ਖਨੌਰੀ/ਪਾਤੜਾਂ : ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਘੱਗਰ ਦਰਿਆ ਦਾ ਪਾਣੀ ਲੋਕਾਂ ਲਈ ਇੱਕ ਵਾਰ ਫਿਰ ਮੁਸੀਬਤ ਬਣਦਾ ਜਾ ਰਿਹਾ ਹੈ। ਅੱਜ ਸਵੇਰੇ ਖਨੌਰੀ ਸੈਫ਼ਨ ‘ਤੇ ਪਾਣੀ ਦਾ ਪੱਧਰ 750.3 ਫੁੱਟ ਤੱਕ ਪਹੁੰਚ ਗਿਆ ਹੈ, ਜਦੋਂ ਕਿ ਪਾਣੀ ਦਾ ਪ੍ਰਵਾਹ 14,150 ਕਿਊਸਿਕ ਦਰਜ ਕੀਤਾ ਗਿਆ ਹੈ। ਇਹ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਲਗਭਗ ਦੋ ਤੋਂ ਢਾਈ ਫੁੱਟ ਉੱਪਰ ਚਲਾ ਗਿਆ ਹੈ। ਇਸ ਕਾਰਨ ਨਾ ਸਿਰਫ਼ ਪਟਿਆਲਾ ਜ਼ਿਲ੍ਹਾ ਪ੍ਰਭਾਵਿਤ ਹੋ ਸਕਦਾ ਹੈ, ਬਲਕਿ ਸੰਗਰੂਰ ਦੇ ਹਲਕਾ ਸ਼ੁਤਰਾਣਾ ਅਤੇ ਲਹਿਰਾਗਾਗਾ ਹਲਕਿਆਂ ਦੇ ਕਈ ਪਿੰਡ ਵੀ ਸਿੱਧੇ ਖਤਰੇ ਹੇਠ ਆ ਗਏ ਹਨ।
ਸਥਾਨਕ ਲੋਕਾਂ ਅਨੁਸਾਰ, ਸ਼ੁਤਰਾਣਾ ਹਲਕੇ ਦੇ ਪਿੰਡ ਹਰਚੰਦਪੁਰਾ ਵਿਖੇ ਅੱਜ ਸਵੇਰੇ ਘੱਗਰ ਦਾ ਪਾਣੀ ਓਵਰਫਲੋਅ ਹੋ ਕੇ ਖੇਤਾਂ ਵਿੱਚ ਵੜ ਗਿਆ। ਹਾਲਾਂਕਿ ਬੀਤੇ ਦਿਨ ਵੀ ਇਹੀ ਸਥਿਤੀ ਬਣੀ ਸੀ, ਪਰ ਫੌਜ ਦੀ ਮਦਦ ਨਾਲ ਸਥਾਨਕ ਲੋਕਾਂ ਨੇ ਬੜੀ ਮਿਹਨਤ ਕਰਕੇ ਪਾਣੀ ਦੇ ਵਹਾਅ ਨੂੰ ਰੋਕਿਆ ਸੀ। ਪਰ ਅੱਜ ਪਾਣੀ ਦਾ ਪੱਧਰ ਹੋਰ ਵਧਣ ਕਾਰਨ ਸਥਿਤੀ ਮੁੜ ਗੰਭੀਰ ਹੋ ਗਈ ਹੈ। ਖੇਤਾਂ ਵਿੱਚ ਪਾਣੀ ਜਾਣ ਨਾਲ ਕਿਸਾਨਾਂ ਦੀ ਚਿੰਤਾ ਕਈ ਗੁਣਾ ਵੱਧ ਗਈ ਹੈ।
ਇਸ ਨਾਜ਼ੁਕ ਹਾਲਾਤ ਨੂੰ ਵੇਖਦਿਆਂ ਇਲਾਕੇ ਦੇ ਕਿਸਾਨਾਂ ਨੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਮਿੱਟੀ ਦੀਆਂ ਟਰਾਲੀਆਂ ਇਕੱਠੀਆਂ ਕਰਕੇ ਘੱਗਰ ਦੇ ਕਿਨਾਰਿਆਂ ਤੇ ਪਾਈਆਂ ਜਾਣ। ਇਸ ਤਰ੍ਹਾਂ ਪਾੜ ਪੈਣ ਤੋਂ ਬਚਾਇਆ ਜਾ ਸਕਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਪਾਣੀ ਲਗਾਤਾਰ ਚੜ੍ਹਦਾ ਜਾ ਰਿਹਾ ਹੈ ਅਤੇ ਖ਼ਬਰ ਲਿਖੇ ਜਾਣ ਤੱਕ ਪਾਣੀ ਦਾ ਪੱਧਰ 750.4 ਤੱਕ ਪਹੁੰਚ ਗਿਆ ਹੈ।
ਯਾਦ ਰਹੇ ਕਿ ਸਾਲ 2023 ਦੇ ਭਿਆਨਕ ਹੜ੍ਹਾਂ ਦੌਰਾਨ ਘੱਗਰ ਦਰਿਆ ਦਾ ਪਾਣੀ 752 ਦੇ ਨੇੜੇ ਪਹੁੰਚ ਗਿਆ ਸੀ, ਜਿਸ ਕਾਰਨ ਦਰਿਆ ਦਾ ਤੇੜਾ ਟੁੱਟ ਗਿਆ ਸੀ। ਉਸ ਵੇਲੇ ਪਟਿਆਲਾ, ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ ਦੇ ਸੈਂਕੜਿਆਂ ਪਿੰਡਾਂ ਵਿੱਚ ਪਾਣੀ ਵੜ ਗਿਆ ਸੀ ਅਤੇ ਹਜ਼ਾਰਾਂ ਏਕੜ ਖੇਤੀਬਾੜੀ ਵਾਲੀ ਜ਼ਮੀਨ ਨੂੰ ਬੜਾ ਨੁਕਸਾਨ ਹੋਇਆ ਸੀ।
ਸਰਕਾਰੀ ਪੱਧਰ ‘ਤੇ ਵੀ ਹਾਲਾਤਾਂ ‘ਤੇ ਨਿਗਰਾਨੀ ਜਾਰੀ ਹੈ, ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇ ਤੁਰੰਤ ਅਤੇ ਵੱਡੇ ਪੱਧਰ ਤੇ ਬਚਾਅ ਪ੍ਰਬੰਧ ਨਾ ਕੀਤੇ ਗਏ ਤਾਂ ਇਸ ਵਾਰ ਵੀ ਹੜ੍ਹਾਂ ਦੇ ਨੁਕਸਾਨ ਤੋਂ ਬਚਣਾ ਮੁਸ਼ਕਲ ਹੋ ਜਾਵੇਗਾ।
Leave a Reply