ਨੈਸ਼ਨਲ ਡੈਸਕ: ਜੇਕਰ ਤੁਸੀਂ ਵੀ ਇਹ ਸੋਚਦੇ ਹੋ ਕਿ ਸਵੇਰੇ-ਸਵੇਰੇ ਰੇਹੜੀ ’ਤੇ ਮਿਲਣ ਵਾਲਾ ਫਲਾਂ ਦਾ ਤਾਜ਼ਾ ਜੂਸ ਤੁਹਾਡੀ ਸਿਹਤ ਲਈ ਫਾਇਦੇਮੰਦ ਹੈ, ਤਾਂ ਹੁਣ ਇਹ ਧਾਰਨਾ ਗਲਤ ਸਾਬਤ ਹੋ ਸਕਦੀ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇੱਕ ਵੀਡੀਓ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵੀਡੀਓ ਵਿੱਚ ਖੁਲਾਸਾ ਹੋਇਆ ਕਿ ਰੇਹੜੀ ’ਤੇ ਜੂਸ ਵੇਚਣ ਵਾਲਾ ਇੱਕ ਵਿਅਕਤੀ ਗਾਹਕਾਂ ਨੂੰ ਅਸਲੀ ਫਲਾਂ ਦਾ ਜੂਸ ਨਹੀਂ ਪਿਲਾ ਰਿਹਾ ਸੀ, ਬਲਕਿ ਕੈਮੀਕਲ ਅਤੇ ਪਾਊਡਰ ਮਿਲਾ ਕੇ ਨਕਲੀ ਜੂਸ ਤਿਆਰ ਕਰ ਰਿਹਾ ਸੀ।
ਵੀਡੀਓ ਵਿੱਚ ਦਿਖਾਇਆ ਗਿਆ ਕਿ ਜਦੋਂ ਉਸ ਵਿਅਕਤੀ ਨੇ ਪਾਣੀ ਵਿੱਚ ਇੱਕ ਪਾਊਡਰ ਮਿਲਾਇਆ, ਤਾਂ ਉਸ ਵਿੱਚੋਂ ਫਲਾਂ ਦੇ ਜੂਸ ਵਰਗੀ ਖੁਸ਼ਬੂ ਆਉਣ ਲੱਗੀ। ਲੋਕਾਂ ਨੂੰ ਇਹ ਅਸਲੀ ਜੂਸ ਲੱਗਦਾ ਰਿਹਾ ਅਤੇ ਉਹ ਅਣਜਾਣੇ ਵਿੱਚ ਧੋਖੇ ਦਾ ਸ਼ਿਕਾਰ ਬਣਦੇ ਰਹੇ। ਜਦੋਂ ਇਹ ਸੱਚਾਈ ਸਾਹਮਣੇ ਆਈ ਤਾਂ ਲੋਕਾਂ ਦੀ ਭੀੜ ਨੇ ਉਸਨੂੰ ਰੰਗੇ ਹੱਥੀਂ ਫੜ ਲਿਆ ਅਤੇ ਉਸਦੇ ਖਿਲਾਫ਼ ਗੁੱਸਾ ਜਤਾਇਆ। ਵੀਡੀਓ ਵਿੱਚ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਗੁੱਸੇ ਵਿੱਚ ਆਏ ਲੋਕਾਂ ਨੇ ਉਸਨੂੰ ਆਪਣਾ ਹੀ ਬਣਾਇਆ ਨਕਲੀ ਜੂਸ ਪੀਣ ਲਈ ਮਜਬੂਰ ਕੀਤਾ। ਸ਼ੁਰੂ ਵਿੱਚ ਉਸਨੇ ਇਨਕਾਰ ਕੀਤਾ ਪਰ ਭੀੜ ਦੇ ਦਬਾਅ ਕਾਰਨ ਉਸਨੂੰ ਜ਼ਹਿਰੀਲਾ ਜੂਸ ਪੀਣਾ ਪਿਆ।
ਇਸ ਵੀਡੀਓ ਬਾਰੇ ਇਹ ਸਪਸ਼ਟ ਨਹੀਂ ਕਿ ਇਹ ਘਟਨਾ ਕਿੱਥੇ ਅਤੇ ਕਦੋਂ ਦੀ ਹੈ, ਪਰ ਇਸ ਨੇ ਲੋਕਾਂ ਵਿੱਚ ਚਿੰਤਾ ਵਧਾ ਦਿੱਤੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਰਸਾਇਣਕ ਪਦਾਰਥ ਸਰੀਰ ਲਈ ਬਹੁਤ ਖ਼ਤਰਨਾਕ ਹੋ ਸਕਦੇ ਹਨ। ਇਹ ਬਲੱਡ ਸ਼ੂਗਰ ਵਧਾਉਣ, ਐਲਰਜੀ, ਲਿਵਰ ਅਤੇ ਗੁਰਦੇ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ। ਲੰਮੇ ਸਮੇਂ ਤੱਕ ਅਜਿਹੇ ਨਕਲੀ ਜੂਸ ਪੀਣ ਨਾਲ ਸਰੀਰ ਵਿੱਚ ਗੰਭੀਰ ਬੀਮਾਰੀਆਂ ਪੈਦਾ ਹੋ ਸਕਦੀਆਂ ਹਨ।