ਪੰਜਾਬ ਵਿੱਚ ਲਗਾਤਾਰ ਹੋ ਰਹੀ ਭਾਰੀ ਬਰਸਾਤ ਅਤੇ ਹੜ੍ਹਾਂ ਦੇ ਮੱਦੇਨਜ਼ਰ ਜਿੱਥੇ ਸਰਕਾਰ ਨੇ ਸਕੂਲਾਂ ਵਿੱਚ ਕੁਝ ਦਿਨਾਂ ਦੀ ਛੁੱਟੀ ਐਲਾਨੀ ਸੀ, ਉੱਥੇ ਹੀ ਹੁਣ ਸਰਕਾਰ ਵੱਲੋਂ 9 ਸਤੰਬਰ ਤੋਂ ਦੁਬਾਰਾ ਸਕੂਲ ਖੋਲ੍ਹਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਐਲਾਨ ਦੇ ਅਧਾਰ ’ਤੇ ਅੱਜ ਪੰਜਾਬ ਭਰ ਦੇ ਵੱਡੇ ਹਿੱਸੇ ਵਿੱਚ ਸਕੂਲਾਂ ਨੂੰ ਖੋਲ੍ਹ ਦਿੱਤਾ ਗਿਆ। ਪਰ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਖੇਤਰਾਂ ਵਿੱਚ ਸਥਿਤ ਕਈ ਸਕੂਲਾਂ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੈ ਕਿ ਇੱਥੇ ਕਲਾਸਾਂ ਮੁੜ ਸ਼ੁਰੂ ਕਰਨਾ ਹੁਣੇ ਸੰਭਵ ਨਹੀਂ ਦਿਸਦਾ।
ਖ਼ਾਸ ਕਰਕੇ ਤਹਿਸੀਲ ਡੇਰਾ ਬਾਬਾ ਨਾਨਕ ਦੇ ਪਿੰਡ ਰੱਤਾ ਅਬਦਾਲ ਵਿੱਚ ਸਥਿਤ ਸਰਕਾਰੀ ਹਾਈ ਸਕੂਲ ਦੀ ਮਿਸਾਲ ਲੈ ਲਈ ਜਾਵੇ ਤਾਂ ਹੜ੍ਹ ਪਾਣੀ ਕਾਰਨ ਇੱਥੇ ਹਾਲਾਤ ਬੇਹੱਦ ਹੀ ਨਾਜ਼ੁਕ ਬਣੇ ਹੋਏ ਹਨ। ਸਕੂਲ ਦੇ ਕਮਰਿਆਂ, ਮੈਦਾਨਾਂ ਅਤੇ ਰਿਕਾਰਡ ਰੱਖਣ ਵਾਲੀਆਂ ਥਾਵਾਂ ਵਿੱਚ ਪਾਣੀ ਅਤੇ ਗਾਰ ਭਰ ਜਾਣ ਕਰਕੇ ਬੇਹੱਦ ਨੁਕਸਾਨ ਹੋਇਆ ਹੈ।
ਸਕੂਲ ਦੇ ਪ੍ਰਿੰਸੀਪਲ ਸਫੀ ਕੁਮਾਰ ਅਤੇ ਸਟਾਫ ਮੈਂਬਰ ਜਸਪਾਲ ਕੁੰਡਲ ਨੇ ਦੱਸਿਆ ਕਿ ਹੜ੍ਹ ਪਾਣੀ ਨਾਲ ਸਕੂਲ ਦੇ ਕਾਗਜ਼ੀ ਰਿਕਾਰਡ, ਫਰਨੀਚਰ ਅਤੇ ਹੋਰ ਸਾਮਾਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਫਾਈ ਦੀ ਹਾਲਤ ਵੀ ਬਹੁਤ ਮਾੜੀ ਹੈ। ਕਈ ਕਲਾਸਰੂਮਾਂ ਵਿੱਚ ਅਜੇ ਵੀ ਪਾਣੀ ਖੜ੍ਹਾ ਹੈ ਅਤੇ ਜਿੱਥੇ ਪਾਣੀ ਵਾਪਸ ਖਿੱਚ ਗਿਆ ਹੈ ਉੱਥੇ ਗਾਰ ਦੀ ਮੋਟੀ ਪਰਤ ਜਮ ਗਈ ਹੈ। ਇਸ ਕਰਕੇ ਆਉਣ ਵਾਲੇ ਪੰਜ ਤੋਂ ਸੱਤ ਦਿਨਾਂ ਤੱਕ ਬੱਚਿਆਂ ਲਈ ਸਕੂਲ ਵਿੱਚ ਪੜ੍ਹਾਈ ਕਰਨਾ ਬਿਲਕੁਲ ਅਸੰਭਵ ਬਣਿਆ ਹੋਇਆ ਹੈ।
ਸਟਾਫ ਮੈਂਬਰਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਸਰਕਾਰ ਵੱਲੋਂ ਅਜੇ ਤੱਕ ਕੋਈ ਖ਼ਾਸ ਸਹਾਇਤਾ ਨਹੀਂ ਮਿਲੀ। ਸਕੂਲਾਂ ਵਿੱਚ ਸਫਾਈ ਕਰਨ ਲਈ ਸਟਾਫ ਆਪਣੇ ਪੈਸੇ ਖਰਚ ਕਰ ਰਿਹਾ ਹੈ ਤਾਂ ਜੋ ਜਲਦੀ ਤੋਂ ਜਲਦੀ ਬੱਚਿਆਂ ਲਈ ਕਲਾਸਰੂਮ ਤਿਆਰ ਹੋ ਸਕਣ। ਪਰ ਹਾਲਾਤ ਇੰਨੇ ਖਰਾਬ ਹਨ ਕਿ ਇੱਕ-ਅੱਧ ਦਿਨ ਵਿੱਚ ਸਾਰੀ ਸਫਾਈ ਸੰਭਵ ਨਹੀਂ।
ਇਹ ਹਾਲਾਤ ਸਿਰਫ ਰੱਤਾ ਅਬਦਾਲ ਸਕੂਲ ਤੱਕ ਸੀਮਿਤ ਨਹੀਂ ਹਨ, ਬਲਕਿ ਗੁਰਦਾਸਪੁਰ ਦੇ ਹੋਰ ਸਰਹੱਦੀ ਖੇਤਰਾਂ ਦੇ ਕਈ ਸਕੂਲਾਂ ਵਿੱਚ ਵੀ ਇਸੇ ਤਰ੍ਹਾਂ ਦੀ ਸਥਿਤੀ ਪਾਈ ਜਾ ਰਹੀ ਹੈ। ਥਾਂ-ਥਾਂ ’ਤੇ ਪਾਣੀ ਖੜ੍ਹਾ ਹੋਣ ਕਾਰਨ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਵੀ ਵੱਡਾ ਮੁੱਦਾ ਬਣ ਗਈ ਹੈ। ਮਾਪੇ ਵੀ ਚਿੰਤਿਤ ਹਨ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਬੱਚੇ ਇਨ੍ਹਾਂ ਗੰਦਗੀ ਭਰੇ ਮਾਹੌਲ ਵਿੱਚ ਸਕੂਲ ਆਉਣ।
ਸਿੱਖਿਆ ਵਿਭਾਗ ਸਾਹਮਣੇ ਵੱਡੀ ਚੁਣੌਤੀ ਇਹ ਹੈ ਕਿ ਹੜ੍ਹ ਮਗਰੋਂ ਤਬਾਹ ਹੋ ਚੁੱਕੇ ਸਕੂਲਾਂ ਨੂੰ ਕਿੰਨੇ ਸਮੇਂ ਵਿੱਚ ਦੁਬਾਰਾ ਨਾਰਮਲ ਕੀਤਾ ਜਾ ਸਕੇਗਾ। ਜੇ ਸਫਾਈ ਅਤੇ ਮੁਰੰਮਤ ਦਾ ਕੰਮ ਤੇਜ਼ੀ ਨਾਲ ਨਹੀਂ ਹੋਇਆ ਤਾਂ ਹਜ਼ਾਰਾਂ ਬੱਚਿਆਂ ਦੀ ਪੜ੍ਹਾਈ ਲੰਮੇ ਸਮੇਂ ਲਈ ਪ੍ਰਭਾਵਿਤ ਹੋ ਸਕਦੀ ਹੈ।