈ ਕੋਰਟ ਦਾ ਵੱਡਾ ਫੈਸਲਾ: ਗਊ ਹੱਤਿਆ ਸਮਾਜਿਕ ਸਦਭਾਵਨਾ ਤੇ ਜਨਤਕ ਸ਼ਾਂਤੀ ਲਈ ਖ਼ਤਰਾ, ਦੋਸ਼ੀ ਦੀ ਅਗਾਊਂ ਜ਼ਮਾਨਤ ਰੱਦ…

    ਚੰਡੀਗੜ੍ਹ (ਸਟੇਟ ਬਿਊਰੋ):
    ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗਊ ਹੱਤਿਆ ਨਾਲ ਸਬੰਧਤ ਮਾਮਲੇ ਵਿੱਚ ਇੱਕ ਮਹੱਤਵਪੂਰਨ ਫੈਸਲਾ ਸੁਣਾਇਆ ਹੈ। ਕੋਰਟ ਨੇ ਦੋਸ਼ੀ ਆਸਿਫ਼ ਵੱਲੋਂ ਦਾਇਰ ਕੀਤੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਰੱਦ ਕਰਦਿਆਂ ਕਿਹਾ ਕਿ ਗਊ ਭਾਰਤ ਦੀ ਸੱਭਿਆਚਾਰਕ, ਧਾਰਮਿਕ ਅਤੇ ਆਰਥਿਕ ਵਿਰਾਸਤ ਦਾ ਅਟੁੱਟ ਹਿੱਸਾ ਹੈ ਅਤੇ ਇਸਦੀ ਹੱਤਿਆ ਨਾ ਸਿਰਫ਼ ਕਾਨੂੰਨੀ ਅਪਰਾਧ ਹੈ, ਸਗੋਂ ਸਮਾਜਿਕ ਸਦਭਾਵਨਾ ਅਤੇ ਜਨਤਕ ਸ਼ਾਂਤੀ ਲਈ ਵੀ ਇੱਕ ਗੰਭੀਰ ਖ਼ਤਰਾ ਹੈ।

    ਜਸਟਿਸ ਸੰਦੀਪ ਮੋਦਗਿਲ ਨੇ ਆਪਣੇ ਫੈਸਲੇ ਵਿੱਚ ਸਪੱਸ਼ਟ ਕੀਤਾ ਕਿ ਗਊ ਨੂੰ ਭਾਰਤ ਦੀ ਖੇਤੀਬਾੜੀ ਅਧਾਰਤ ਅਰਥਵਿਵਸਥਾ ਵਿੱਚ ਇੱਕ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 51 (ਏ) (ਜੀ) ਮੁਤਾਬਕ ਹਰ ਨਾਗਰਿਕ ਨੂੰ ਜਾਨਵਰਾਂ ਪ੍ਰਤੀ ਹਮਦਰਦੀ ਰੱਖਣ ਲਈ ਬਾਧਿਆ ਕੀਤਾ ਗਿਆ ਹੈ।

    ਦੋਸ਼ੀ ਵਿਰੁੱਧ ਗੰਭੀਰ ਦੋਸ਼

    ਹਰਿਆਣਾ ਪੁਲਿਸ ਨੇ ਕੋਰਟ ਨੂੰ ਜਾਣਕਾਰੀ ਦਿੱਤੀ ਕਿ ਦੋਸ਼ੀ ਆਸਿਫ਼ ਨੇ ਦੋ ਗਾਵਾਂ ਨੂੰ ਹਰਿਆਣਾ ਤੋਂ ਰਾਜਸਥਾਨ ਲਿਜਾਣ ਅਤੇ ਉਨ੍ਹਾਂ ਨੂੰ ਕਤਲ ਕਰਨ ਦੀ ਯੋਜਨਾ ਬਣਾਈ ਸੀ। ਇਸ ਕਾਰਵਾਈ ਨਾਲ ਉਸਨੇ ਹਰਿਆਣਾ ਗਊ ਸੁਰੱਖਿਆ ਅਤੇ ਗਊ ਪ੍ਰਮੋਸ਼ਨ ਐਕਟ 2015 ਅਤੇ ਜਾਨਵਰਾਂ ਪ੍ਰਤੀ ਬੇਰਹਿਮੀ ਰੋਕਥਾਮ ਐਕਟ 1960 ਦੀ ਉਲੰਘਣਾ ਕੀਤੀ ਹੈ।

    ਇਸ ਤੋਂ ਇਲਾਵਾ, ਪੁਲਿਸ ਦੇ ਰਿਕਾਰਡ ਮੁਤਾਬਕ, ਆਸਿਫ਼ ਦੇ ਖ਼ਿਲਾਫ਼ ਪਹਿਲਾਂ ਵੀ ਗਊ ਹੱਤਿਆ ਨਾਲ ਸਬੰਧਤ ਤਿੰਨ ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ ਅਤੇ ਉਹ ਉਨ੍ਹਾਂ ਮਾਮਲਿਆਂ ਵਿੱਚ ਜ਼ਮਾਨਤ ਪ੍ਰਾਪਤ ਕਰ ਚੁੱਕਾ ਹੈ। ਕੋਰਟ ਨੇ ਧਿਆਨ ਦਿੱਤਾ ਕਿ ਦੋਸ਼ੀ ਜ਼ਮਾਨਤ ਦੀਆਂ ਸ਼ਰਤਾਂ ਦੀ ਦੁਰਵਰਤੋਂ ਕਰਦਾ ਆ ਰਿਹਾ ਹੈ ਅਤੇ ਵਾਰ-ਵਾਰ ਅਜਿਹੇ ਹੀ ਅਪਰਾਧਾਂ ਵਿੱਚ ਸ਼ਾਮਲ ਹੁੰਦਾ ਹੈ।

    ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ

    ਫੈਸਲਾ ਸੁਣਾਉਂਦੇ ਹੋਏ ਹਾਈ ਕੋਰਟ ਨੇ ਸੁਪਰੀਮ ਕੋਰਟ ਦੇ 2005 ਦੇ ਗੁਜਰਾਤ ਰਾਜ ਬਨਾਮ ਮਿਰਜ਼ਾਪੁਰ ਮੋਤੀ ਕੁਰੈਸ਼ੀ ਕਸਾਬ ਜਮਾਤ ਕੇਸ ਦਾ ਹਵਾਲਾ ਦਿੱਤਾ। ਉਸ ਫੈਸਲੇ ਵਿੱਚ ਵੀ ਇਹ ਸਪੱਸ਼ਟ ਕੀਤਾ ਗਿਆ ਸੀ ਕਿ ਗਊ ਹੱਤਿਆ ‘ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਸੰਵਿਧਾਨਕ ਹਨ ਅਤੇ ਉਨ੍ਹਾਂ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ।

    ਕੋਰਟ ਦੀ ਸਖ਼ਤ ਟਿੱਪਣੀ

    ਜਸਟਿਸ ਮੋਦਗਿਲ ਨੇ ਟਿੱਪਣੀ ਕੀਤੀ ਕਿ ਅਗਾਊਂ ਜ਼ਮਾਨਤ ਇੱਕ ਐਸਾ ਕਾਨੂੰਨੀ ਸੁਰੱਖਿਆ ਕਵਚ ਹੈ ਜੋ ਨਿਰਦੋਸ਼ ਲੋਕਾਂ ਨੂੰ ਬੇਇਨਸਾਫ਼ੀ ਤੋਂ ਬਚਾਉਣ ਲਈ ਬਣਾਇਆ ਗਿਆ ਹੈ। ਪਰ ਇਸਨੂੰ ਆਦਤਨ ਅਪਰਾਧੀਆਂ ਵੱਲੋਂ ਕਾਨੂੰਨ ਤੋਂ ਬਚਣ ਲਈ ਹਥਿਆਰ ਵਜੋਂ ਵਰਤਣਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

    ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਦੋਸ਼ੀ ਨੂੰ ਜ਼ਮਾਨਤ ਮਿਲਦੀ ਹੈ ਤਾਂ ਉਹ ਜਾਂਚ ਵਿੱਚ ਦਖਲ ਦੇ ਸਕਦਾ ਹੈ, ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਾਂ ਸਬੂਤਾਂ ਨਾਲ ਛੇੜਛਾੜ ਕਰ ਸਕਦਾ ਹੈ। ਇਸ ਲਈ, ਅਜਿਹੇ ਮਾਮਲਿਆਂ ਵਿੱਚ ਕਾਨੂੰਨ ਨੂੰ ਪੂਰੀ ਸਖ਼ਤੀ ਨਾਲ ਲਾਗੂ ਕਰਨਾ ਜ਼ਰੂਰੀ ਹੈ।

    ਨਿੱਜੀ ਆਜ਼ਾਦੀ ਵਿਰੁੱਧ ਸਮਾਜਿਕ ਸੁਰੱਖਿਆ

    ਕੋਰਟ ਨੇ ਕਿਹਾ ਕਿ ਹਾਲਾਂਕਿ ਨਿੱਜੀ ਆਜ਼ਾਦੀ ਸੰਵਿਧਾਨ ਦੁਆਰਾ ਪ੍ਰਦਤ ਮੂਲ ਅਧਿਕਾਰ ਹੈ, ਪਰ ਇੱਕ ਵਿਅਕਤੀ ਜੋ ਵਾਰ-ਵਾਰ ਅਪਰਾਧ ਕਰਨ ਦੀ ਪ੍ਰਵਿਰਤੀ ਰੱਖਦਾ ਹੈ, ਉਹ ਇਸਦਾ ਗਲਤ ਲਾਭ ਨਹੀਂ ਲੈ ਸਕਦਾ। ਸਮਾਜਿਕ ਸੁਰੱਖਿਆ ਅਤੇ ਜਨਤਕ ਕਾਨੂੰਨ-ਵਿਵਸਥਾ ਨੂੰ ਪਹਿਲ ਦੇਣਾ ਅਵਸ਼੍ਯਕ ਹੈ।

    ਕੇਸ ਦਾ ਪਿਛੋਕੜ

    ਇਹ ਮਾਮਲਾ 3 ਅਪ੍ਰੈਲ 2025 ਨੂੰ ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਦਰਜ ਕੀਤਾ ਗਿਆ ਸੀ। ਦੋਸ਼ੀ ਦੇ ਪਿਛਲੇ ਰਿਕਾਰਡ ਅਤੇ ਮੁੜ-ਮੁੜ ਗਊ ਹੱਤਿਆ ਵਰਗੇ ਅਪਰਾਧਾਂ ਵਿੱਚ ਸ਼ਾਮਲ ਹੋਣ ਨੂੰ ਧਿਆਨ ਵਿੱਚ ਰੱਖਦੇ ਹੋਏ, ਕੋਰਟ ਨੇ ਉਸਨੂੰ ਅਗਾਊਂ ਜ਼ਮਾਨਤ ਦੇਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ।

  • ਪੰਜਾਬ ਦੇ ਉਦਯੋਗਪਤੀਆਂ ਲਈ ਇਤਿਹਾਸਕ ਦਿਨ : ਮਾਨ ਸਰਕਾਰ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ, ਨਵੀਂ ਨੀਤੀ ਨਾਲ ਮਿਲੇਗੀ ਵੱਡੀ ਰਾਹਤ…

    ਪੰਜਾਬ ਦੇ ਉਦਯੋਗਪਤੀਆਂ ਲਈ ਇਤਿਹਾਸਕ ਦਿਨ : ਮਾਨ ਸਰਕਾਰ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ, ਨਵੀਂ ਨੀਤੀ ਨਾਲ ਮਿਲੇਗੀ ਵੱਡੀ ਰਾਹਤ…

    ਚੰਡੀਗੜ੍ਹ : ਪੰਜਾਬ ਦੇ ਕਾਰੋਬਾਰੀ ਵਰਗ ਅਤੇ ਸਨਅਤਕਾਰਾਂ ਲਈ ਅੱਜ ਦਾ ਦਿਨ ਇਕ ਇਤਿਹਾਸਕ ਮੋੜ ਵਜੋਂ ਦਰਜ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਉਦਯੋਗਾਂ ਨਾਲ ਸੰਬੰਧਿਤ ਇਕ ਮਹੱਤਵਪੂਰਨ ਐਲਾਨ ਕਰਦਿਆਂ ਨਵੀਂ ਨੀਤੀ ਦੀ ਸ਼ੁਰੂਆਤ ਕੀਤੀ ਹੈ, ਜੋ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਜੁੜੀ ਕਾਰਵਾਈਆਂ ਨੂੰ ਸੌਖਾ ਬਣਾਉਣ ਲਈ ਤਿਆਰ ਕੀਤੀ ਗਈ ਹੈ।

    ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਸਨਅਤਕਾਰ ਪ੍ਰਦੂਸ਼ਣ ਬੋਰਡ ਦੀਆਂ ਮਨਜ਼ੂਰੀਆਂ ਲੈਣ ਲਈ ਚੱਕਰ ਕੱਟਦੇ ਰਹਿੰਦੇ ਸਨ। ਉਨ੍ਹਾਂ ਦਾ ਵੱਡਾ ਪੂੰਜੀ ਨਿਵੇਸ਼ ਕਾਰੋਬਾਰ ਵਿੱਚ ਅਟਕਿਆ ਰਹਿੰਦਾ ਸੀ, ਪਰ ਮਨਜ਼ੂਰੀ ਪ੍ਰਕਿਰਿਆ ਦੇਰੀ ਨਾਲ ਹੋਣ ਕਾਰਨ ਇੰਡਸਟਰੀ ਸ਼ੁਰੂ ਕਰਨ ਵਿੱਚ ਮੁਸ਼ਕਲ ਆਉਂਦੀ ਸੀ। ਇਸ ਨਵੀਂ ਨੀਤੀ ਨਾਲ ਇਹ ਲੰਬੇ ਸਮੇਂ ਤੋਂ ਚੱਲ ਰਹੀ ਰੁਕਾਵਟ ਹੁਣ ਦੂਰ ਹੋ ਜਾਵੇਗੀ।

    ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਸੀਨੀਅਰ ਅਧਿਕਾਰੀਆਂ ਨੂੰ ਸਿੱਧਾ ਪ੍ਰਦੂਸ਼ਣ ਬੋਰਡ ਨਾਲ ਜੋੜਿਆ ਜਾ ਰਿਹਾ ਹੈ ਤਾਂ ਜੋ ਉਦਯੋਗਪਤੀਆਂ ਨੂੰ ਕਿਸੇ ਵੀ ਦਫ਼ਤਰ ਦੇ ਬੇਵਜ੍ਹਾ ਚੱਕਰ ਨਾ ਕੱਟਣ ਪੈਣ। ਇਸ ਕਦਮ ਨਾਲ ਨਵੀਂ ਇੰਡਸਟਰੀ ਲਾਉਣ ਦੀ ਪ੍ਰਕਿਰਿਆ ਬਹੁਤ ਹੱਦ ਤੱਕ ਆਸਾਨ ਹੋ ਜਾਵੇਗੀ।

    ਭਗਵੰਤ ਮਾਨ ਨੇ ਸਪਸ਼ਟ ਕੀਤਾ ਕਿ ਉਹਨਾਂ ਦੀ ਸਰਕਾਰ ਹਮੇਸ਼ਾਂ ਕਾਰੋਬਾਰੀਆਂ ਅਤੇ ਸਨਅਤਕਾਰਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ, “ਸਰਕਾਰਾਂ ਲੋਕਾਂ ਨੂੰ ਤੰਗ ਕਰਨ ਲਈ ਨਹੀਂ, ਸਗੋਂ ਉਨ੍ਹਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਹੁੰਦੀਆਂ ਹਨ। ਅੱਜ ਦਾ ਦਿਨ ਪੰਜਾਬ ਦੀ ਇੰਡਸਟਰੀ ਲਈ ਇਤਿਹਾਸਕ ਹੈ ਕਿਉਂਕਿ ਹੁਣ ਕਾਰੋਬਾਰੀਆਂ ਲਈ ਕੰਮ ਕਰਨਾ ਸੌਖਾ ਹੋਵੇਗਾ, ਜਦੋਂ ਕਿ ਪਿਛਲੀਆਂ ਸਰਕਾਰਾਂ ਉਨ੍ਹਾਂ ਦੇ ਕੰਮਾਂ ਵਿੱਚ ਰੁਕਾਵਟਾਂ ਪੈਦਾ ਕਰਦੀਆਂ ਰਹੀਆਂ ਹਨ।”

    ਮੁੱਖ ਮੰਤਰੀ ਨੇ ਇਹ ਵੀ ਜ਼ਿਕਰ ਕੀਤਾ ਕਿ ਪਿਛਲੇ ਸਮੇਂ ਵਿੱਚ ਮੁਸ਼ਕਲਾਂ ਕਾਰਨ ਕਈ ਉਦਯੋਗਪਤੀ ਪੰਜਾਬ ਤੋਂ ਬਾਹਰ ਜਾ ਕੇ ਆਪਣਾ ਕਾਰੋਬਾਰ ਸਥਾਪਿਤ ਕਰਦੇ ਸਨ। ਪਰ ਹੁਣ ਇਹ ਹਾਲਾਤ ਨਹੀਂ ਰਹਿਣਗੇ। ਉਹਨਾਂ ਕਿਹਾ ਕਿ ਪੰਜਾਬ ਸਿਰਫ਼ ਖੇਤੀ-ਪ੍ਰਧਾਨ ਰਾਜ ਨਹੀਂ, ਬਲਕਿ ਇੰਡਸਟਰੀ ਨੂੰ ਵੀ ਇੱਥੇ ਫਲਣ-ਫੁਲਣ ਦਾ ਪੂਰਾ ਮੌਕਾ ਮਿਲੇਗਾ।

    ਮਾਨ ਨੇ ਕਿਹਾ ਕਿ ਇੰਡਸਟਰੀ ਅਤੇ ਖੇਤੀ ਦੋਵੇਂ ਦੇ ਇਕੱਠੇ ਚੱਲਣ ਨਾਲ ਪੰਜਾਬ ਦੀ ਆਰਥਿਕਤਾ ਮਜ਼ਬੂਤ ਹੋਵੇਗੀ ਅਤੇ ਰੋਜ਼ਗਾਰ ਦੇ ਵੱਡੇ ਮੌਕੇ ਬਣਣਗੇ। ਉਨ੍ਹਾਂ ਆਪਣੀ ਭਾਵੁਕਤਾ ਜ਼ਾਹਿਰ ਕਰਦਿਆਂ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਹਰ ਘਰ ਦੇ ਚੁੱਲ੍ਹੇ ਵਿੱਚ ਅੱਗ ਜਲੇ। ਸਾਡੀ ਧਰਤੀ ਇੰਨੀ ਬਰਕਤ ਵਾਲੀ ਹੈ ਕਿ ਇੱਥੇ ਆ ਕੇ ਕੋਈ ਭੁੱਖਾ ਨਹੀਂ ਰਹਿੰਦਾ।”

    ਸਰਕਾਰ ਵੱਲੋਂ ਆਈ ਇਹ ਨਵੀਂ ਨੀਤੀ ਉਦਯੋਗ ਜਗਤ ਲਈ ਇਕ ਵੱਡੀ ਰਾਹਤ ਵਜੋਂ ਦੇਖੀ ਜਾ ਰਹੀ ਹੈ। ਕਾਰੋਬਾਰੀ ਵਰਗ ਨੂੰ ਭਰੋਸਾ ਹੈ ਕਿ ਇਸ ਕਦਮ ਨਾਲ ਪੰਜਾਬ ਨਾ ਸਿਰਫ਼ ਉਦਯੋਗਾਂ ਲਈ ਆਕਰਸ਼ਕ ਮੰਜ਼ਿਲ ਬਣੇਗਾ, ਸਗੋਂ ਰੋਜ਼ਗਾਰ ਦੇ ਮੌਕਿਆਂ ਨਾਲ ਨਾਲ ਆਰਥਿਕ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਵੀ ਛੂਹੇਗਾ।

  • ਪੰਜਾਬ ਦੇ ਵਿਭਾਗਾਂ ਤੋਂ ਪੈਸੇ ਵਾਪਸ ਮੰਗਣ ਦਾ ਫ਼ੈਸਲਾ ਮਾਨ ਸਰਕਾਰ ਨੂੰ ਪਿਆ ਮਹਿੰਗਾ, ਬਾਗਬਾਨੀ ਵਿਭਾਗ ਪਹੁੰਚਿਆ ਹਾਈਕੋਰਟ, ਨੋਟਿਸ ਜਾਰੀ

    ਪੰਜਾਬ ਦੇ ਵਿਭਾਗਾਂ ਤੋਂ ਪੈਸੇ ਵਾਪਸ ਮੰਗਣ ਦਾ ਫ਼ੈਸਲਾ ਮਾਨ ਸਰਕਾਰ ਨੂੰ ਪਿਆ ਮਹਿੰਗਾ, ਬਾਗਬਾਨੀ ਵਿਭਾਗ ਪਹੁੰਚਿਆ ਹਾਈਕੋਰਟ, ਨੋਟਿਸ ਜਾਰੀ

    ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਖਾਲੀ ਹੋ ਰਹੇ ਖ਼ਜ਼ਾਨੇ ਨੂੰ ਭਰਨ ਲਈ ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ ਪੈਸੇ ਵਾਪਸ ਮੰਗਣ ਦਾ ਫ਼ੈਸਲਾ ਹੁਣ ਉਸ ਲਈ ਵੱਡੀ ਮੁਸੀਬਤ ਬਣਦਾ ਜਾ ਰਿਹਾ ਹੈ। ਬਾਗਬਾਨੀ ਵਿਭਾਗ ਅਧੀਨ ਆਉਂਦੇ ਸਿਟਰਸ ਅਸਟੇਟ ਨੇ ਸਰਕਾਰ ਵੱਲੋਂ 20 ਕਰੋੜ ਰੁਪਏ ਦੀ ਵਸੂਲੀ ਦੇ ਹੁਕਮ ਨੂੰ ਚੁਣੌਤੀ ਦਿੰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ।

    ਹਾਈਕੋਰਟ ਨੇ ਇਸ ਪਟੀਸ਼ਨ ਨੂੰ ਸਵੀਕਾਰ ਕਰਦਿਆਂ ਪੰਜਾਬ ਸਰਕਾਰ ਵਿਰੁੱਧ ਨੋਟਿਸ ਜਾਰੀ ਕੀਤਾ ਹੈ ਅਤੇ ਸਪਸ਼ਟ ਹੁਕਮ ਦਿੱਤੇ ਹਨ ਕਿ ਜਦ ਤੱਕ ਮਾਮਲੇ ਦੀ ਪੂਰੀ ਸੁਣਵਾਈ ਨਹੀਂ ਹੋ ਜਾਂਦੀ, ਤਦ ਤੱਕ ਸਿਟਰਸ ਅਸਟੇਟ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਜਾਵੇ। ਕੋਰਟ ਨੇ ਸਰਕਾਰ ਤੋਂ ਇਸ ਸਬੰਧੀ ਲਿਖਤੀ ਜਵਾਬ ਵੀ ਮੰਗਿਆ ਹੈ।

    ਸਿਟਰਸ ਅਸਟੇਟ ਦੀ ਮਹੱਤਤਾ
    ਦੱਸ ਦਈਏ ਕਿ ਇਹ ਸਿਟਰਸ ਅਸਟੇਟ ਲਗਭਗ 138 ਪਿੰਡਾਂ ਦੇ ਹਿੱਸੇ ਵਿੱਚ ਫੈਲਿਆ ਹੋਇਆ ਹੈ। ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਕਿੰਨੂ, ਨਿੰਬੂ ਤੇ ਹੋਰ ਫਲਦਾਰ ਪੌਦਿਆਂ ਦੀ ਖੇਤੀ ਕਰਨ ਲਈ ਪ੍ਰੋਤਸਾਹਿਤ ਕਰਨਾ ਹੈ। ਇੱਥੇ ਕੇਵਲ ਰੁੱਖ ਲਗਾਉਣ ਹੀ ਨਹੀਂ, ਸਗੋਂ ਉਨ੍ਹਾਂ ਫਲਾਂ ਦੀ ਸੰਭਾਲ, ਪੈਕਿੰਗ ਅਤੇ ਮਾਰਕੀਟ ਤੱਕ ਸਪਲਾਈ ਕਰਨ ਦੀ ਪ੍ਰਕਿਰਿਆ ਵੀ ਸ਼ਾਮਲ ਹੈ। ਕਿਸਾਨਾਂ ਲਈ ਇਹ ਅਸਟੇਟ ਇਕ ਵੱਡਾ ਆਰਥਿਕ ਸਹਾਰਾ ਮੰਨਿਆ ਜਾਂਦਾ ਹੈ।

    ਸਰਕਾਰ ਦਾ ਫੈਸਲਾ ਤੇ ਨਾਰਾਜ਼ਗੀ
    ਕਾਬਿਲੇਗੌਰ ਹੈ ਕਿ ਭਗਵੰਤ ਮਾਨ ਸਰਕਾਰ ਨੇ ਖ਼ਾਲੀ ਹੋ ਰਹੇ ਖ਼ਜ਼ਾਨੇ ਨੂੰ ਭਰਨ ਲਈ ਵਿੱਤੀ ਸੰਘਰਸ਼ ਦੌਰਾਨ ਵੱਖ-ਵੱਖ 12 ਵਿਭਾਗਾਂ ਨੂੰ ਕੁੱਲ 1,441.49 ਕਰੋੜ ਰੁਪਏ ਜਮ੍ਹਾ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ। ਇਹਨਾਂ ਹੁਕਮਾਂ ਦੇ ਤਹਿਤ ਕੁਝ ਮਹੱਤਵਪੂਰਨ ਵਿਭਾਗਾਂ ਨੂੰ ਇਹ ਰਕਮ ਵਾਪਸ ਦੇਣੀ ਸੀ। ਪਰ ਜਦੋਂ ਸਰਕਾਰ ਨੇ ਪੈਸੇ ਦੀ ਮੰਗ ਸ਼ੁਰੂ ਕੀਤੀ ਤਾਂ ਕਈ ਵਿਭਾਗਾਂ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੇ ਖੁੱਲ੍ਹੀ ਨਾਰਾਜ਼ਗੀ ਪ੍ਰਗਟਾਈ। ਖ਼ਾਸ ਕਰਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਇਸ ਨੂੰ ਗਲਤ ਦੱਸਿਆ ਸੀ।

    ਕਿਹੜੇ ਵਿਭਾਗਾਂ ਤੋਂ ਮੰਗੇ ਗਏ ਪੈਸੇ
    ਸਰਕਾਰ ਵੱਲੋਂ ਜਿਨ੍ਹਾਂ ਵਿਭਾਗਾਂ ਨੂੰ ਪੈਸੇ ਜਮ੍ਹਾ ਕਰਨ ਦੇ ਹੁਕਮ ਦਿੱਤੇ ਗਏ ਹਨ, ਉਨ੍ਹਾਂ ਵਿੱਚ ਸ਼ਾਮਲ ਹਨ:

    • ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ – 84 ਕਰੋੜ ਰੁਪਏ
    • ਸਕੂਲ ਸਿੱਖਿਆ (ਸੈਕੰਡਰੀ) – 62.49 ਕਰੋੜ ਰੁਪਏ
    • ਆਬਕਾਰੀ ਅਤੇ ਕਰ – 35 ਕਰੋੜ ਰੁਪਏ
    • ਸੁਸ਼ਾਸਨ ਅਤੇ ਸੂਚਨਾ ਤਕਨਾਲੋਜੀ – 60 ਕਰੋੜ ਰੁਪਏ
    • ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ – 115 ਕਰੋੜ ਰੁਪਏ
    • ਉਦਯੋਗ ਅਤੇ ਵਣਜ – 734 ਕਰੋੜ ਰੁਪਏ (ਸਭ ਤੋਂ ਵੱਡੀ ਰਕਮ)
    • ਬਾਗਬਾਨੀ – 20 ਕਰੋੜ ਰੁਪਏ
    • ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ – 272 ਕਰੋੜ ਰੁਪਏ

    ਇਸ ਸੂਚੀ ਤੋਂ ਸਾਫ਼ ਹੈ ਕਿ ਸਰਕਾਰ ਨੇ ਹਰ ਛੋਟੇ ਤੋਂ ਵੱਡੇ ਵਿਭਾਗ ’ਤੇ ਵਿੱਤੀ ਬੋਝ ਪਾਇਆ ਹੈ। ਪਰ ਹੁਣ ਬਾਗਬਾਨੀ ਵਿਭਾਗ ਦਾ ਹਾਈਕੋਰਟ ਜਾਣਾ ਇਸ ਗੱਲ ਦੀ ਨਿਸ਼ਾਨੀ ਹੈ ਕਿ ਸਰਕਾਰ ਦਾ ਇਹ ਫ਼ੈਸਲਾ ਅਗਲੇ ਦਿਨਾਂ ਵਿੱਚ ਹੋਰ ਕਾਨੂੰਨੀ ਪੇਚੀਦਗੀਆਂ ਪੈਦਾ ਕਰ ਸਕਦਾ ਹੈ।

    ਅਗਲੇ ਦਿਨਾਂ ਵਿੱਚ ਵੱਡਾ ਵਿਵਾਦ ਸੰਭਾਵੀ
    ਵਿਦਵਾਨਾਂ ਦਾ ਮੰਨਣਾ ਹੈ ਕਿ ਜੇ ਹੋਰ ਵਿਭਾਗ ਵੀ ਬਾਗਬਾਨੀ ਵਿਭਾਗ ਵਾਂਗ ਹਾਈਕੋਰਟ ਦਾ ਰੁਖ਼ ਕਰਦੇ ਹਨ, ਤਾਂ ਸਰਕਾਰ ਲਈ ਆਪਣੇ ਵਿੱਤੀ ਟਾਰਗੇਟ ਪੂਰੇ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ। ਇਸ ਨਾਲ ਨਾ ਸਿਰਫ਼ ਖ਼ਜ਼ਾਨਾ ਭਰਨ ਦੀ ਯੋਜਨਾ ਡਗਮਗਾ ਸਕਦੀ ਹੈ, ਸਗੋਂ ਮਾਨ ਸਰਕਾਰ ਨੂੰ ਰਾਜਨੀਤਿਕ ਤੌਰ ’ਤੇ ਵੀ ਵੱਡੇ ਝਟਕੇ ਸਹਿਣੇ ਪੈ ਸਕਦੇ ਹਨ।

  • ਮੋਹਾਲੀ ਪੁਲਿਸ ਵੱਲੋਂ ਨੌਸਰਬਾਜ ਫੜਿਆ ਗਿਆ, ਫਰਜ਼ੀ ਸਰਕਾਰੀ ਅਧਿਕਾਰੀ ਬਣ ਕੇ ਮੰਗ ਰਿਹਾ ਸੀ ਦਫ਼ਤਰ ਤੇ ਗੰਨਮੈਨ…

    ਮੋਹਾਲੀ ਪੁਲਿਸ ਵੱਲੋਂ ਨੌਸਰਬਾਜ ਫੜਿਆ ਗਿਆ, ਫਰਜ਼ੀ ਸਰਕਾਰੀ ਅਧਿਕਾਰੀ ਬਣ ਕੇ ਮੰਗ ਰਿਹਾ ਸੀ ਦਫ਼ਤਰ ਤੇ ਗੰਨਮੈਨ…

    ਮੋਹਾਲੀ – ਜ਼ਿਲ੍ਹਾ ਮੋਹਾਲੀ ਦੀ ਥਾਣਾ ਬਲੌਂਗੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਇੱਕ ਐਸੇ ਨੌਸਰਬਾਜ਼ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ, ਜੋ ਆਪਣੇ ਆਪ ਨੂੰ ਕੇਂਦਰ ਸਰਕਾਰ ਦਾ ਉੱਚ ਅਧਿਕਾਰੀ ਦੱਸ ਕੇ ਲੋਕਾਂ ਨੂੰ ਧੋਖੇ ਵਿੱਚ ਰੱਖਦਾ ਸੀ। ਆਰੋਪੀ ਦੀ ਪਛਾਣ ਚਰਨਪ੍ਰੀਤ ਸਿੰਘ ਵਾਸੀ ਚੰਡੀਗੜ੍ਹ ਹਾਲ ਵਾਸੀ ਪਿੰਡ ਝੁਝਾਰ ਨਗਰ ਵੱਜੋਂ ਹੋਈ ਹੈ।

    ਪੁਲਿਸ ਨੇ ਦੱਸਿਆ ਕਿ ਆਰੋਪੀ ਵੱਲੋਂ ਫਰਜ਼ੀ ਦਸਤਾਵੇਜ਼ ਤਿਆਰ ਕਰਕੇ ਇੱਕ ਸਰਕਾਰੀ ਇਮਾਰਤ ਵਿੱਚ ਦਫ਼ਤਰ ਅਲਾਟ ਕਰਨ ਦੀ ਮੰਗ ਕੀਤੀ ਗਈ ਸੀ। ਇਸ ਤੋਂ ਇਲਾਵਾ, ਉਸਨੇ ਵਧੀਕ ਡਿਪਟੀ ਕਮਿਸ਼ਨਰ ਤੋਂ ਗੰਨਮੈਨ ਮੁਹੱਈਆ ਕਰਵਾਉਣ ਲਈ ਵੀ ਅਰਜ਼ੀ ਦਿੱਤੀ ਸੀ। ਇਹ ਸਾਰਾ ਖੇਡ ਉਸਨੇ ਆਪਣੇ ਆਪ ਨੂੰ “ਭਾਰਤ ਸਰਕਾਰ ਦੇ ਸੂਚਨਾ ਮੰਤਰਾਲੇ ਦਾ ਸੀਨੀਅਰ ਅਧਿਕਾਰੀ” ਦੱਸ ਕੇ ਰਚਿਆ ਸੀ।

    ਇੰਸਪੈਕਟਰ ਕੁਲਵੰਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਚਰਨਪ੍ਰੀਤ ਸਿੰਘ ਵੱਲੋਂ ਨਾ ਸਿਰਫ਼ ਝੂਠੇ ਦਸਤਾਵੇਜ਼ ਤਿਆਰ ਕੀਤੇ ਗਏ ਸਨ, ਬਲਕਿ ਉਹ ਕਈ ਸਰਕਾਰੀ ਸਮਾਗਮਾਂ ਵਿੱਚ ਵੀਆਈਪੀ ਵਜੋਂ ਸ਼ਿਰਕਤ ਵੀ ਕਰਦਾ ਰਿਹਾ। ਆਰੋਪੀ ਨੇ ਆਪਣਾ ਪ੍ਰਭਾਵ ਜਮਾਉਣ ਲਈ ਲੋਕਾਂ ਅੱਗੇ ਸਰਕਾਰੀ ਅਧਿਕਾਰੀ ਬਣ ਕੇ ਧਾਕ ਜਮਾਉਣ ਦੀ ਕੋਸ਼ਿਸ਼ ਕੀਤੀ।

    ਪੁਲਿਸ ਨੂੰ ਜਦੋਂ ਇਸ ਸਾਰੀ ਠੱਗੀ ਦੀ ਸੂਚਨਾ ਮਿਲੀ ਤਾਂ ਤੁਰੰਤ ਕਾਰਵਾਈ ਕਰਦੇ ਹੋਏ ਉਸਨੂੰ ਝੁਝਾਰ ਨਗਰ ਖੇਤਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

    ਫਿਲਹਾਲ, ਚਰਨਪ੍ਰੀਤ ਸਿੰਘ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਰੱਖਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ, ਜਿਨ੍ਹਾਂ ਨਾਲ ਪਤਾ ਲੱਗ ਸਕਦਾ ਹੈ ਕਿ ਕੀ ਉਸਦਾ ਕੋਈ ਵੱਡਾ ਗਿਰੋਹ ਵੀ ਇਸ ਧੋਖਾਧੜੀ ਵਿੱਚ ਸ਼ਾਮਲ ਹੈ ਜਾਂ ਨਹੀਂ।