ਨੰਗਲ : ਨਗਰ ਕੌਂਸਲ ਨੰਗਲ ਦੇ ਸਫਾਈ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਅੱਜ ਵੀ ਜਾਰੀ ਰਹੀ। ਇਸ ਹੜਤਾਲ ਕਾਰਨ ਸ਼ਹਿਰ ਦੀ ਸਫਾਈ ਪ੍ਰਣਾਲੀ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਸ਼ਹਿਰ ਦੇ ਗਲੀ-ਮੁਹੱਲਿਆਂ, ਬਾਜ਼ਾਰਾਂ ਅਤੇ ਮੁੱਖ ਸੜਕਾਂ ਉੱਤੇ ਕੂੜੇ ਦੇ ਵੱਡੇ-ਵੱਡੇ ਢੇਰ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ, ਜਿਸ ਨਾਲ ਨੰਗਲ ਦੀ ਖੂਬਸੂਰਤੀ ਨੂੰ ਨਾ ਸਿਰਫ਼ ਗੰਭੀਰ ਝਟਕਾ ਲੱਗ ਰਿਹਾ ਹੈ, ਸਗੋਂ ਲੋਕਾਂ ਦੀ ਸਿਹਤ ਲਈ ਵੀ ਖਤਰੇ ਵੱਧ ਰਹੇ ਹਨ।
ਸਫਾਈ ਕਰਮਚਾਰੀਆਂ ਨੇ ਧਰਨਾ ਦੌਰਾਨ ਦੱਸਿਆ ਕਿ ਸਰਕਾਰ ਨੇ ਉਹਨਾਂ ਦੀਆਂ ਸੇਵਾਵਾਂ ਪੱਕੀਆਂ ਕਰਨ ਦੀ ਥਾਂ ਪ੍ਰਾਈਵੇਟ ਕੰਪਨੀਆਂ ਰਾਹੀਂ ਸਫਾਈ ਦਾ ਕੰਮ ਦੇਣ ਦੀ ਯੋਜਨਾ ਬਣਾਈ ਹੈ। ਕਰਮਚਾਰੀਆਂ ਦਾ ਕਹਿਣਾ ਹੈ ਕਿ 2022 ਵਿੱਚ ਜਦੋਂ ਨਵੀਂ ਸਰਕਾਰ ਬਣੀ ਸੀ, ਉਹਨਾਂ ਨੂੰ ਵੱਡੀਆਂ ਉਮੀਦਾਂ ਸਨ ਕਿ ਸੇਵਾਵਾਂ ਨੂੰ ਪੱਕਾ ਕੀਤਾ ਜਾਵੇਗਾ, ਪਰ ਹੁਣ ਉਲਟ ਉਹਨਾਂ ਦੀਆਂ ਨੌਕਰੀਆਂ ਖਤਰੇ ਹੇਠ ਆ ਗਈਆਂ ਹਨ। ਕਰਮਚਾਰੀਆਂ ਨੇ ਦੋਸ਼ ਲਗਾਇਆ ਕਿ ਸਰਕਾਰ ਉਹਨਾਂ ਦੀਆਂ ਜਾਇਜ਼ ਮੰਗਾਂ ’ਤੇ ਕੋਈ ਧਿਆਨ ਨਹੀਂ ਦੇ ਰਹੀ ਅਤੇ ਸਿਰਫ਼ ਕਾਗਜ਼ਾਂ ਵਿੱਚ ਹੀ ਲੋਕ-ਹਿਤੈਸ਼ੀ ਫੈਸਲੇ ਕਰਨ ਦੀ ਗੱਲ ਕੀਤੀ ਜਾ ਰਹੀ ਹੈ।
ਇਸ ਹੜਤਾਲ ਨੂੰ ਅੱਜ ਵੱਡਾ ਸਮਰਥਨ ਮਿਲਿਆ ਜਦੋਂ ਨੰਗਲ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਸਾਹਨੀ ਆਪਣੇ ਪੂਰੇ ਪੈਨਲ ਸਮੇਤ ਕਰਮਚਾਰੀਆਂ ਦੇ ਧਰਨੇ ’ਚ ਪਹੁੰਚੇ। ਉਨ੍ਹਾਂ ਨੇ ਕਰਮਚਾਰੀਆਂ ਦੇ ਹੱਕ ’ਚ ਖੁੱਲ੍ਹਾ ਬਿਆਨ ਦਿੰਦਿਆਂ ਕਿਹਾ ਕਿ ਉਹਨਾਂ ਦੀਆਂ ਮੰਗਾਂ ਬਿਲਕੁਲ ਵਾਜਬ ਹਨ ਅਤੇ ਸਰਕਾਰ ਨੂੰ ਤੁਰੰਤ ਹੱਲ ਲੱਭਣਾ ਚਾਹੀਦਾ ਹੈ। ਸਾਹਨੀ ਨੇ ਸਪੱਸ਼ਟ ਕਿਹਾ ਕਿ ਜਦੋਂ ਤੱਕ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਉਹਨਾਂ ਦਾ ਸਮਰਥਨ ਜਾਰੀ ਰਹੇਗਾ।
ਨੰਗਲ, ਜਿਸ ਨੂੰ “ਮਿੰਨੀ ਚੰਡੀਗੜ੍ਹ” ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਅਤੇ ਜੋ ਆਪਣੀ ਸੁੰਦਰਤਾ, ਸਾਫ਼-ਸੁਥਰਾਈ ਅਤੇ ਕੁਦਰਤੀ ਖੂਬਸੂਰਤੀ ਲਈ ਮਸ਼ਹੂਰ ਹੈ, ਹੜਤਾਲ ਕਾਰਨ ਬੇਹਾਲ ਹੋ ਗਿਆ ਹੈ। ਸੜਕਾਂ ’ਤੇ ਗੰਦਗੀ ਦੇ ਢੇਰਾਂ ਕਾਰਨ ਨਾ ਸਿਰਫ਼ ਬਦਬੂ ਫੈਲ ਰਹੀ ਹੈ ਸਗੋਂ ਡੇਂਗੂ, ਮਲੇਰੀਆ ਅਤੇ ਹੋਰ ਬਿਮਾਰੀਆਂ ਦੇ ਪੈਦਾ ਹੋਣ ਦਾ ਖਤਰਾ ਵੀ ਵੱਧ ਗਿਆ ਹੈ। ਸ਼ਹਿਰ ਵਾਸੀਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਜੇ ਹੜਤਾਲ ਜਲਦੀ ਖਤਮ ਨਾ ਹੋਈ ਤਾਂ ਸਿਹਤ ਸੰਬੰਧੀ ਹਾਲਾਤ ਬੇਕਾਬੂ ਹੋ ਸਕਦੇ ਹਨ।
ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਤੁਰੰਤ ਮੰਨ ਕੇ ਸ਼ਹਿਰ ਦੀ ਹਾਲਤ ਨਾਰਮਲ ਕੀਤੀ ਜਾਵੇ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਹਮੇਸ਼ਾਂ ਨੰਗਲ ਨੂੰ ਇੱਕ ਸੁੰਦਰ ਅਤੇ ਸਾਫ਼-ਸੁਥਰਾ ਸ਼ਹਿਰ ਵਜੋਂ ਦੇਖਿਆ ਹੈ, ਪਰ ਮੌਜੂਦਾ ਹੜਤਾਲ ਕਾਰਨ ਸ਼ਹਿਰ ਦੀ ਰੌਣਕ ਫਿੱਕੀ ਪੈ ਗਈ ਹੈ।
ਸਮਾਜਿਕ ਵਰਗਾਂ ਨੇ ਵੀ ਸਫਾਈ ਕਰਮਚਾਰੀਆਂ ਦਾ ਸਮਰਥਨ ਕੀਤਾ ਹੈ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਾਜਨੀਤਿਕ ਖੇਡਾਂ ਤੋਂ ਉਪਰ ਉੱਠ ਕੇ ਜਾਇਜ਼ ਮੁੱਦਿਆਂ ਦਾ ਹੱਲ ਕੀਤਾ ਜਾਵੇ ਤਾਂ ਜੋ ਨਾ ਸਿਰਫ਼ ਕਰਮਚਾਰੀਆਂ ਨੂੰ ਨਿਆਂ ਮਿਲੇ, ਸਗੋਂ ਆਮ ਲੋਕਾਂ ਨੂੰ ਵੀ ਸਿਹਤਮੰਦ ਵਾਤਾਵਰਣ ਵਾਪਸ ਮਿਲ ਸਕੇ।
Leave a Reply