ਨਵੀਂ ਦਿੱਲੀ : ਵਿਰੋਧੀ ਧਿਰ ਦੇ ਗਠਜੋੜ ਇੰਡੀਆ ਨੇ ਉਪ ਰਾਸ਼ਟਰਪਤੀ ਚੋਣ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਬੀ. ਸੁਦਰਸ਼ਨ ਰੈਡੀ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਵਿਰੋਧੀ ਧਿਰ ਨੇ ਸਰਬਸੰਮਤੀ ਨਾਲ ਜਸਟਿਸ ਰੈਡੀ ਦੇ ਨਾਮ ‘ਤੇ ਸਹਿਮਤੀ ਜਤਾਈ ਹੈ।
ਇਸ ਤੋਂ ਪਹਿਲਾਂ 10 ਰਾਜਾਜੀ ਮਾਰਗ ‘ਤੇ ਇੰਡੀਆ ਗਠਜੋੜ ਦੀ ਮੀਟਿੰਗ ਹੋਈ ਜਿਸ ਵਿੱਚ ਉਮੀਦਵਾਰ ਦੇ ਨਾਮ ‘ਤੇ ਵਿਚਾਰ ਕਰਕੇ ਆਖ਼ਰੀ ਐਲਾਨ ਕੀਤਾ ਗਿਆ। ਜਸਟਿਸ ਰੈਡੀ 21 ਅਗਸਤ ਨੂੰ ਆਪਣੀ ਨਾਮਜ਼ਦਗੀ ਦਾਖਲ ਕਰਨਗੇ।
ਖੜਗੇ ਨੇ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਰੈਡੀ ਭਾਰਤ ਦੇ ਸਭ ਤੋਂ ਇਮਾਨਦਾਰ ਤੇ ਪ੍ਰਗਤੀਸ਼ੀਲ ਕਾਨੂੰਨਦਾਨਾਂ ਵਿੱਚੋਂ ਇੱਕ ਹਨ। ਉਹ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਜੱਜ, ਗੁਹਾਟੀ ਹਾਈ ਕੋਰਟ ਦੇ ਚੀਫ਼ ਜਸਟਿਸ ਅਤੇ ਸੁਪਰੀਮ ਕੋਰਟ ਦੇ ਜੱਜ ਰਹਿ ਚੁੱਕੇ ਹਨ। ਆਪਣੇ ਕਰੀਅਰ ਦੌਰਾਨ ਉਹ ਹਮੇਸ਼ਾ ਗਰੀਬ ਅਤੇ ਪਿੱਛੜੇ ਵਰਗਾਂ ਦੇ ਹੱਕ ਵਿੱਚ ਖੜ੍ਹੇ ਰਹੇ ਅਤੇ ਸੰਵਿਧਾਨਿਕ ਅਧਿਕਾਰਾਂ ਦੀ ਰੱਖਿਆ ਕੀਤੀ।
ਕੌਣ ਹਨ ਜਸਟਿਸ ਬੀ. ਸੁਦਰਸ਼ਨ ਰੈਡੀ?
*ਜਨਮ : 8 ਜੁਲਾਈ 1946
*ਸ਼ਿਕਸ਼ਾ : ਬੀ.ਏ., ਐਲ.ਐਲ.ਬੀ.
*ਕਾਨੂੰਨੀ ਕਰੀਅਰ ਦੀ ਸ਼ੁਰੂਆਤ : 27 ਦਸੰਬਰ 1971 ਨੂੰ ਆਂਧਰਾ ਪ੍ਰਦੇਸ਼ ਬਾਰ ਕੌਂਸਲ ਵਿੱਚ ਵਕੀਲ ਵਜੋਂ ਰਜਿਸਟਰ।
*1988-90 : ਆਂਧਰਾ ਪ੍ਰਦੇਸ਼ ਹਾਈ ਕੋਰਟ ਵਿੱਚ ਸਰਕਾਰੀ ਵਕੀਲ।
*1990 : ਕੇਂਦਰ ਸਰਕਾਰ ਲਈ ਵਾਧੂ ਸਥਾਈ ਵਕੀਲ।
*1995 : ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਸਥਾਈ ਜੱਜ ਨਿਯੁਕਤ।
*2005 : ਗੁਹਾਟੀ ਹਾਈ ਕੋਰਟ ਦੇ ਚੀਫ਼ ਜਸਟਿਸ ਬਣੇ।
*2007 : ਸੁਪਰੀਮ ਕੋਰਟ ਦੇ ਜੱਜ ਨਿਯੁਕਤ।
*2011 : ਨਿਆਂ ਪਾਲਿਕਾ ਤੋਂ ਸੇਵਾਮੁਕਤ।
ਜਸਟਿਸ ਰੈਡੀ ਆਪਣੇ ਨਿਰਭੀਕ ਫ਼ੈਸਲਿਆਂ ਅਤੇ ਗਰੀਬਾਂ ਲਈ ਹਮੇਸ਼ਾ ਖੜ੍ਹੇ ਰਹਿਣ ਕਾਰਨ ਲੋਕਾਂ ਵਿੱਚ ਵੱਡੀ ਇੱਜ਼ਤ ਰੱਖਦੇ ਹਨ।