ਅਕਸਰ ਕਿਹਾ ਜਾਂਦਾ ਹੈ ਕਿ ਇੰਟਰਨੈੱਟ ਸਿਰਫ਼ ਜਾਣਕਾਰੀ ਦਾ ਸਾਧਨ ਹੈ, ਪਰ ਅਮਰੀਕਾ ਵਿੱਚ ਵਾਪਰੀ ਇੱਕ ਹੈਰਾਨੀਜਨਕ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਤਕਨਾਲੋਜੀ ਨੂੰ ਸਮੇਂ ਤੇ ਤੇ ਸਹੀ ਢੰਗ ਨਾਲ ਵਰਤਿਆ ਜਾਵੇ ਤਾਂ ਇਹ ਕਿਸੇ ਦੀ ਜ਼ਿੰਦਗੀ ਵੀ ਬਚਾ ਸਕਦੀ ਹੈ। ਇਹ ਕਹਾਣੀ 6 ਸਾਲਾ ਵਿਟਨ ਡੈਨੀਅਲ ਅਤੇ ਉਸਦੀ ਹਿੰਮਤੀ ਮਾਂ ਕੈਸੀ ਡੈਨੀਅਲ ਦੀ ਹੈ, ਜਿਸ ਨੇ ਗੂਗਲ ਸਰਚ ਦੀ ਮਦਦ ਨਾਲ ਆਪਣੇ ਪੁੱਤਰ ਨੂੰ ਨਵੀਂ ਜ਼ਿੰਦਗੀ ਦੇ ਦਿੱਤੀ।
ਅਚਾਨਕ ਵਿਗੜੀ ਤਬੀਅਤ, ਡਾਕਟਰਾਂ ਨੇ ਦੱਸਿਆ ਸਿਰਫ਼ ਫਲੂ
ਨਿਊਯਾਰਕ ਪੋਸਟ ਅਨੁਸਾਰ, ਅਪ੍ਰੈਲ ਮਹੀਨੇ ਵਿੱਚ ਵਿਟਨ ਨੂੰ ਅਚਾਨਕ ਸਿਰ ਦਰਦ ਤੇ ਚੱਕਰ ਆਉਣ ਲੱਗੇ। ਹਾਲਤ ਗੰਭੀਰ ਹੋਣ ‘ਤੇ ਉਸਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ। ਸ਼ੁਰੂਆਤੀ ਜਾਂਚਾਂ ਦੇ ਬਾਅਦ ਡਾਕਟਰਾਂ ਨੇ ਇਸਨੂੰ ਸਧਾਰਣ ਫਲੂ ਕਰਾਰ ਦਿੱਤਾ। ਪਰ 24 ਘੰਟਿਆਂ ਦੇ ਅੰਦਰ ਹੀ ਵਿਟਨ ਦੀ ਹਾਲਤ ਬੇਹੱਦ ਖ਼ਰਾਬ ਹੋ ਗਈ। ਉਹ ਬੋਲਣ ਤੇ ਹਿੱਲਣ-ਜੁੱਲਣ ਤੋਂ ਅਸਮਰੱਥ ਹੋ ਗਿਆ ਅਤੇ ਕੁਝ ਸਮੇਂ ਬਾਅਦ ਬੇਹੋਸ਼ ਹੋ ਗਿਆ। ਮਾਮਲੇ ਦੀ ਗੰਭੀਰਤਾ ਦੇਖਦੇ ਹੋਏ ਡਾਕਟਰਾਂ ਨੇ ਪਰਿਵਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਬੱਚਾ ਬਚ ਵੀ ਗਿਆ ਤਾਂ ਉਹ ਕਦੇ ਤੁਰ ਨਹੀਂ ਸਕੇਗਾ ਅਤੇ ਸਾਰੀ ਉਮਰ ਵੈਂਟੀਲੇਟਰ ਤੇ ਫੀਡਿੰਗ ਟਿਊਬ ‘ਤੇ ਨਿਰਭਰ ਰਹੇਗਾ।
ਗੂਗਲ ਸਰਚ ਨੇ ਖੋਲ੍ਹਿਆ ਉਮੀਦ ਦਾ ਰਾਹ
ਹਰ ਪਾਸੇ ਤੋਂ ਹਾਰ ਮੰਨਣ ਤੋਂ ਬਾਅਦ ਵੀ ਵਿਟਨ ਦੀ ਮਾਂ ਕੈਸੀ ਨੇ ਹਿੰਮਤ ਨਹੀਂ ਹਾਰੀ। ਉਸਨੇ ਗੂਗਲ ਸਰਚ ਰਾਹੀਂ ਆਪਣੇ ਪੁੱਤਰ ਦੀ ਬਿਮਾਰੀ ਬਾਰੇ ਖੋਜ ਸ਼ੁਰੂ ਕੀਤੀ। ਖੋਜ ਦੌਰਾਨ ਉਸਨੂੰ ਯੂਟੀਹੈਲਥ ਹਿਊਸਟਨ ਦੇ ਪ੍ਰਸਿੱਧ ਨਿਊਰੋਸਰਜਨ ਡਾ. ਜੈਕ ਮੋਰਕੋਸ ਬਾਰੇ ਇੱਕ ਲੇਖ ਮਿਲਿਆ, ਜੋ ਕੈਵਰਨਸ ਮੈਲਫਾਰਮੇਸ਼ਨ (Cavernous Malformation) ਨਾਮਕ ਦੁਰਲੱਭ ਦਿਮਾਗੀ ਬਿਮਾਰੀ ਦੇ ਮਾਹਰ ਹਨ। ਇਹੀ ਬਿਮਾਰੀ ਵਿਟਨ ਨੂੰ ਸੀ। ਕੈਸੀ ਨੇ ਤੁਰੰਤ ਡਾ. ਮੋਰਕੋਸ ਨੂੰ ਈਮੇਲ ਕਰਕੇ ਮਦਦ ਦੀ ਬੇਨਤੀ ਕੀਤੀ।
ਸਫਲ ਸਰਜਰੀ ਨਾਲ ਮੁੜ ਆਈ ਜ਼ਿੰਦਗੀ
ਡਾ. ਮੋਰਕੋਸ ਨੇ ਈਮੇਲ ਪੜ੍ਹਦੇ ਹੀ ਜਵਾਬ ਦਿੱਤਾ ਅਤੇ ਵਿਟਨ ਨੂੰ ਹਿਊਸਟਨ ਲਿਆਂਦੇ ਜਾਣ ਦੀ ਸਲਾਹ ਦਿੱਤੀ। ਉੱਥੇ ਡਾ. ਮੋਰਕੋਸ ਅਤੇ ਬਾਲ ਰੋਗ ਵਿਸ਼ੇਸ਼ਗਿਆ ਡਾ. ਮਨੀਸ਼ ਸ਼ਾਹ ਦੀ ਟੀਮ ਨੇ ਚਾਰ ਘੰਟਿਆਂ ਦੀ ਇੱਕ ਜਟਿਲ ਸਰਜਰੀ ਕੀਤੀ। ਇਸ ਸਰਜਰੀ ਤੋਂ ਬਾਅਦ ਵਿਟਨ ਹੌਲੀ-ਹੌਲੀ ਸੁਧਾਰ ਦੇ ਰਾਹ ‘ਤੇ ਆਇਆ ਅਤੇ ਕੁਝ ਹੀ ਦਿਨਾਂ ਵਿੱਚ ਉਸਨੇ ਮੁੜ ਬੋਲਣਾ ਅਤੇ ਹਿੱਲਣਾ-ਜੁੱਲਣਾ ਸ਼ੁਰੂ ਕਰ ਦਿੱਤਾ। ਜਿਸ ਬਿਮਾਰੀ ਨੂੰ ਸ਼ੁਰੂ ਵਿੱਚ ਸਧਾਰਣ ਫਲੂ ਸਮਝਿਆ ਜਾ ਰਿਹਾ ਸੀ, ਉਹ ਇੱਕ ਗੰਭੀਰ ਦਿਮਾਗੀ ਰੋਗ ਨਿਕਲਿਆ।
ਤਕਨਾਲੋਜੀ ਦਾ ਜਿੰਦਗੀ ਬਚਾਉਂਦਾ ਚਿਹਰਾ
ਇਹ ਮਾਮਲਾ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਹ ਸਾਬਤ ਕਰਦਾ ਹੈ ਕਿ ਇੰਟਰਨੈੱਟ ਅਤੇ ਤਕਨਾਲੋਜੀ, ਜੇਕਰ ਸਹੀ ਤਰੀਕੇ ਨਾਲ ਵਰਤੀ ਜਾਵੇ, ਤਾਂ ਜਿੰਦਗੀਆਂ ਬਚਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਵਿਟਨ ਦੀ ਮਾਂ ਦੀ ਸੂਝਬੂਝ ਅਤੇ ਗੂਗਲ ਸਰਚ ਦੀ ਮਦਦ ਨਾ ਹੁੰਦੀ ਤਾਂ ਸ਼ਾਇਦ ਇਹ ਕਹਾਣੀ ਇੱਕ ਦੁੱਖਦਾਈ ਅੰਤ ਨਾਲ ਖਤਮ ਹੁੰਦੀ।
ਇਸ ਘਟਨਾ ਨੇ ਨਾ ਸਿਰਫ਼ ਲੋਕਾਂ ਨੂੰ ਹੈਰਾਨ ਕੀਤਾ ਹੈ, ਬਲਕਿ ਤਕਨਾਲੋਜੀ ਦੀ ਅਸਲ ਤਾਕਤ ਨੂੰ ਵੀ ਦੁਨੀਆ ਸਾਹਮਣੇ ਰੱਖ ਦਿੱਤਾ ਹੈ।