ਚੰਡੀਗੜ੍ਹ : ਪੰਜਾਬ ਵਿੱਚ ਹੜ੍ਹਾਂ ਕਾਰਨ ਬਣੀ ਗੰਭੀਰ ਸਥਿਤੀ ਦੇ ਮੱਦੇਨਜ਼ਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਰਾਜ ਸਰਕਾਰ ਦੀ ਪੂਰੀ ਤਰ੍ਹਾਂ ਨਾਕਾਮੀ ਵੱਲ ਇਸ਼ਾਰਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਨਾ ਤਾਂ ਪਹਿਲਾਂ ਹੀ ਹੜ੍ਹਾਂ ਨਾਲ ਨਿਪਟਣ ਲਈ ਕੋਈ ਢੰਗ ਦੇ ਪ੍ਰਬੰਧ ਕੀਤੇ ਤੇ ਨਾ ਹੀ ਲੋਕਾਂ ਨੂੰ ਵਕ਼ਤ-ਸਿਰ ਰਾਹਤ ਸਮੱਗਰੀ ਜਾਂ ਤਕਨੀਕੀ ਮਦਦ ਮੁਹੱਈਆ ਕਰਵਾਈ।
ਗੜਗੱਜ ਨੇ ਦੋਸ਼ ਲਾਇਆ ਕਿ ਸਰਕਾਰ ਦੇ ਲਾਪਰਵਾਹ ਰਵੱਈਏ ਕਾਰਨ ਅੱਜ ਪੰਜਾਬ ਦੇ ਕਈ ਜ਼ਿਲ੍ਹੇ ਤੇ ਸੈਂਕੜਿਆਂ ਪਿੰਡ ਹੜ੍ਹਾਂ ਦੀ ਚਪੇਟ ‘ਚ ਹਨ ਅਤੇ ਲੋਕਾਂ ਨੂੰ ਆਪਣੀ ਜਾਨ ਤੇ ਮਾਲ ਦੋਹਾਂ ਦਾ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ 2019 ਅਤੇ 2023 ਦੇ ਹੜ੍ਹਾਂ ਤੋਂ ਕੋਈ ਸਬਕ ਨਹੀਂ ਲਿਆ ਗਿਆ, ਜਿਸ ਕਰਕੇ ਇਸ ਵਾਰ ਤਬਾਹੀ 1988 ਤੋਂ ਵੀ ਵਧੇਰੇ ਪੱਧਰ ‘ਤੇ ਸਾਹਮਣੇ ਆਈ ਹੈ।
ਉਨ੍ਹਾਂ ਕਿਹਾ ਕਿ ਲੋਕ ਆਪਣੇ ਪੱਧਰ ‘ਤੇ ਕਿਸੇ ਤਰ੍ਹਾਂ ਹੜ੍ਹ ਨਾਲ ਜੂਝ ਰਹੇ ਹਨ ਪਰ ਸਰਕਾਰੀ ਪ੍ਰਬੰਧ ਬਿਲਕੁਲ ਫੇਲ ਸਾਬਤ ਹੋਏ ਹਨ। ਰਾਹਤ ਸਮੱਗਰੀ, ਤੈਰਨ ਵਾਲੀਆਂ ਬੇੜੀਆਂ ਅਤੇ ਜ਼ਰੂਰੀ ਉਪਕਰਣ ਪ੍ਰਭਾਵਿਤ ਇਲਾਕਿਆਂ ‘ਚ ਨਹੀਂ ਪਹੁੰਚ ਰਹੇ। ਇਸ ਕਾਰਨ ਲੋਕ ਬੇਹੱਦ ਮੁਸ਼ਕਲ ਹਾਲਾਤਾਂ ਵਿੱਚ ਗੁਜ਼ਾਰਾ ਕਰਨ ‘ਤੇ ਮਜ਼ਬੂਰ ਹਨ।
ਜਥੇਦਾਰ ਗੜਗੱਜ ਨੇ ਕੇਂਦਰ ਸਰਕਾਰ ਕੋਲੋਂ ਤੁਰੰਤ ਰਾਹਤ ਪੈਕੇਜ ਜਾਰੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਆਏ ਹੜ੍ਹਾਂ ਨੂੰ ਕੌਮੀ ਆਫਤ ਐਲਾਨਿਆ ਜਾਣਾ ਚਾਹੀਦਾ ਹੈ, ਕਿਉਂਕਿ ਹੜ੍ਹਾਂ ਨਾਲ ਪੈਦਾ ਹੋਈ ਤਬਾਹੀ ਇਤਿਹਾਸਕ ਪੱਧਰ ‘ਤੇ ਸਭ ਤੋਂ ਵੱਡੀ ਹੈ।
ਉਨ੍ਹਾਂ ਕਿਹਾ ਕਿ ਹਾਲਾਤ ਸਧਾਰਨ ਹੋਣ ਤੋਂ ਬਾਅਦ ਹੀ ਜਾਨੀ ਤੇ ਮਾਲੀ ਨੁਕਸਾਨ ਦੀ ਅਸਲੀ ਤਸਵੀਰ ਸਾਹਮਣੇ ਆਵੇਗੀ, ਪਰ ਇਸ ਵੇਲੇ ਹਾਲਾਤ ਦਰਸਾ ਰਹੇ ਹਨ ਕਿ ਇਹ ਪੰਜਾਬੀਆਂ ਲਈ ਇੱਕ ਵੱਡੀ ਤ੍ਰਾਸਦੀ ਸਾਬਤ ਹੋ ਰਹੀ ਹੈ।
Leave a Reply