ਚਿੱਟੀਸਿੰਘਪੁਰਾ ਹੱਤਿਆਕਾਂਡ ਦੇ 25 ਸਾਲ ਬਾਅਦ ਵੀ ਇਨਸਾਫ਼ ਤੋਂ ਵੰਜੇ ਪਰਿਵਾਰ, ਜਥੇਦਾਰ ਗੜਗੱਜ ਨੇ ਜਤਾਇਆ ਦੁੱਖ…

ਅਨੰਤਨਾਗ/ਅੰਮ੍ਰਿਤਸਰ –
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਸ਼ਮੀਰ ਵਾਦੀ ਦੇ ਅਨੰਤਨਾਗ ਜ਼ਿਲ੍ਹੇ ਦੇ ਪਿੰਡ ਚਿੱਟੀਸਿੰਘਪੁਰਾ ਦਾ ਦੌਰਾ ਕੀਤਾ, ਜਿੱਥੇ 20 ਮਾਰਚ 2000 ਨੂੰ ਭਿਆਨਕ ਹੱਤਿਆਕਾਂਡ ਦੌਰਾਨ 35 ਨਿਰਦੋਸ਼ ਸਿੱਖਾਂ ਨੂੰ ਗੋਲੀਆਂ ਦਾ ਸ਼ਿਕਾਰ ਬਣਾਇਆ ਗਿਆ ਸੀ। ਇਸ ਦੁਖਦਾਈ ਘਟਨਾ ਨੂੰ 25 ਸਾਲ ਹੋ ਜਾਣ ਬਾਵਜੂਦ ਵੀ ਅੱਜ ਤੱਕ ਇਨਸਾਫ਼ ਨਾ ਮਿਲਣਾ ਸਿੱਖ ਕੌਮ ਲਈ ਵੱਡਾ ਦੁੱਖ ਅਤੇ ਚਿੰਤਾ ਦਾ ਵਿਸ਼ਾ ਹੈ।

ਜਥੇਦਾਰ ਗੜਗੱਜ ਨੇ ਪਿੰਡ ਵਾਸੀਆਂ ਵੱਲੋਂ ਬਣਾਈ ਗਈ ਯਾਦਗਾਰ ਤੇ ਸ਼ਹੀਦਾਂ ਦੀਆਂ ਤਸਵੀਰਾਂ ਦੇ ਦਰਸ਼ਨ ਕੀਤੇ। ਉਨ੍ਹਾਂ ਨੇ ਉਹ ਕੰਧ ਵੀ ਵੇਖੀ ਜਿਸ ’ਤੇ ਅਜੇ ਵੀ ਗੋਲੀਆਂ ਦੇ ਨਿਸ਼ਾਨ ਮੌਜੂਦ ਹਨ, ਜੋ ਉਸ ਰਾਤ ਦੇ ਖ਼ੂਨੀ ਮੰਜ਼ਰ ਦੀ ਗਵਾਹੀ ਦੇ ਰਹੇ ਹਨ। ਜਥੇਦਾਰ ਨੇ ਕਿਹਾ ਕਿ ਇਹ ਹੱਤਿਆਕਾਂਡ ਨਾ ਸਿਰਫ਼ ਕਸ਼ਮੀਰ ਦੇ ਸਿੱਖਾਂ ਲਈ, ਬਲਕਿ ਪੂਰੀ ਸਿੱਖ ਕੌਮ ਲਈ ਇੱਕ ਵੱਡਾ ਜ਼ਖ਼ਮ ਸੀ।

ਉਨ੍ਹਾਂ ਨੇ ਦੁੱਖ ਪ੍ਰਗਟਾਇਆ ਕਿ ਸ਼ਹੀਦਾਂ ਦੇ ਪਰਿਵਾਰ ਅੱਜ ਤੱਕ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਸਰਕਾਰਾਂ ਵੱਲੋਂ ਕੀਤੀਆਂ ਜਾਂਚਾਂ ਵਿਚੋਂ ਕਦੇ ਵੀ ਸੱਚ ਸਾਹਮਣੇ ਨਹੀਂ ਆ ਸਕਿਆ ਅਤੇ ਨਾ ਹੀ ਕਿਸੇ ਦੋਸ਼ੀ ਨੂੰ ਸਜ਼ਾ ਮਿਲੀ ਹੈ। “ਇਹ ਗੱਲ ਚਿੰਤਾਜਨਕ ਹੈ ਕਿ ਇੱਕ ਵੱਡਾ ਕਤਲੇਆਮ ਹੋਇਆ ਪਰ ਇਨਸਾਫ਼ ਦੇ ਨਾਂ ’ਤੇ ਸਿਰਫ਼ ਰਾਜਨੀਤਕ ਦਾਵੇ ਹੀ ਕੀਤੇ ਗਏ,” ਜਥੇਦਾਰ ਗੜਗੱਜ ਨੇ ਕਿਹਾ।

ਉਨ੍ਹਾਂ ਕਿਹਾ ਕਿ ਸਿੱਖ ਕੌਮ ਹਮੇਸ਼ਾਂ ਘੱਟ ਗਿਣਤੀ ਵਿੱਚ ਹੋਣ ਕਰਕੇ ਨਿਸ਼ਾਨਾ ਬਣਾਈ ਗਈ ਹੈ, ਪਰ ਫਿਰ ਵੀ ਕਸ਼ਮੀਰ ਦੇ ਸਿੱਖਾਂ ਨੇ ਆਪਣੀ ਧਰਤੀ ਛੱਡਣ ਦੀ ਬਜਾਏ ਚੜ੍ਹਦੀ ਕਲਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਕੇ ਜੀਵਨ ਜਿਉਣਾ ਜਾਰੀ ਰੱਖਿਆ ਹੈ। ਸਰਕਾਰਾਂ ਵੱਲੋਂ ਬਾਰ-ਬਾਰ ਉਨ੍ਹਾਂ ਦੇ ਹੱਕਾਂ ਨੂੰ ਦਬਾਉਣ ਦੇ ਬਾਵਜੂਦ ਵੀ ਸਿੱਖ ਅੱਜ ਵੀ ਉੱਥੇ ਅਡਿੱਗ ਹਨ।

ਜਥੇਦਾਰ ਨੇ ਇਹ ਵੀ ਕਿਹਾ ਕਿ ਚਿੱਟੀਸਿੰਘਪੁਰਾ ਦੀ ਘਟਨਾ ਸਾਨੂੰ ਇਹ ਸਬਕ ਦਿੰਦੀ ਹੈ ਕਿ ਜੇ ਸਿੱਖ ਕੌਮ ਏਕਜੁੱਟ ਰਹੇ ਤਾਂ ਕੋਈ ਵੀ ਤਾਕਤ ਸਾਨੂੰ ਝੁਕਾ ਨਹੀਂ ਸਕਦੀ।

ਇਸ ਦੌਰਾਨ ਪਿੰਡ ਵਿੱਚ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ। ਜਥੇਦਾਰ ਗੜਗੱਜ ਨੇ ਗੁਰਬਾਣੀ ਵਿਚਾਰਾਂ ਰਾਹੀਂ ਸੰਗਤ ਨੂੰ ਹੌਸਲਾ ਦਿੱਤਾ ਅਤੇ ਖਾਸ ਤੌਰ ’ਤੇ ਸ਼ਹੀਦ ਪਰਿਵਾਰਾਂ ਨਾਲ ਮਿਲ ਕੇ ਉਨ੍ਹਾਂ ਦੇ ਦੁੱਖ-ਦਰਦ ਸਾਂਝੇ ਕੀਤੇ।

ਉਨ੍ਹਾਂ ਨੇ ਯਾਦਗਾਰ ਸੰਭਾਲਣ ਵਿੱਚ ਯੋਗਦਾਨ ਪਾਉਣ ਵਾਲੇ ਪਿੰਡ ਦੇ ਸਰਕਾਰੀ ਅਧਿਆਪਕ ਗਿਆਨੀ ਰਜਿੰਦਰ ਸਿੰਘ ਅਤੇ ਨੌਜਵਾਨ ਸਭਾ ਦੀ ਵੀ ਖ਼ਾਸ ਤੌਰ ’ਤੇ ਸ਼ਲਾਘਾ ਕੀਤੀ।

Comments

Leave a Reply

Your email address will not be published. Required fields are marked *