ਪੰਜਾਬ ਵਿੱਚ ਹਾਲ ਹੀ ਦੀਆਂ ਭਾਰੀ ਬਾਰਿਸ਼ਾਂ ਅਤੇ ਹੜ੍ਹਾਂ ਨਾਲ ਪੈਦਾ ਹੋਏ ਸੰਕਟਮਈ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਸੂਬੇ ਦੇ ਦੌਰੇ ‘ਤੇ ਪਹੁੰਚੇ। ਦੌਰੇ ਦਾ ਮੁੱਖ ਮਕਸਦ ਹੜ੍ਹਾਂ ਕਾਰਨ ਹੋਏ ਵਿਆਪਕ ਨੁਕਸਾਨ ਦਾ ਜਾਇਜ਼ਾ ਲੈਣਾ ਅਤੇ ਸਿੱਧਾ ਪ੍ਰਭਾਵਿਤ ਲੋਕਾਂ ਨਾਲ ਸੰਪਰਕ ਕਰਨਾ ਸੀ।
ਅੰਮ੍ਰਿਤਸਰ ਪਹੁੰਚਣ ‘ਤੇ ਸਭ ਤੋਂ ਪਹਿਲਾਂ ਉਨ੍ਹਾਂ ਦੀ ਮੁਲਾਕਾਤ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਹੋਈ। ਰਾਜਪਾਲ ਨੇ ਚੌਹਾਨ ਨੂੰ ਉਹ ਵਿਸਤ੍ਰਿਤ ਰਿਪੋਰਟ ਸੌਂਪੀ ਜਿਸ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਜਾਣਕਾਰੀ ਸ਼ਾਮਲ ਸੀ।
ਇਸ ਤੋਂ ਬਾਅਦ ਕੇਂਦਰੀ ਮੰਤਰੀ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਪੰਜਾਬ ਭੇਜਿਆ ਹੈ, ਤਾਂ ਜੋ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਜ਼ਮੀਨੀ ਹਕੀਕਤ ਦਾ ਅੰਦਾਜ਼ਾ ਲਿਆ ਜਾ ਸਕੇ। ਉਨ੍ਹਾਂ ਨੇ ਭਰੋਸਾ ਦਵਾਇਆ ਕਿ ਇਸ ਮੁਸ਼ਕਲ ਵੇਲੇ ਵਿੱਚ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹੀ ਹੈ ਅਤੇ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾਵੇਗੀ।
ਅਜਨਾਲਾ ਵਿਖੇ, ਜਿੱਥੇ ਹੜ੍ਹਾਂ ਕਾਰਨ ਫਸਲਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ, ਮੰਤਰੀ ਚੌਹਾਨ ਸਿੱਧਾ ਕਿਸਾਨਾਂ ਨਾਲ ਮਿਲੇ। ਉਨ੍ਹਾਂ ਨੇ ਪ੍ਰਭਾਵਿਤ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਯੋਗ ਮੁਆਵਜ਼ੇ ਅਤੇ ਮਦਦ ਦਾ ਭਰੋਸਾ ਦਿੱਤਾ। ਇਸ ਦੌਰੇ ਦੌਰਾਨ ਕਾਂਗਰਸ ਸੰਸਦ ਮੈਂਬਰ ਗੁਰਜੀਤ ਔਜਲਾ ਅਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।
ਅਗਲੇ ਪੜਾਅ ‘ਚ ਚੌਹਾਨ ਡੇਰਾ ਬਾਬਾ ਨਾਨਕ ਪਹੁੰਚੇ। ਇੱਥੇ ਉਹ ਇਕ ਟਰੈਕਟਰ ‘ਤੇ ਸਵਾਰ ਹੋ ਕੇ ਪਿੰਡਾਂ ਵਿੱਚ ਗਏ। ਟਰੈਕਟਰ ਨੂੰ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਖੁਦ ਚਲਾ ਰਹੇ ਸਨ। ਹੜ੍ਹ ਦੇ ਪਾਣੀ ਵਿਚ ਪੈਦਲ ਉਤਰ ਕੇ ਕੇਂਦਰੀ ਮੰਤਰੀ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾ ਦੇਸ਼ ਦੀ ਸੇਵਾ ਕਰਨ ਵਿੱਚ ਅਗਵਾਈ ਕਰਦਾ ਰਿਹਾ ਹੈ ਅਤੇ ਅੱਜ ਜਦੋਂ ਇਹ ਸੂਬਾ ਹੜ੍ਹਾਂ ਵਰਗੀ ਵੱਡੀ ਆਫ਼ਤ ਦਾ ਸਾਹਮਣਾ ਕਰ ਰਿਹਾ ਹੈ, ਤਾਂ ਕੇਂਦਰ ਸਰਕਾਰ ਉਸਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਚੌਹਾਨ ਨੇ ਇਹ ਵੀ ਦੱਸਿਆ ਕਿ ਕੇਂਦਰ ਵੱਲੋਂ ਪਹਿਲਾਂ ਹੀ ਦੋ ਖ਼ਾਸ ਟੀਮਾਂ ਪੰਜਾਬ ਭੇਜੀਆਂ ਜਾ ਚੁੱਕੀਆਂ ਹਨ। ਇਹ ਟੀਮਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਿਲ ਕੇ ਖੇਤੀਬਾੜੀ, ਢਾਂਚਾਗਤ ਨੁਕਸਾਨ ਅਤੇ ਲੋਕਾਂ ਦੀ ਰਾਹਤ ਸਬੰਧੀ ਵਿਸਤ੍ਰਿਤ ਰਿਪੋਰਟ ਤਿਆਰ ਕਰਨਗੀਆਂ। ਇਹ ਰਿਪੋਰਟ ਜਲਦੀ ਹੀ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਨੂੰ ਸੌਂਪੀ ਜਾਵੇਗੀ।
ਕੇਂਦਰੀ ਮੰਤਰੀ ਦੇ ਇਸ ਦੌਰੇ ਨੇ ਨਾ ਸਿਰਫ਼ ਪ੍ਰਭਾਵਿਤ ਕਿਸਾਨਾਂ ਅਤੇ ਲੋਕਾਂ ਵਿੱਚ ਨਵੀਂ ਉਮੀਦ ਜਗਾਈ ਹੈ, ਬਲਕਿ ਇਹ ਸੰਦੇਸ਼ ਵੀ ਦਿੱਤਾ ਹੈ ਕਿ ਕੇਂਦਰ ਅਤੇ ਰਾਜ ਮਿਲ ਕੇ ਇਸ ਕੁਦਰਤੀ ਆਫ਼ਤ ਤੋਂ ਨਿਪਟਣ ਲਈ ਯੋਗਦਾਨ ਪਾਉਣਗੇ।
Leave a Reply