ਵਾਸ਼ਿੰਗਟਨ – ਸੰਯੁਕਤ ਰਾਜ ਅਮਰੀਕਾ ਛੇ ਸਾਲਾਂ ਬਾਅਦ ਇੱਕ ਵਾਰ ਫਿਰ ਸਰਕਾਰੀ ਸ਼ਟਡਾਊਨ ਦਾ ਸਾਹਮਣਾ ਕਰ ਰਿਹਾ ਹੈ। ਟਰੰਪ ਪ੍ਰਸ਼ਾਸਨ ਆਪਣਾ ਖਰਚ ਬਿੱਲ ਕਾਂਗਰਸ ਵਿੱਚ ਪਾਸ ਨਹੀਂ ਕਰਵਾ ਸਕਿਆ, ਜਿਸ ਕਰਕੇ ਫੰਡਿੰਗ ਸੁੱਕ ਗਈ ਅਤੇ ਸਰਕਾਰ ਨੂੰ ਅਧਿਕਾਰਤ ਤੌਰ ‘ਤੇ ਬੰਦ ਕਰਨਾ ਪਿਆ। ਅਮਰੀਕੀ ਸਮੇਂ ਅਨੁਸਾਰ ਰਾਤ 12:01 ਵਜੇ ਤੋਂ ਇਹ ਸ਼ਟਡਾਊਨ ਲਾਗੂ ਹੋ ਗਿਆ।
ਕੀ ਹੈ ਸ਼ਟਡਾਊਨ?
ਅਮਰੀਕਾ ਵਿੱਚ ਸ਼ਟਡਾਊਨ ਦਾ ਮਤਲਬ ਹੈ ਕਿ ਜਿਹੜੀਆਂ ਸਰਕਾਰੀ ਏਜੰਸੀਆਂ “ਗੈਰ-ਜ਼ਰੂਰੀ” ਹਨ ਉਹ ਅਸਥਾਈ ਤੌਰ ‘ਤੇ ਬੰਦ ਹੋ ਜਾਣਗੀਆਂ। ਇਸਦੇ ਤਹਿਤ :
- ਲੱਖਾਂ ਸੰਘੀ ਕਰਮਚਾਰੀਆਂ ਨੂੰ ਬਿਨਾਂ ਤਨਖਾਹ ਦੇ ਜ਼ਬਰਦਸਤੀ ਛੁੱਟੀ ‘ਤੇ ਭੇਜਿਆ ਜਾਵੇਗਾ।
- ਜ਼ਰੂਰੀ ਕਰਮਚਾਰੀ – ਜਿਵੇਂ ਕਿ ਫੌਜੀ, ਸਰਹੱਦੀ ਸੁਰੱਖਿਆ, ਕਾਨੂੰਨ ਵਿਵਸਥਾ ਅਤੇ ਸਿਹਤ ਸੇਵਾਵਾਂ ਨਾਲ ਜੁੜੇ ਲੋਕ – ਬਿਨਾਂ ਤਨਖਾਹ ਕੰਮ ਕਰਦੇ ਰਹਿਣਗੇ।
ਸਰਕਾਰੀ ਅੰਦਾਜ਼ੇ ਮੁਤਾਬਕ, ਲਗਭਗ 20 ਲੱਖ ਕਰਮਚਾਰੀਆਂ ਦੀ ਤਨਖਾਹ ਰੁਕਣ ਦੀ ਸੰਭਾਵਨਾ ਹੈ।
ਕਿਹੜੀਆਂ ਸੇਵਾਵਾਂ ‘ਤੇ ਪਵੇਗਾ ਅਸਰ?
ਸ਼ਟਡਾਊਨ ਦੇ ਨਾਲ ਅਮਰੀਕੀ ਜਨਤਾ ਨੂੰ ਕਈ ਸੇਵਾਵਾਂ ਵਿੱਚ ਰੁਕਾਵਟ ਦਾ ਸਾਹਮਣਾ ਕਰਨਾ ਪਵੇਗਾ :
- ਸ਼ਿਕਸ਼ਾ ਅਤੇ ਭੋਜਨ ਸਹਾਇਤਾ ਪ੍ਰੋਗਰਾਮ : ਕੇਂਦਰੀ ਫੰਡਿੰਗ ‘ਤੇ ਚੱਲਣ ਵਾਲੇ ਸਕੂਲਾਂ ਅਤੇ ਵਿਦਿਆਰਥੀ ਕਰਜ਼ੇ ਪ੍ਰਭਾਵਿਤ ਹੋਣਗੇ। ਫੂਡ ਸਟੈਂਪ ਅਤੇ ਭੋਜਨ ਨਿਰੀਖਣ ਵਰਗੀਆਂ ਯੋਜਨਾਵਾਂ ਸੀਮਤ ਹੋ ਸਕਦੀਆਂ ਹਨ।
- ਆਵਾਜਾਈ : ਹਵਾਈ ਸੇਵਾਵਾਂ ਸਭ ਤੋਂ ਵੱਧ ਪ੍ਰਭਾਵਿਤ ਹੋਣਗੀਆਂ। ਏਅਰਲਾਈਨਾਂ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਹੈ ਕਿ ਸੁਰੱਖਿਆ ਕਰਮਚਾਰੀਆਂ ਦੀ ਘਾਟ ਕਾਰਨ ਉਡਾਣਾਂ ਵਿੱਚ ਦੇਰੀ ਅਤੇ ਵਿਘਨ ਆ ਸਕਦਾ ਹੈ।
- ਫੈਡਰਲ ਸੇਵਾਵਾਂ : ਪਾਰਕ, ਮਿਊਜ਼ੀਅਮ ਅਤੇ ਕੁਝ ਸਰਕਾਰੀ ਦਫ਼ਤਰ ਅਸਥਾਈ ਤੌਰ ‘ਤੇ ਬੰਦ ਕੀਤੇ ਜਾ ਸਕਦੇ ਹਨ।
ਆਰਥਿਕਤਾ ਲਈ ਖਤਰੇ ਦੀ ਘੰਟੀ
ਮਾਹਿਰਾਂ ਦਾ ਕਹਿਣਾ ਹੈ ਕਿ ਜਿੰਨਾ ਵਧੇਰੇ ਸਮੇਂ ਲਈ ਸ਼ਟਡਾਊਨ ਚੱਲੇਗਾ, ਓਨਾ ਹੀ ਗੰਭੀਰ ਪ੍ਰਭਾਵ ਪੈਣਗੇ।
- ਸ਼ੁਰੂਆਤੀ ਦੌਰ ਵਿੱਚ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਪ੍ਰਭਾਵਿਤ ਹੋਵੇਗੀ।
- ਪਰ ਜੇ ਸ਼ਟਡਾਊਨ ਲੰਬਾ ਖਿੱਚਦਾ ਹੈ ਤਾਂ ਇਸਦਾ ਸ਼ੇਅਰ ਬਾਜ਼ਾਰ, ਰੁਜ਼ਗਾਰ ਮੌਕੇ ਅਤੇ ਆਰਥਿਕ ਵਿਕਾਸ ‘ਤੇ ਵੀ ਨਕਾਰਾਤਮਕ ਅਸਰ ਪਵੇਗਾ।
- ਆਰਥਿਕ ਮਾਹਿਰਾਂ ਨੂੰ ਚਿੰਤਾ ਹੈ ਕਿ ਲੰਬੇ ਸਮੇਂ ਤੱਕ ਜਾਰੀ ਰਹਿਣ ‘ਤੇ ਇਹ ਹਾਲਾਤ ਮੰਦਭਾਗੇ ਆਰਥਿਕ ਮੰਜ਼ਰ ਪੈਦਾ ਕਰ ਸਕਦੇ ਹਨ।