ਮਾਛੀਵਾਰਾ ਸਾਹਿਬ ਦੇ ਨੇੜਲੇ ਪਿੰਡ ਝਾੜ ਸਾਹਿਬ ਸਥਿਤ ਗੁਰਦੁਆਰਾ ਸਾਹਿਬ ਵਿਖੇ ਕੱਲ੍ਹ ਰਾਤ ਇਕ ਬੜੀ ਹੀ ਮੰਦਭਾਗੀ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਵਾਲੀ ਇਸ ਧਰਤੀ ਉੱਤੇ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਸਥਾਪਿਤ ਇਸ ਗੁਰਦੁਆਰੇ ਦੇ ਸੱਚਖੰਡ ਸਾਹਿਬ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਅੱਗ ਦੀ ਲਪੇਟ ਵਿੱਚ ਆ ਕੇ ਅਗਨ ਭੇਂਟ ਹੋ ਗਏ।
ਜਾਣਕਾਰੀ ਅਨੁਸਾਰ, ਗੁਰਦੁਆਰੇ ਦੇ ਸੱਚਖੰਡ ਸਾਹਿਬ ਵਿੱਚ ਲੱਗੇ ਵਿੰਡੋ ਏ.ਸੀ. ਦਾ ਕੰਪਰੈਸ਼ਰ ਅਚਾਨਕ ਫਟ ਗਿਆ। ਇਸ ਕਾਰਨ ਉੱਪਰ ਲੱਗੇ ਚੰਦੋਆ ਸਾਹਿਬ ਨੂੰ ਅੱਗ ਲੱਗ ਗਈ ਜੋ ਕੁਝ ਹੀ ਸਮੇਂ ਵਿੱਚ ਹੇਠਾਂ ਸੁਸ਼ੋਭਿਤ ਪਾਵਨ ਸਰੂਪਾਂ ਤੱਕ ਪਹੁੰਚ ਗਈ। ਅੱਗ ਦੇ ਕਾਰਨ ਧੂੰਆ ਤੇ ਅਫਰਾਤਫਰੀ ਫੈਲ ਗਈ ਅਤੇ ਸੰਗਤਾਂ ਨੂੰ ਇਸ ਵਾਰਦਾਤ ਦੀ ਖ਼ਬਰ ਮਿਲਦਿਆਂ ਹੀ ਬੇਹੱਦ ਦੁੱਖ ਦਾ ਝਟਕਾ ਲੱਗਾ।
ਸੰਗਤਾਂ ਵਿੱਚ ਸੋਗ, ਪੂਰੀ ਰਾਤ ਜਾਪ
ਘਟਨਾ ਦੀ ਸੂਚਨਾ ਮਿਲਣ ਉਪਰੰਤ ਸੰਗਤਾਂ ਗੁਰਦੁਆਰੇ ਵਿੱਚ ਇਕੱਠੀਆਂ ਹੋ ਗਈਆਂ। ਸਾਰੀ ਰਾਤ ਗੁਰੂ ਸਾਹਿਬ ਦੇ ਅੰਗ-ਸੰਗ ਰਹਿੰਦੇ ਹੋਏ ਸੰਗਤਾਂ ਵਲੋਂ ਲਗਾਤਾਰ ਜਾਪ ਕੀਤਾ ਗਿਆ। ਲੋਕਾਂ ਦੀਆਂ ਅੱਖਾਂ ਚੋਂ ਹੰਝੂ ਨਹੀਂ ਰੁਕ ਰਹੇ ਸਨ ਤੇ ਹਵਾ ਵਿੱਚ ਸੋਗਮਈ ਮਾਹੌਲ ਵਿਆਪਤ ਸੀ।
ਪੰਜ ਪਿਆਰਿਆਂ ਦਾ ਪਹੁੰਚਣਾ, ਅਰਦਾਸ ਤੇ ਰਿਪੋਰਟ ਤਿਆਰ
ਅੱਜ ਸਵੇਰੇ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਆਨੰਦਪੁਰ ਸਾਹਿਬ) ਤੋਂ ਪੰਜ ਪਿਆਰੇ ਸਿੰਘ ਸਾਹਿਬਾਨ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਗੁਰਦੁਆਰੇ ਦੀ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਮੂਲ ਮੰਤਰ ਦਾ ਜਾਪ ਕਰਵਾਇਆ। ਅਰਦਾਸ ਉਪਰੰਤ ਤਿੰਨ ਅਗਨ ਭੇਟ ਹੋਏ ਸਰੂਪਾਂ ਨੂੰ ਪੂਰਨ ਸਤਿਕਾਰ ਸਹਿਤ ਸ੍ਰੀ ਗੋਇੰਦਵਾਲ ਸਾਹਿਬ ਲਈ ਰਵਾਨਾ ਕੀਤਾ ਗਿਆ। ਪੰਜ ਪਿਆਰਿਆਂ ਵਲੋਂ ਸਾਫ਼ ਕੀਤਾ ਗਿਆ ਕਿ ਇਸ ਘਟਨਾ ਦੀ ਵਿਸਥਾਰਪੂਰਣ ਰਿਪੋਰਟ ਤਿਆਰ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਜਾਵੇਗੀ ਅਤੇ ਉੱਥੋਂ ਜੋ ਵੀ ਹੁਕਮ ਆਏਗਾ, ਉਸ ਦੀ ਜਾਣਕਾਰੀ ਸੰਗਤਾਂ ਨੂੰ ਦਿੱਤੀ ਜਾਵੇਗੀ।
ਪੰਜ ਸਿੰਘ ਸਾਹਿਬਾਨਾਂ ਨੇ ਇਸ ਘਟਨਾ ਨੂੰ ਬੇਹੱਦ ਮੰਦਭਾਗੀ ਦੱਸਦਿਆਂ ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਸੱਚਖੰਡ ਸਾਹਿਬ ਵਿੱਚ ਕੋਈ ਵੀ ਬਿਜਲੀ ਉਪਕਰਣ ਖ਼ਾਸ ਸਾਵਧਾਨੀ ਨਾਲ ਵਰਤੇ ਜਾਣ। ਖ਼ਾਸ ਕਰਕੇ ਏ.ਸੀ. ਸਿਰਫ਼ ਉਸੇ ਸਮੇਂ ਚਲਾਏ ਜਾਣ ਜਦੋਂ ਪ੍ਰਬੰਧਕ ਮੌਜੂਦ ਹੋਣ ਤਾਂ ਜੋ ਭਵਿੱਖ ਵਿੱਚ ਅਜਿਹੀ ਗਲਤੀ ਨਾ ਦੁਹਰਾਈ ਜਾਵੇ।
ਪ੍ਰਸ਼ਾਸਨ ਦੀ ਜਾਂਚ ਜਾਰੀ
ਇਸ ਮੌਕੇ ਸਮਰਾਲਾ ਦੇ ਡੀ.ਐੱਸ.ਪੀ. ਤਰਲੋਚਨ ਸਿੰਘ ਵੀ ਮੌਜੂਦ ਸਨ। ਉਨ੍ਹਾਂ ਨੇ ਦੱਸਿਆ ਕਿ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪਣੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ, ਉੱਥੇ ਪੁਲਿਸ ਵਲੋਂ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਹਾਦਸਾ ਵਿੰਡੋ ਏ.ਸੀ. ਦਾ ਕੰਪਰੈਸ਼ਰ ਫਟਣ ਕਾਰਨ ਵਾਪਰਿਆ। ਡੀ.ਐੱਸ.ਪੀ. ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਵੀ ਹੁਕਮ ਆਏਗਾ, ਉਸਨੂੰ ਕੜਾਈ ਨਾਲ ਲਾਗੂ ਕੀਤਾ ਜਾਵੇਗਾ।
ਬਜ਼ੁਰਗ ਨੇ ਇਕ ਸਰੂਪ ਬਚਾਇਆ
ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਦੌਰਾਨ ਇਕ ਬਜ਼ੁਰਗ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਇਕ ਪਾਵਨ ਸਰੂਪ ਨੂੰ ਬਚਾ ਲਿਆ। ਦੱਸਿਆ ਗਿਆ ਕਿ ਜਦੋਂ ਧੂੰਆ ਫੈਲਿਆ ਤਾਂ ਦਰਬਾਰ ਹਾਲ ਵਿੱਚ ਪਾਠ ਕਰ ਰਹੇ ਬਲਬੀਰ ਸਿੰਘ ਨੇ ਪੁਕਾਰ ਕੀਤੀ ਪਰ ਜਦ ਤੱਕ ਕੋਈ ਮਦਦ ਲਈ ਨਹੀਂ ਆਇਆ, ਉਹ ਖ਼ੁਦ ਹੀ ਸਤਿਕਾਰ ਨਾਲ ਉਸ ਸਰੂਪ ਦਾ ਸੁੱਖ ਆਸਣ ਕਰਕੇ ਉਸਨੂੰ ਦੂਜੇ ਦਰਬਾਰ ਹਾਲ ਵਿੱਚ ਲੈ ਗਿਆ। ਉਸਦੀ ਇਸ ਹਿੰਮਤ ਨਾਲ ਘੱਟੋ-ਘੱਟ ਇੱਕ ਸਰੂਪ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚ ਗਿਆ।
ਸੰਗਤਾਂ ਦੇ ਹਿਰਦੇ ਵਲੂੰਧਰੇ
ਪਿੰਡ ਝਾੜ ਸਾਹਿਬ ਅਤੇ ਆਲੇ-ਦੁਆਲੇ ਦੇ ਇਲਾਕੇ ਦੀ ਸੰਗਤ ਇਸ ਘਟਨਾ ਕਾਰਨ ਗਹਿਰੇ ਸੋਗ ਵਿੱਚ ਡੁੱਬੀ ਹੋਈ ਹੈ। ਸੰਗਤਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਅਗਨ ਭੇਟ ਹੋਣ ਦੀ ਘਟਨਾ ਉਨ੍ਹਾਂ ਦੇ ਹਿਰਦੇ ਵਲੂੰਧਰੇ ਗਈ ਹੈ ਅਤੇ ਇਸ ਦੀ ਭਰਪਾਈ ਕਰਨੀ ਅਸੰਭਵ ਹੈ।
Leave a Reply