ਮੁਹਾਲੀ : ਮੁਹਾਲੀ ਦੇ ਫੇਜ਼-8 ਵਿਖੇ ਸਥਿਤ ਐਚ.ਡੀ.ਐਫ.ਸੀ. ਬੈਂਕ ਵਿੱਚ ਮੰਗਲਵਾਰ ਦੁਪਹਿਰ ਹੋਈ ਦਹਿਲਾ ਦੇਣ ਵਾਲੀ ਘਟਨਾ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ। ਇਮੀਗ੍ਰੇਸ਼ਨ ਦਫ਼ਤਰ ਚਲਾਉਂਦੇ ਰਾਜਬੀਰ ਸਿੰਘ ਨਾਮਕ ਵਿਅਕਤੀ ਨੇ ਬੈਂਕ ਦੀ ਸ਼ਾਖਾ ਅੰਦਰ ਖੁਦ ਨੂੰ ਗੋਲੀ ਮਾਰ ਕੇ ਜੀਵਨਲੀਲ੍ਹਾ ਸਮਾਪਤ ਕਰ ਲਈ। ਇਸ ਘਟਨਾ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਏਆਈਜੀ ਗੁਰਜੋਤ ਕਲੇਰ ਸਮੇਤ ਹੋਰ ਚਾਰ ਲੋਕਾਂ ਖ਼ਿਲਾਫ਼ ਥਾਣਾ ਫੇਜ਼-8 ਵਿੱਚ ਗੰਭੀਰ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ।
ਮ੍ਰਿਤਕ ਮੋਗਾ ਦਾ ਰਹਿਣ ਵਾਲਾ, ਇਮੀਗ੍ਰੇਸ਼ਨ ਦਫ਼ਤਰ ਚਲਾਉਂਦਾ ਸੀ
ਮ੍ਰਿਤਕ ਦੀ ਪਹਿਚਾਣ ਰਾਜਬੀਰ ਸਿੰਘ ਵਜੋਂ ਹੋਈ ਹੈ, ਜੋ ਕਿ ਅਸਲ ਵਿੱਚ ਮੋਗਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਉਹ ਪਿਛਲੇ ਕਾਫ਼ੀ ਸਮੇਂ ਤੋਂ ਫੇਜ਼-11 ਅਤੇ ਸੈਕਟਰ-82 ਵਿੱਚ ਇਮੀਗ੍ਰੇਸ਼ਨ ਦਫ਼ਤਰ ਚਲਾਂਦਾ ਸੀ। ਪੁਲਿਸ ਨੂੰ ਜਾਂਚ ਦੌਰਾਨ ਉਸਦਾ ਇੱਕ ਵੀਡੀਓ ਸੁਨੇਹਾ ਅਤੇ ਇੱਕ ਸੁਸਾਈਡ ਨੋਟ ਹੱਥ ਲੱਗਾ ਹੈ, ਜਿਸ ਵਿੱਚ ਉਸ ਨੇ ਏਆਈਜੀ ਗੁਰਜੋਤ ਕਲੇਰ ਅਤੇ ਕੁਝ ਹੋਰ ਲੋਕਾਂ ਵੱਲ ਇਲਜ਼ਾਮ ਲਗਾਏ ਹਨ। ਇਨ੍ਹਾਂ ਸਬੂਤਾਂ ਦੇ ਆਧਾਰ ‘ਤੇ ਹੀ ਏਆਈਜੀ ਕਲੇਰ ਸਮੇਤ ਹੋਰਾਂ ਖ਼ਿਲਾਫ਼ ਬੀ.ਐਨ.ਐਸ. ਦੀ ਧਾਰਾ 108 ਅਤੇ 61(2) ਅਧੀਨ ਕੇਸ ਦਰਜ ਕੀਤਾ ਗਿਆ ਹੈ।
ਕਿਵੇਂ ਵਾਪਰੀ ਘਟਨਾ?
ਮੰਗਲਵਾਰ ਨੂੰ ਦੁਪਹਿਰ ਕਰੀਬ ਰਾਜਬੀਰ ਸਿੰਘ ਐਚ.ਡੀ.ਐਫ.ਸੀ. ਬੈਂਕ ਦੀ ਸ਼ਾਖਾ ਵਿੱਚ ਪਹੁੰਚਿਆ। ਬੈਂਕ ਦੇ ਲੋਨ ਵਿਭਾਗ, ਜੋ ਪਹਿਲੀ ਮੰਜ਼ਿਲ ‘ਤੇ ਸਥਿਤ ਹੈ, ਉੱਥੇ ਜਾਣ ਤੋਂ ਬਾਅਦ ਉਹ ਬਾਥਰੂਮ ਵਿੱਚ ਦਾਖਲ ਹੋਇਆ। ਕੁਝ ਸਮੇਂ ਬਾਅਦ ਉੱਥੇ ਗੋਲੀ ਚੱਲਣ ਦੀ ਤਿੱਖੀ ਆਵਾਜ਼ ਸੁਣਾਈ ਦਿੱਤੀ, ਜਿਸ ਨਾਲ ਬੈਂਕ ਅੰਦਰ ਹਫੜਾ-ਦਫੜੀ ਮਚ ਗਈ। ਜਦੋਂ ਕਰਮਚਾਰੀਆਂ ਨੇ ਵਾਸ਼ਰੂਮ ਦਾ ਦਰਵਾਜ਼ਾ ਤੋੜਿਆ, ਤਾਂ ਅੰਦਰ ਖੂਨ ਨਾਲ ਲੱਥਪਥ ਰਾਜਬੀਰ ਦੀ ਲਾਸ਼ ਪਈ ਸੀ।
ਪੁਲਿਸ ਦੀ ਤੁਰੰਤ ਕਾਰਵਾਈ
ਸੂਚਨਾ ਮਿਲਣ ਤੋਂ ਬਾਅਦ ਪੁਲਿਸ ਕੰਟਰੋਲ ਰੂਮ ਨੂੰ ਅਲਰਟ ਕੀਤਾ ਗਿਆ। ਥਾਣਾ ਫੇਜ਼-8 ਦੇ ਐਸਐਚਓ ਸਤਨਾਮ ਸਿੰਘ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ। ਪੁਲਿਸ ਨੇ ਘਟਨਾ ਸਥਾਨ ਤੋਂ ਰਿਵਾਲਵਰ ਵੀ ਬਰਾਮਦ ਕਰ ਲਿਆ ਹੈ ਅਤੇ ਇਸਦੀ ਮਲਕੀਅਤ ਬਾਰੇ ਜਾਂਚ ਜਾਰੀ ਹੈ ਕਿ ਕੀ ਇਹ ਰਾਜਬੀਰ ਦੇ ਨਾਮ ‘ਤੇ ਹੀ ਰਜਿਸਟਰਡ ਸੀ ਜਾਂ ਨਹੀਂ।
ਕਿਉਂ ਕੀਤੀ ਬੈਂਕ ਵਿੱਚ ਖੁਦਕੁਸ਼ੀ?
ਇਹ ਸਵਾਲ ਅਜੇ ਵੀ ਜਾਂਚ ਦੇ ਘੇਰੇ ਵਿੱਚ ਹੈ ਕਿ ਰਾਜਬੀਰ ਸਿੰਘ ਨੇ ਖੁਦਕੁਸ਼ੀ ਲਈ ਬੈਂਕ ਨੂੰ ਹੀ ਕਿਉਂ ਚੁਣਿਆ। ਪੁਲਿਸ ਵੱਲੋਂ ਇਹ ਵੀ ਜਾਂਚਿਆ ਜਾ ਰਿਹਾ ਹੈ ਕਿ ਕੀ ਉਸਦਾ ਕਿਸੇ ਬੈਂਕ ਅਧਿਕਾਰੀ ਨਾਲ ਕੋਈ ਵਿਵਾਦ ਸੀ ਜਾਂ ਕਰਜ਼ੇ ਸਬੰਧੀ ਉਸਦੀ ਕੋਈ ਅਰਜ਼ੀ ਲਟਕੀ ਹੋਈ ਸੀ।
ਅਗਲੀ ਜਾਂਚ ਜਾਰੀ
ਐਸਐਚਓ ਸਤਨਾਮ ਸਿੰਘ ਨੇ ਦੱਸਿਆ ਕਿ ਫਿਲਹਾਲ ਸਾਰੇ ਤੱਥਾਂ ਨੂੰ ਧਿਆਨ ਵਿੱਚ ਰੱਖ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵੀਡੀਓ ਅਤੇ ਸੁਸਾਈਡ ਨੋਟ ਵਿਚ ਦਰਜ ਬਿਆਨਾਂ ਨੂੰ ਵੀ ਮਾਮਲੇ ਵਿੱਚ ਮੁੱਖ ਸਬੂਤ ਵਜੋਂ ਦੇਖਿਆ ਜਾ ਰਿਹਾ ਹੈ। ਪੁਲਿਸ ਵੱਲੋਂ ਸਾਰੀਆਂ ਸੰਭਾਵਨਾਵਾਂ ‘ਤੇ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।