ਅੰਮ੍ਰਿਤਸਰ:
ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ‘ਤੇ ਸਖ਼ਤ ਪ੍ਰਸ਼ਨ ਚੁੱਕੇ। ਹਰਸਿਮਰਤ ਕੌਰ ਬਾਦਲ ਨੇ ਦਾਅਵਾ ਕੀਤਾ ਕਿ “ਮੁੱਖ ਮੰਤਰੀ ਭਗਵੰਤ ਮਾਨ ਨੇ ਅਸਲ ਵਿੱਚ ਪੰਜਾਬ ਨੂੰ ਕੇਜਰੀਵਾਲ ਦੇ ਹਵਾਲੇ ਕਰ ਦਿੱਤਾ ਹੈ ਅਤੇ ਸੂਬੇ ਦੇ ਹਿੱਤਾਂ ਨੂੰ ਠੇਕੇ ‘ਤੇ ਚਲਾ ਦਿੱਤਾ ਗਿਆ ਹੈ।”
ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਕੁਦਰਤੀ ਆਫ਼ਤ ਦੀ ਚਪੇਟ ਵਿੱਚ ਹੈ। ਹੜ੍ਹ ਕਾਰਨ ਹਾਲਾਤ ਬੇਹੱਦ ਗੰਭੀਰ ਹੋ ਚੁੱਕੇ ਹਨ ਪਰ ਸਰਕਾਰ ਜ਼ਮੀਨੀ ਪੱਧਰ ‘ਤੇ ਲੋਕਾਂ ਦੇ ਨਾਲ ਖੜ੍ਹੀ ਨਜ਼ਰ ਨਹੀਂ ਆ ਰਹੀ। “ਜਦੋਂ ਅਜਿਹੀਆਂ ਸਥਿਤੀਆਂ ਬਾਦਲ ਸਾਹਿਬ ਦੇ ਸਮੇਂ ਆਉਂਦੀਆਂ ਸਨ ਤਾਂ ਉਹ ਖ਼ੁਦ ਲੋਕਾਂ ਨਾਲ ਸੰਪਰਕ ਕਰਦੇ ਸਨ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣਦੇ ਸਨ ਅਤੇ ਤੁਰੰਤ ਰਾਹਤ ਲਈ ਹੈਲਪਲਾਈਨ ਨੰਬਰ ਜਾਰੀ ਕਰਦੇ ਸਨ। ਪਰ ਅੱਜ ਨਾ ਤਾਂ ਕੋਈ ਪ੍ਰਸ਼ਾਸਨਿਕ ਤਿਆਰੀ ਨਜ਼ਰ ਆ ਰਹੀ ਹੈ ਅਤੇ ਨਾ ਹੀ ਲੋਕਾਂ ਲਈ ਕੋਈ ਰਾਹਤ ਪ੍ਰਬੰਧ। ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਘੱਟੋ-ਘੱਟ ਇੱਕ ਹੈਲਪਲਾਈਨ ਨੰਬਰ ਤਾਂ ਜਾਰੀ ਕਰਨਾ ਚਾਹੀਦਾ ਹੈ, ਜਿੱਥੇ ਲੋਕ ਆਪਣੀ ਮੁਸੀਬਤ ਦੱਸ ਸਕਣ,” ਬਾਦਲ ਨੇ ਕਿਹਾ।
ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਤੋਂ ਵੀ ਸਿੱਧੀ ਦਖ਼ਲਅੰਦਾਜ਼ੀ ਦੀ ਮੰਗ ਕੀਤੀ। ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਉਹ ਖੁਦ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਹਾਲਾਤ ਦਾ ਅੰਦਾਜ਼ਾ ਲੈਣ। ਨਾਲ ਹੀ, ਉਨ੍ਹਾਂ ਨੇ NDRF ਦੀਆਂ ਟੀਮਾਂ ਅਤੇ ਕਿਸ਼ਤੀਆਂ ਤੁਰੰਤ ਭੇਜਣ ਦੀ ਮੰਗ ਕੀਤੀ ਤਾਂ ਜੋ ਫਸੇ ਹੋਏ ਲੋਕਾਂ ਨੂੰ ਬਚਾਇਆ ਜਾ ਸਕੇ।
ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ “ਜੋ ਭਾਜਪਾ ਕੁਝ ਦਿਨ ਪਹਿਲਾਂ ਲੋਕਾਂ ਤੱਕ ਆਪਣੀਆਂ ਯੋਜਨਾਵਾਂ ਪਹੁੰਚਾਉਣ ਲਈ ਕੈਂਪ ਲਗਾ ਰਹੀ ਸੀ, ਹੁਣ ਉਨ੍ਹਾਂ ਨੂੰ ਚਾਹੀਦਾ ਹੈ ਕਿ ਪਿੰਡਾਂ ਵਿੱਚ ਜਾ ਕੇ ਹਕੀਕਤ ਵਿੱਚ ਲੋਕਾਂ ਦੀ ਸਹਾਇਤਾ ਕਰਨ। ਕੇਵਲ ਸਿਆਸਤ ਕਰਨ ਦੀ ਬਜਾਏ ਕੇਂਦਰ ਸਰਕਾਰ ਰਾਹੀਂ ਰਾਹਤ ਮੁਹੱਈਆ ਕਰਵਾਉਣੀ ਚਾਹੀਦੀ ਹੈ।”
ਕਾਂਗਰਸ ‘ਤੇ ਵੀ ਤਿੱਖਾ ਹਮਲਾ ਕਰਦਿਆਂ ਬਾਦਲ ਨੇ ਕਿਹਾ ਕਿ “ਸਾਨੂੰ ਕਾਂਗਰਸ ਤੋਂ ਕਿਸੇ ਵੀ ਤਰ੍ਹਾਂ ਦੀ ਉਮੀਦ ਨਹੀਂ ਹੈ। ਪਰ ਮੈਂ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਉਂਦੀ ਹਾਂ ਕਿ ਤੁਹਾਡੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਨਾਲ ਹਮੇਸ਼ਾ ਖੜ੍ਹੀ ਹੈ।”
ਉਨ੍ਹਾਂ ਅਖੀਰ ਵਿੱਚ ਚੇਤਾਵਨੀ ਦਿੱਤੀ ਕਿ ਜੇ ਅਗਲੇ 24 ਘੰਟਿਆਂ ਵਿੱਚ ਸਰਕਾਰ ਵੱਲੋਂ ਕੋਈ ਹੈਲਪਲਾਈਨ ਨੰਬਰ ਜਾਰੀ ਨਹੀਂ ਕੀਤਾ ਜਾਂਦਾ ਤਾਂ ਸ਼੍ਰੋਮਣੀ ਅਕਾਲੀ ਦਲ ਖ਼ੁਦ ਆਪਣਾ ਹੈਲਪਲਾਈਨ ਨੰਬਰ ਜਾਰੀ ਕਰੇਗਾ। ਨਾਲ ਹੀ, ਐਸ.ਜੀ.ਪੀ.ਸੀ. ਵੱਲੋਂ ਵੀ ਜ਼ਮੀਨੀ ਪੱਧਰ ‘ਤੇ ਜਿੰਨੀ ਹੋ ਸਕੇ ਲੋਕਾਂ ਨੂੰ ਰਾਹਤ ਪਹੁੰਚਾਈ ਜਾਵੇਗੀ।
Leave a Reply