ਚੰਡੀਗੜ੍ਹ – ਪੰਜਾਬੀ ਫਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਦਾ 22 ਅਗਸਤ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਅਚਾਨਕ ਬਿਛੋੜੇ ਨਾਲ ਫਿਲਮ ਇੰਡਸਟਰੀ, ਸਮਾਜਿਕ ਵਰਗਾਂ ਅਤੇ ਰਾਜਨੀਤਿਕ ਖੇਤਰ ਵਿਚ ਗਹਿਰਾ ਦੁੱਖ ਛਾਇਆ ਹੋਇਆ ਹੈ। ਜਸਵਿੰਦਰ ਭੱਲਾ ਦੀ ਯਾਦ ਵਿੱਚ ਨਮਿਤ ਭੋਗ ਅਤੇ ਅੰਤਿਮ ਅਰਦਾਸ ਦੀ ਰਸਮ ਗੁਰੂਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਸੈਕਟਰ 34-ਸੀ ਚੰਡੀਗੜ੍ਹ ਵਿਖੇ ਸੰਪੰਨ ਹੋਵੇਗੀ। ਇਸ ਸਮਾਗਮ ਵਿੱਚ ਫਿਲਮੀ ਸਰਕਲ ਦੇ ਨਾਲ-ਨਾਲ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਹਸਤੀਆਂ ਵੀ ਸ਼ਾਮਲ ਹੋਣਗੀਆਂ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਨਗੀਆਂ। ਵੱਡੀ ਗਿਣਤੀ ਵਿੱਚ ਲੋਕਾਂ ਦੇ ਇਕੱਠ ਦੀ ਸੰਭਾਵਨਾ ਦੇ ਮੱਦੇਨਜ਼ਰ ਪੁਲਿਸ ਵੱਲੋਂ ਖ਼ਾਸ ਪ੍ਰਬੰਧ ਕੀਤੇ ਗਏ ਹਨ।
ਬਿਮਾਰੀ ਕਾਰਨ ਜਿੰਦਗੀ ਦੀ ਜੰਗ ਹਾਰ ਗਏ
ਖ਼ਬਰਾਂ ਅਨੁਸਾਰ, ਜਸਵਿੰਦਰ ਭੱਲਾ ਨੂੰ ਕੁਝ ਦਿਨ ਪਹਿਲਾਂ ਬ੍ਰੇਨ ਸਟ੍ਰੋਕ ਆਇਆ ਸੀ। ਤੁਰੰਤ ਉਨ੍ਹਾਂ ਨੂੰ ਮੋਹਾਲੀ ਦੇ ਫੌਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਪੂਰੀ ਕੋਸ਼ਿਸ਼ ਕੀਤੀ, ਪਰ ਖੂਨ ਬਹੁਤ ਵਹਿ ਜਾਣ ਕਾਰਨ ਉਨ੍ਹਾਂ ਦੀ ਹਾਲਤ ਨਾਜ਼ੁਕ ਬਣ ਗਈ। ਇਲਾਜ ਜਾਰੀ ਰਿਹਾ ਪਰ ਅਖ਼ਿਰਕਾਰ 22 ਅਗਸਤ ਨੂੰ ਸਵੇਰੇ ਤਕਰੀਬਨ 4 ਵਜੇ ਉਨ੍ਹਾਂ ਨੇ ਆਖ਼ਰੀ ਸਾਹ ਲਏ। ਇਸ ਤੋਂ ਬਾਅਦ 23 ਅਗਸਤ ਨੂੰ ਦੁਪਹਿਰ 1 ਵਜੇ ਮੋਹਾਲੀ ਦੇ ਬਲੌਂਗੀ ਸਮਸ਼ਾਨਘਾਟ ਵਿੱਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ, ਜਿੱਥੇ ਹਜ਼ਾਰਾਂ ਪ੍ਰਸ਼ੰਸਕ ਤੇ ਸਾਥੀ ਕਲਾਕਾਰਾਂ ਨੇ ਰੋ-ਰੋ ਕੇ ਉਨ੍ਹਾਂ ਨੂੰ ਵਿਦਾਈ ਦਿੱਤੀ।
ਜਨਮ ਤੇ ਸਿੱਖਿਆ
ਜਸਵਿੰਦਰ ਭੱਲਾ ਦਾ ਜਨਮ 4 ਮਈ, 1960 ਨੂੰ ਲੁਧਿਆਣਾ ਦੇ ਦੋਰਾਹਾ ਵਿੱਚ ਹੋਇਆ ਸੀ। ਉਹ ਪੜ੍ਹਾਈ ਵਿੱਚ ਕਾਬਲ ਰਹੇ ਅਤੇ ਬਾਅਦ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਵਿੱਚ ਪ੍ਰੋਫੈਸਰ ਵਜੋਂ ਆਪਣੀ ਸੇਵਾ ਨਿਭਾਉਂਦੇ ਰਹੇ। ਯੂਨੀਵਰਸਿਟੀ ਦੇ ਬ੍ਰਾਂਡ ਅੰਬੈਸਡਰ ਵਜੋਂ ਉਨ੍ਹਾਂ ਨੇ ਖੇਤੀਬਾੜੀ ਨਾਲ ਸੰਬੰਧਿਤ ਨਵੀਆਂ ਤਕਨੀਕਾਂ ਅਤੇ ਗਿਆਨ ਕਿਸਾਨਾਂ ਤੱਕ ਪਹੁੰਚਾਉਣ ਲਈ ਅਹਿਮ ਯੋਗਦਾਨ ਪਾਇਆ। ਉਹ ਕਿਸਾਨ ਭਾਈਚਾਰੇ ਨਾਲ ਹਮੇਸ਼ਾ ਜੁੜੇ ਰਹੇ ਅਤੇ ਖੇਤੀਬਾੜੀ ਸੰਬੰਧੀ ਜਾਗਰੂਕਤਾ ਵਧਾਉਣ ਲਈ ਕਈ ਮੁਹਿੰਮਾਂ ਦਾ ਹਿੱਸਾ ਬਣੇ।
ਕਲਾ ਅਤੇ ਫਿਲਮੀ ਯਾਤਰਾ
ਜਸਵਿੰਦਰ ਭੱਲਾ ਨੇ ਆਪਣੇ ਕਲਾਤਮਕ ਕਰੀਅਰ ਦੀ ਸ਼ੁਰੂਆਤ 1988 ਵਿੱਚ ਛਣਕਟਾ 88 ਨਾਲ ਕੀਤੀ, ਜਿੱਥੇ ਉਹ ਇੱਕ ਕਾਮੇਡੀਅਨ ਵਜੋਂ ਲੋਕਾਂ ਦੇ ਦਿਲਾਂ ਵਿੱਚ ਵੱਸ ਗਏ। ਇਸ ਤੋਂ ਬਾਅਦ ਉਹ ਪੰਜਾਬੀ ਸਿਨੇਮਾ ਦੇ ਸੁਪਰਹਿੱਟ ਕਾਮੇਡੀਅਨ ਵਜੋਂ ਜਾਣੇ ਜਾਣ ਲੱਗੇ। ਫਿਲਮ “ਦੁੱਲਾ ਭੱਟੀ” ਨਾਲ ਉਨ੍ਹਾਂ ਨੇ ਐਕਟਿੰਗ ਜਗਤ ਵਿੱਚ ਕਦਮ ਰੱਖਿਆ ਅਤੇ ਫਿਰ ਮੁੜ ਮੁੜ ਪੰਜਾਬੀ ਫਿਲਮਾਂ ਦੇ ਹਾਸਰਸ ਪਾਤਰਾਂ ਦਾ ਅਟੁੱਟ ਹਿੱਸਾ ਬਣ ਗਏ। ਉਨ੍ਹਾਂ ਦੇ ਮਸ਼ਹੂਰ ਕਿਰਦਾਰ “ਚਾਚਾ ਚਤਰਾ” ਨੇ ਉਨ੍ਹਾਂ ਨੂੰ ਘਰ-ਘਰ ਵਿੱਚ ਲੋਕਪ੍ਰਿਯਤਾ ਦਵਾਈ।
ਅੱਜ ਪੰਜਾਬੀ ਫਿਲਮ ਇੰਡਸਟਰੀ ਵਿੱਚ ਸ਼ਾਇਦ ਹੀ ਕੋਈ ਅਜਿਹੀ ਫਿਲਮ ਹੋਵੇ ਜਿਸ ਵਿੱਚ ਜਸਵਿੰਦਰ ਭੱਲਾ ਦੀ ਹਾਜ਼ਰੀ ਨਾ ਰਹੀ ਹੋਵੇ। ਉਹਨਾਂ ਦੀ ਕਾਮੇਡੀ ਲੜੀ ਛਣਕਟਾ ਨੇ ਵੀ ਲੋਕਾਂ ਦੇ ਦਿਲਾਂ ਵਿੱਚ ਖ਼ਾਸ ਥਾਂ ਬਣਾਈ।
ਮਨੋਰੰਜਨ ਜਗਤ ਵਿੱਚ ਖਾਲੀਪਨ
ਜਸਵਿੰਦਰ ਭੱਲਾ ਦੀ ਮੌਤ ਨਾਲ ਪੰਜਾਬੀ ਫਿਲਮ ਇੰਡਸਟਰੀ, ਸਟੇਜ ਕਲਾ ਅਤੇ ਹਾਸਰਸ ਜਗਤ ਵਿੱਚ ਵੱਡਾ ਖਾਲੀਪਨ ਪੈ ਗਿਆ ਹੈ। ਸਾਥੀ ਕਲਾਕਾਰਾਂ ਦਾ ਕਹਿਣਾ ਹੈ ਕਿ ਉਹ ਸਿਰਫ਼ ਇਕ ਅਦਾਕਾਰ ਨਹੀਂ ਸਗੋਂ ਇਕ ਮਿੱਤਰਤਾ-ਪਸੰਦ, ਹੱਸਮੁਖ ਅਤੇ ਸਰਗਰਮ ਵਿਅਕਤੀ ਸਨ, ਜਿਨ੍ਹਾਂ ਨੇ ਹਮੇਸ਼ਾ ਨਵੀਂ ਪੀੜ੍ਹੀ ਦੇ ਕਲਾਕਾਰਾਂ ਨੂੰ ਪ੍ਰੇਰਿਤ ਕੀਤਾ।
Leave a Reply