ਮੋਹਾਲੀ/ਹੁਸ਼ਿਆਰਪੁਰ : ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਮੋਹਾਲੀ ਇਲਾਕੇ ਤੋਂ ਇੱਕ ਕਤਲ ਮਾਮਲੇ ਦੇ ਸ਼ੂਟਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਕੁਝ ਦਿਨ ਪਹਿਲਾਂ ਹੋਏ ਰਾਕੇਸ਼ ਕੁਮਾਰ ਉਰਫ਼ ਗੱਗੀ ਦੇ ਕਤਲ ਵਿੱਚ ਸ਼ਾਮਲ ਸੀ। ਪੁਲਿਸ ਨੇ ਇਸ ਦੇ ਕਬਜ਼ੇ ਤੋਂ ਇੱਕ ਪਿਸਤੌਲ ਅਤੇ 6 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਗ੍ਰਿਫ਼ਤਾਰ ਸ਼ੂਟਰ ਦੀ ਪਛਾਣ ਵਿਪਿਨ ਕੁਮਾਰ ਨਿਵਾਸੀ ਬੱਸੀਮੁੱਦਾ, ਬਾਗਪੁਰ ਮੰਦਰ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਆਰੋਪੀ ਸਿੱਧਾ ਵਿਦੇਸ਼ਾਂ ਵਿੱਚ ਬੈਠੇ ਆਪਣੇ ਗੈਂਗਸਟਰ ਹੈਂਡਲਰ ਨਾਲ ਜੁੜਿਆ ਹੋਇਆ ਸੀ ਅਤੇ ਉਸਦੀ ਹਰ ਗਤੀਵਿਧੀ ਉਨ੍ਹਾਂ ਦੇ ਹੁਕਮਾਂ ‘ਤੇ ਅਧਾਰਿਤ ਸੀ।
ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (DGP) ਗੌਰਵ ਯਾਦਵ ਨੇ ਇਸ ਗ੍ਰਿਫ਼ਤਾਰੀ ਨੂੰ ਵੱਡੀ ਸਫਲਤਾ ਦੱਸਦਿਆਂ ਕਿਹਾ ਕਿ ਪੁੱਛਗਿੱਛ ਦੌਰਾਨ ਕਈ ਮਹੱਤਵਪੂਰਨ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਗੈਂਗ ਵਾਰ ਨਾਲ ਜੁੜੀਆਂ ਹੋਰ ਘਟਨਾਵਾਂ ਤੇ ਵੀ ਰੌਸ਼ਨੀ ਪੈ ਸਕਦੀ ਹੈ।
ਹਿਮਾਚਲ ਵਿੱਚ ਗੈਂਗ ਵਾਰ ਦਾ ਨਤੀਜਾ ਸੀ ਕਤਲ
ਜਾਂਚ ਅਧਿਕਾਰੀਆਂ ਅਨੁਸਾਰ, ਵਿਪਿਨ ਕੁਮਾਰ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਖਵਾਜਾ ਬਸਲ ਪਿੰਡ ਵਿੱਚ ਵਾਪਰੇ ਰਾਕੇਸ਼ ਕੁਮਾਰ ਉਰਫ਼ ਗੱਗੀ ਦੇ ਕਤਲ ਵਿੱਚ ਸ਼ਾਮਲ ਮੁੱਖ ਸ਼ੂਟਰਾਂ ਵਿੱਚੋਂ ਇੱਕ ਸੀ। ਇਹ ਕਤਲ ਕੋਈ ਨਿੱਜੀ ਰੰਜਿਸ਼ ਨਹੀਂ ਸੀ, ਸਗੋਂ ਵੱਖ-ਵੱਖ ਗੈਂਗਾਂ ਵਿਚਕਾਰ ਚੱਲ ਰਹੀ ਵਾਰ ਦਾ ਸਿੱਧਾ ਨਤੀਜਾ ਸੀ।
ਦਰਅਸਲ, ਇਹ ਟਕਰਾਅ ਵਿਦੇਸ਼ੀ ਗੈਂਗਸਟਰਾਂ ਲਾਡੀ ਭੱਜਲ ਉਰਫ਼ ਕੂਨਰ ਅਤੇ ਮੋਨੂੰ ਗੁੱਜਰ (ਜੋ ਰਵੀ ਬਲਾਚੌਰੀਆ ਗੈਂਗ ਨਾਲ ਜੁੜੇ ਹੋਏ ਹਨ) ਅਤੇ ਦੂਜੇ ਪਾਸੇ ਬੱਬੀ ਰਾਣਾ (ਸੋਨੂੰ ਖੱਤਰੀ ਗੈਂਗ) ਵਿਚਕਾਰ ਹੋ ਰਹੇ ਖੂਨੀ ਖੇਡ ਦਾ ਹਿੱਸਾ ਸੀ। ਮ੍ਰਿਤਕ ਰਾਕੇਸ਼ ਕੁਮਾਰ ਉਰਫ਼ ਗੱਗੀ, ਬੱਬੀ ਰਾਣਾ ਦਾ ਕਰੀਬੀ ਸਾਥੀ ਅਤੇ ਸੋਨੂੰ ਖੱਤਰੀ ਗੈਂਗ ਨਾਲ ਗਹਿਰੇ ਤੌਰ ‘ਤੇ ਜੁੜਿਆ ਹੋਇਆ ਸੀ।
ਨਾਈ ਦੀ ਦੁਕਾਨ ‘ਤੇ ਵਾਪਰੀ ਹੱਤਿਆ
ਇਹ ਦਹਿਲਾ ਦੇਣ ਵਾਲੀ ਹੱਤਿਆ 27 ਜੁਲਾਈ ਨੂੰ ਉਸ ਵੇਲੇ ਵਾਪਰੀ ਜਦੋਂ ਰਾਕੇਸ਼ ਕੁਮਾਰ ਉਰਫ਼ ਗੱਗੀ ਊਨਾ ਦੇ ਅੱਪਰ ਬਸਲ ਵਿੱਚ ਸਥਿਤ ਇੱਕ ਨਾਈ ਦੀ ਦੁਕਾਨ ‘ਤੇ ਵਾਲ ਕਟਵਾਉਣ ਲਈ ਗਿਆ ਹੋਇਆ ਸੀ। ਅਚਾਨਕ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਦੁਕਾਨ ਵਿੱਚ ਦਾਖਲ ਹੋ ਕੇ ਉਸ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।
ਗਵਾਹਾਂ ਅਨੁਸਾਰ, ਹਮਲਾਵਰਾਂ ਨੇ ਰਾਕੇਸ਼ ‘ਤੇ ਲਗਭਗ 7 ਤੋਂ 8 ਗੋਲੀਆਂ ਚਲਾਈਆਂ। ਇਸ ਹਮਲੇ ਦੀ ਖ਼ਾਸ ਗੱਲ ਇਹ ਸੀ ਕਿ ਉਸਦੇ ਨਾਲ ਮੌਜੂਦ ਹੋਰ ਸਾਥੀਆਂ ‘ਤੇ ਇਕ ਵੀ ਗੋਲੀ ਨਹੀਂ ਚਲਾਈ ਗਈ। ਇਹ ਸਾਰਾ ਹਾਦਸਾ ਚੰਡੀਗੜ੍ਹ-ਧਰਮਸ਼ਾਲਾ ਹਾਈਵੇ ‘ਤੇ ਸਥਿਤ ਇੱਕ ਨਾਈ ਦੀ ਦੁਕਾਨ ਵਿੱਚ ਵਾਪਰਿਆ, ਜੋ ਊਨਾ ਤੋਂ ਲਗਭਗ 7 ਕਿਲੋਮੀਟਰ ਦੀ ਦੂਰੀ ‘ਤੇ ਹੈ।
ਪੁਲਿਸ ਵੱਲੋਂ ਵਧੀਕ ਜਾਂਚ
ਪੰਜਾਬ ਪੁਲਿਸ ਨੇ ਕਿਹਾ ਹੈ ਕਿ ਗ੍ਰਿਫ਼ਤਾਰ ਸ਼ੂਟਰ ਵਿਪਿਨ ਕੁਮਾਰ ਤੋਂ ਪੁੱਛਗਿੱਛ ਜਾਰੀ ਹੈ। ਇਸ ਪੁੱਛਗਿੱਛ ਰਾਹੀਂ ਹੋਰ ਗੈਂਗ ਮੈਂਬਰਾਂ ਦੇ ਨਾਂ ਅਤੇ ਵਿਦੇਸ਼ੀ ਹੈਂਡਲਰਾਂ ਦੀ ਵੀ ਜਾਣਕਾਰੀ ਮਿਲਣ ਦੀ ਉਮੀਦ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਸ ਗ੍ਰਿਫ਼ਤਾਰੀ ਨਾਲ ਨਾ ਸਿਰਫ਼ ਹਿਮਾਚਲ ਪ੍ਰਦੇਸ਼ ਦੇ ਕਤਲ ਮਾਮਲੇ ਵਿੱਚ ਵੱਡਾ ਸੁਤਰ ਟੁੱਟਿਆ ਹੈ, ਸਗੋਂ ਪੰਜਾਬ ਅਤੇ ਆਲੇ-ਦੁਆਲੇ ਦੇ ਰਾਜਾਂ ਵਿੱਚ ਸਰਗਰਮ ਗੈਂਗਾਂ ਦੀਆਂ ਗਤੀਵਿਧੀਆਂ ‘ਤੇ ਵੀ ਵੱਡਾ ਝਟਕਾ ਲੱਗਿਆ ਹੈ।
Leave a Reply