ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਲੋਕਾਂ ਦਾ ਗੁੱਸਾ ਖੁੱਲ੍ਹ ਕੇ ਸੜਕਾਂ ‘ਤੇ ਆ ਗਿਆ ਹੈ। ਹਾਲੀਆ ਇਤਿਹਾਸ ਵਿੱਚ ਸਭ ਤੋਂ ਵੱਡੇ ਵਿਰੋਧ ਪ੍ਰਦਰਸ਼ਨਾਂ ਵਿੱਚੋਂ ਇੱਕ ਦੇ ਰੂਪ ਵਿੱਚ, ਅਵਾਮੀ ਐਕਸ਼ਨ ਕਮੇਟੀ (AAC) ਵੱਲੋਂ ਕੀਤੇ ਸੱਦੇ ‘ਤੇ ਸੋਮਵਾਰ ਤੋਂ ਪੂਰੇ ਖੇਤਰ ਵਿੱਚ ਬੰਦ ਅਤੇ ਚੱਕਾ ਜਾਮ ਦੀ ਕਾਲ ਨਾਲ ਹਲਚਲ ਮਚੀ ਹੋਈ ਹੈ। ਇਹ ਅਣਮਿਥੇ ਸਮੇਂ ਲਈ ਬੰਦ ਦੀ ਘੋਸ਼ਣਾ ਪਾਕਿਸਤਾਨ ਸਰਕਾਰ ਲਈ ਵੱਡੀ ਚੁਣੌਤੀ ਬਣ ਗਈ ਹੈ। ਹਾਲਾਤ ਕਾਬੂ ਕਰਨ ਲਈ ਇਸਲਾਮਾਬਾਦ ਨੇ ਅੱਧੀ ਰਾਤ ਤੋਂ ਵਾਧੂ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਹਨ ਅਤੇ ਖੇਤਰ ਵਿੱਚ ਇੰਟਰਨੈੱਟ ਸੇਵਾਵਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ।
ਮੌਲਿਕ ਅਧਿਕਾਰਾਂ ਦੀ ਜੰਗ
ਮੁਜ਼ੱਫਰਾਬਾਦ ਵਿੱਚ ਇਕ ਵੱਡੀ ਭੀੜ ਨੂੰ ਸੰਬੋਧਨ ਕਰਦੇ ਹੋਏ ਏਏਸੀ ਦੇ ਸੀਨੀਅਰ ਨੇਤਾ ਸ਼ੌਕਤ ਨਵਾਜ਼ ਮੀਰ ਨੇ ਕਿਹਾ, “ਸਾਡੀ ਲੜਾਈ ਕਿਸੇ ਸੰਸਥਾ ਜਾਂ ਵਿਅਕਤੀ ਦੇ ਵਿਰੁੱਧ ਨਹੀਂ, ਸਗੋਂ ਉਹਨਾਂ ਮੌਲਿਕ ਅਧਿਕਾਰਾਂ ਲਈ ਹੈ ਜਿਨ੍ਹਾਂ ਤੋਂ ਸਾਡੇ ਲੋਕਾਂ ਨੂੰ ਪਿਛਲੇ 70 ਸਾਲਾਂ ਤੋਂ ਵਾਂਝਾ ਰੱਖਿਆ ਗਿਆ ਹੈ। ਹੁਣ ਬਸ ਹੋ ਗਿਆ ਹੈ, ਜਾਂ ਤਾਂ ਸਾਨੂੰ ਹੱਕ ਦਿਓ ਨਹੀਂ ਤਾਂ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰੋ।”
ਮਹਿੰਗਾਈ ਤੇ ਬੇਰੋਜ਼ਗਾਰੀ ਨਾਲ ਭੜਕਿਆ ਗੁੱਸਾ
ਪੀਓਕੇ ਵਿੱਚ ਵਧ ਰਹੀ ਮਹਿੰਗਾਈ, ਬੇਰੋਜ਼ਗਾਰੀ ਅਤੇ ਜੀਵਨ ਜਾਚ ਦੀਆਂ ਮੁਸ਼ਕਲਾਂ ਲੋਕਾਂ ਦੇ ਧੀਰਜ ਨੂੰ ਖਤਮ ਕਰ ਰਹੀਆਂ ਹਨ। ਆਟੇ, ਬਿਜਲੀ ਅਤੇ ਰੋਜ਼ਾਨਾ ਦੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬੁਨਿਆਦੀ ਸਹੂਲਤਾਂ ਤੱਕ ਪ੍ਰਾਪਤ ਨਹੀਂ ਹਨ ਜਦਕਿ ਭਾਰਤੀ ਕਸ਼ਮੀਰ ਵਿੱਚ ਰਹਿ ਰਹੇ ਲੋਕ ਵਧੀਆ ਜੀਵਨ-ਸਤਹ ਦਾ ਅਨੰਦ ਲੈ ਰਹੇ ਹਨ। ਇਸ ਤੁਲਨਾ ਨੇ ਲੋਕਾਂ ਵਿੱਚ ਪਾਕਿਸਤਾਨੀ ਹਕੂਮਤ ਪ੍ਰਤੀ ਨਾਰਾਜ਼ਗੀ ਹੋਰ ਵਧਾ ਦਿੱਤੀ ਹੈ।
38-ਨੁਕਾਤੀ ਚਾਰਟਰ ਤੇ ਵੱਡੀਆਂ ਮੰਗਾਂ
ਅਵਾਮੀ ਐਕਸ਼ਨ ਕਮੇਟੀ ਨੇ ਸੁਧਾਰਾਂ ਲਈ 38 ਨੁਕਾਤਾਂ ਵਾਲਾ ਚਾਰਟਰ ਜਾਰੀ ਕੀਤਾ ਹੈ। ਸਭ ਤੋਂ ਵੱਡੀ ਮੰਗ ਹੈ ਕਿ ਪਾਕਿਸਤਾਨ ਵਿੱਚ ਰਹਿ ਰਹੇ ਕਸ਼ਮੀਰੀ ਸ਼ਰਨਾਰਥੀਆਂ ਲਈ ਪੀਓਕੇ ਅਸੈਂਬਲੀ ਵਿੱਚ ਰਾਖਵੇਂ 12 ਸੀਟਾਂ ਨੂੰ ਰੱਦ ਕੀਤਾ ਜਾਵੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸੀਟਾਂ ਪਾਕਿਸਤਾਨ ਲਈ ਹਸਤੱਖੇਪ ਕਰਨ ਦਾ ਇੱਕ ਬਹਾਨਾ ਹਨ।
ਗੱਲਬਾਤ ਨਾਕਾਮ, ਹੜਤਾਲ ਐਲਾਨ
ਪੀਓਕੇ ਪ੍ਰਸ਼ਾਸਨ, ਪਾਕਿਸਤਾਨੀ ਕੇਂਦਰੀ ਮੰਤਰੀਆਂ ਅਤੇ ਏਏਸੀ ਆਗੂਆਂ ਵਿਚਕਾਰ 13 ਘੰਟੇ ਲੰਬੀ ਗੱਲਬਾਤ ਵੀ ਕਿਸੇ ਨਤੀਜੇ ‘ਤੇ ਨਹੀਂ ਪਹੁੰਚ ਸਕੀ। ਗੱਲਬਾਤ ਫੇਲ ਹੋਣ ਤੋਂ ਬਾਅਦ ਕਮੇਟੀ ਨੇ ਪੂਰੇ ਖੇਤਰ ਵਿੱਚ ਬੰਦ ਅਤੇ ਚੱਕਾ ਜਾਮ ਦਾ ਐਲਾਨ ਕਰ ਦਿੱਤਾ।
ਫੌਜੀ ਘੇਰਾ ਤੇ ਡਰ ਦਾ ਮਾਹੌਲ
ਹਾਲਾਤ ਬਿਗੜਣ ਦੇ ਮੱਦੇਨਜ਼ਰ ਪਾਕਿਸਤਾਨੀ ਸਰਕਾਰ ਨੇ ਪੂਰੀ ਤਾਕਤ ਨਾਲ ਪ੍ਰਦਰਸ਼ਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਭਾਰੀ ਹਥਿਆਰਾਂ ਨਾਲ ਲੈਸ ਸੁਰੱਖਿਆ ਬਲਾਂ ਨੇ ਮੁਜ਼ੱਫਰਾਬਾਦ ਸਮੇਤ ਕਈ ਵੱਡੇ ਸ਼ਹਿਰਾਂ ਵਿੱਚ ਫਲੈਗ ਮਾਰਚ ਕੀਤੇ ਹਨ। ਪੰਜਾਬ ਤੋਂ ਹਜ਼ਾਰਾਂ ਫੌਜੀਆਂ ਨੂੰ ਬੁਲਾਇਆ ਗਿਆ ਹੈ ਅਤੇ ਇਸਲਾਮਾਬਾਦ ਤੋਂ 1,000 ਵਾਧੂ ਫੌਜੀ ਯੂਨਿਟ ਭੇਜੇ ਗਏ ਹਨ। ਸ਼ਨੀਵਾਰ ਤੇ ਐਤਵਾਰ ਨੂੰ ਪੁਲਿਸ ਨੇ ਵੱਡੇ ਸ਼ਹਿਰਾਂ ਦੇ ਪ੍ਰਵੇਸ਼ ਅਤੇ ਨਿਕਾਸ ਬਿੰਦੂਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ।
ਪਾਕਿਸਤਾਨ ਸਰਕਾਰ ਲਈ ਵੱਡੀ ਚੁਣੌਤੀ
ਪੀਓਕੇ ਦੇ ਲੋਕਾਂ ਦੀ ਇਹ ਬੇਮਿਸਾਲ ਬਗਾਵਤ ਪਾਕਿਸਤਾਨੀ ਹਕੂਮਤ ਲਈ ਇਕ ਵੱਡਾ ਸਿਆਸੀ ਸੰਕਟ ਬਣ ਗਈ ਹੈ। ਵਿਸ਼ਲੇਸ਼ਕਾਂ ਦੇ ਮਤਾਬਕ ਜੇਕਰ ਪਾਕਿਸਤਾਨ ਨੇ ਲੋਕਾਂ ਦੀਆਂ ਮੰਗਾਂ ‘ਤੇ ਜਲਦੀ ਕਾਰਵਾਈ ਨਾ ਕੀਤੀ ਤਾਂ ਹਾਲਾਤ ਹੋਰ ਗੰਭੀਰ ਰੂਪ ਧਾਰ ਸਕਦੇ ਹਨ ਅਤੇ ਖੇਤਰ ਵਿੱਚ ਅਸਥਿਰਤਾ ਵਧ ਸਕਦੀ ਹੈ।
ਇਹ ਵਿਰੋਧ ਸਿਰਫ ਮਹਿੰਗਾਈ ਦਾ ਗੁੱਸਾ ਨਹੀਂ, ਸਗੋਂ ਸਾਲਾਂ ਤੋਂ ਹੱਕਾਂ ਤੋਂ ਵਾਂਝੇ ਲੋਕਾਂ ਦੀ ਉਹ ਤੜਪ ਹੈ ਜੋ ਹੁਣ ਇੱਕ ਵੱਡੀ ਲਹਿਰ ਦਾ ਰੂਪ ਧਾਰ ਰਹੀ ਹੈ।