ਮੋਹਾਲੀ/ਮੋਗਾ : ਪੰਜਾਬ ਵਿੱਚ ਇਕ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਉੱਘੇ ਕਾਰੋਬਾਰੀ ਅਤੇ ਮੋਹਾਲੀ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਰਾਜਦੀਪ ਸਿੰਘ ਨੇ ਬੈਂਕ ਦੇ ਬਾਥਰੂਮ ਵਿੱਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਰਾਜਦੀਪ ਸਿੰਘ ਦੇ ਪਰਿਵਾਰਿਕ ਮੈਂਬਰ ਮੋਗਾ ਵਿੱਚ ਹੀ ਰਹਿੰਦੇ ਹਨ, ਜਦਕਿ ਉਹ ਖੁਦ ਚੰਡੀਗੜ੍ਹ ਦੇ ਸੈਕਟਰ-82 ਫੇਜ਼ 11 ਵਿੱਚ ਆਪਣਾ ਇਮੀਗ੍ਰੇਸ਼ਨ ਦਫ਼ਤਰ ਚਲਾ ਰਹੇ ਸਨ। ਖ਼ੁਦਕੁਸ਼ੀ ਦੀ ਘਟਨਾ ਬੈਂਕ ਪ੍ਰੰਗਣ ਦੇ ਬਾਥਰੂਮ ਵਿੱਚ ਵਾਪਰੀ, ਜਿੱਥੇ ਤੋਂ ਗੋਲੀ ਦੀ ਆਵਾਜ਼ ਸੁਣਦੇ ਹੀ ਬੈਂਕ ਅਧਿਕਾਰੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਲਾਸ਼ ਨੂੰ ਬਾਹਰ ਕੱਢਿਆ ਗਿਆ।
ਜਾਂਚ ਦੌਰਾਨ ਰਾਜਦੀਪ ਸਿੰਘ ਦੀ ਜੇਬ ਵਿਚੋਂ ਇਕ ਖ਼ੁਦਕੁਸ਼ੀ ਨੋਟ ਅਤੇ ਮੋਬਾਇਲ ਵਿਚੋਂ ਰਿਕਾਰਡ ਕੀਤੀ ਗਈ ਵੀਡੀਓ ਵੀ ਬਰਾਮਦ ਹੋਈ ਹੈ। ਵੀਡੀਓ ਵਿੱਚ ਉਸਨੇ ਖੁਲਾਸਾ ਕੀਤਾ ਕਿ ਉਹ ਵਿੱਤੀ ਤੰਗੀ ਅਤੇ ਦਬਾਅ ਕਾਰਨ ਬਹੁਤ ਪ੍ਰੇਸ਼ਾਨ ਸੀ। ਰਾਜਦੀਪ ਨੇ ਵੀਡੀਓ ਵਿੱਚ ਇਹ ਵੀ ਦੱਸਿਆ ਕਿ ਉਸਨੇ ਮੁੱਖ ਰਕਮ ਵਾਪਸ ਕਰ ਦਿੱਤੀ ਸੀ ਪਰ ਜਦੋਂ ਮੁਨਾਫ਼ਾ ਹੋਇਆ ਹੀ ਨਹੀਂ, ਤਾਂ ਉਹ ਮੁਨਾਫ਼ਾ ਕਿਵੇਂ ਦੇ ਸਕਦਾ ਹੈ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਖ਼ੁਦਕੁਸ਼ੀ ਨੋਟ ਤੇ ਵੀਡੀਓ ਦੀ ਫੋਰੈਂਸਿਕ ਜਾਂਚ ਲਈ ਭੇਜਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪ੍ਰਾਇਮਰੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਰਾਜਦੀਪ ‘ਤੇ ਲਗਾਤਾਰ ਵਿੱਤੀ ਦਬਾਅ ਬਣਾਇਆ ਜਾ ਰਿਹਾ ਸੀ, ਜਿਸ ਕਾਰਨ ਉਸਨੇ ਇਹ ਕਦਮ ਚੁੱਕਿਆ।
ਇਸ ਅਚਾਨਕ ਘਟਨਾ ਨੇ ਨਾ ਸਿਰਫ਼ ਰਾਜਦੀਪ ਸਿੰਘ ਦੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਬਲਕਿ ਕਾਰੋਬਾਰੀ ਵਰਗ ਵਿੱਚ ਵੀ ਵੱਡੀ ਚਰਚਾ ਛੇੜ ਦਿੱਤੀ ਹੈ। ਲੋਕਾਂ ਵਿੱਚ ਸਵਾਲ ਉਠ ਰਹੇ ਹਨ ਕਿ ਵਿੱਤੀ ਤਣਾਅ ਅਤੇ ਕਾਰੋਬਾਰੀ ਦਬਾਅ ਕਿੰਨੇ ਲੋਕਾਂ ਨੂੰ ਮਨੋਵਿਗਿਆਨਕ ਤੌਰ ‘ਤੇ ਟੁੱਟਣ ਲਈ ਮਜਬੂਰ ਕਰ ਰਿਹਾ ਹੈ।
👉 ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਮਾਮਲੇ ਦੀ ਪੂਰੀ ਜਾਂਚ ਹੋਣ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਏਗੀ।
Leave a Reply